NDA ਵਿਚ ਤਕਰਾਰ: ਕਿਸਾਨਾਂ ਨਾਲੋਂ ਵਧ ਕੇ ਨਹੀਂ ਮੰਤਰੀ ਅਹੁਦਾ, ਕੁਰਬਾਨੀ ਲਈ ਤਿਆਰ-ਸੁਖਬੀਰ ਬਾਦਲ
ਭਾਰਤੀ ਜਨਤਾ ਪਾਰਟੀ ਦੀ ਪੁਰਾਣੀ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਦੇ ਮੁੱਦੇ ‘ਤੇ ਐਨਡੀਏ ਤੋਂ ਵੱਖ ਹੋਣ ਦੀ ਧਮਕੀ ਦਿੱਤੀ ਹੈ।
ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਦੀ ਪੁਰਾਣੀ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਦੇ ਮੁੱਦੇ ‘ਤੇ ਐਨਡੀਏ ਤੋਂ ਵੱਖ ਹੋਣ ਦੀ ਧਮਕੀ ਦਿੱਤੀ ਹੈ। ਪਾਰਟੀ ਦੇ ਮੁਖੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੰਤਰੀ ਅਹੁਦਾ ਅਤੇ ਪਾਰਟੀ ਗਠਜੋੜ ਸਾਡੇ ਲਈ ਕਿਸਾਨਾਂ ਨਾਲੋਂ ਵਧ ਕੇ ਨਹੀਂ ਹੈ। ਉਹਨਾਂ ਕਿਹਾ ਕਿ ਅਸੀਂ ਕੁਰਬਾਨੀ ਦੇ ਸਕਦੇ ਹਾਂ।
ਲਗਾਤਾਰ ਵਧਦੀਆਂ ਡੀਜ਼ਲ ਦੀਆਂ ਕੀਮਤਾਂ ‘ਤੇ ਸੁਖਬੀਰ ਬਾਦਲ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਡੀਜ਼ਲ ‘ਤੇ 10 ਰੁਪਏ ਘੱਟ ਕਰਨ ਲਈ ਤਿਆਰ ਹੈ ਤਾਂ ਉਹ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਨਾਲ ਮਿਲ ਕੇ ਟੈਕਸ ਘੱਟ ਕਰਵਾਉਣ ਲਈ ਕੇਂਦਰ ਸਰਕਾਰ ਦੇ ਖਿਲਾਫ ਦਿੱਲੀ ਵਿਚ ਧਰਨਾ ਦੇਣ ਲਈ ਤਿਆਰ ਹਨ।
ਸੁਖਬੀਰ ਬਾਦਲ ਨੇ ਕਿਹਾ ਕਿ 18 ਦਿਨਾਂ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਭਾਰੀ ਵਾਧੇ ਨਾਲ ਦੇਸ਼ ਦੀ ਅਰਥਵਿਵਸਥਾ ਡਗਮਗਾ ਗਈ ਹੈ। ਕਿਸਾਨ ਪਹਿਲਾਂ ਤੋਂ ਹੀ ਝੋਨੇ ਦੀ ਬਿਜਾਈ ਲਈ ਲੇਬਰ ਫੀਸ ਵਿਚ ਵਾਧੇ ਦੀ ਸਮੱਸਿਆ ਝੇਲ ਰਹੇ ਸੀ। ਹੁਣ ਡੀਜ਼ਲ ਦੀਆਂ ਕੀਮਤਾਂ ਵਧਣ ਨਾਲ ਉਹਨਾਂ ‘ਤੇ ਕਾਫੀ ਅਸਰ ਪਵੇਗਾ। ਇਸ ਦੇ ਲਈ ਕੇਂਦਰ ਸਰਕਾਰ ਨੂੰ ਇਸ ਮੁੱਦੇ ‘ਤੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ।
ਖੇਤੀਬਾੜੀ ਆਰਡੀਨੈਂਸ ਵਿਚ ਫਸਲਾਂ ਦੀ ਐਮਐਸਪੀ ਦੇ ਮੁੱਦੇ ‘ਤੇ ਸੁਖਬੀਰ ਬਾਦਲ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਉਹਨਾਂ ਨਾਲ ਭਰੋਸਾ ਦੇਣ ਦੇ ਬਾਵਜੂਦ ਐਮਐਸਪੀ ਅਤੇ ਖਰੀਦ ਦੇ ਭਰੋਸੇ ਨੂੰ ਖਤਮ ਕਰ ਦੇਵੇਗਾ ਤਾਂ ਅਕਾਲੀ ਦਲ ਨਾ ਗਠਜੋੜ ਦੀ ਪਰਵਾਹ ਕਰੇਗਾ ਅਤੇ ਨਾ ਹੀ ਸਰਕਾਰ ਵਿਚ ਭਾਈਵਾਲੀ ਦੀ। ਅਕਾਲੀ ਦਲ ਕਿਸੇ ਵੀ ਕੁਰਬਾਨੀ ਲਈ ਤਿਆਰ ਹੈ। ਅਸੀਂ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਦਾ ਨੁਕਸਾਨ ਨਹੀਂ ਹੋਣ ਦੇਵਾਂਗੇ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਨਾਗਰਿਕਤਾ ਸੋਧ ਕਾਨੂੰਨ ਲੈ ਕੇ ਵੀ ਅਕਾਲੀ ਦਲ ਨੇ ਭਾਜਪਾ ਵਿਰੁੱਧ ਨਰਾਜ਼ਗੀ ਜ਼ਾਹਿਰ ਕੀਤੀ ਸੀ। ਇਸ ਦੇ ਚਲਦਿਆਂ ਅਕਾਲੀ ਦਲ ਨੇ ਦਿੱਲੀ ਵਿਧਾਨ ਸਭਾ ਚੋਣਾਂ ਨਾ ਲੜਨ ਦਾ ਫੈਸਲਾ ਲਿਆ ਸੀ।