ਬਿਜਲੀ ਦੇ ਖੰਭੇ ਨਾਲ ਟਕਰਾਈ ਬੱਸ, ਸੜਕ ਕਿਨਾਰੇ ਖੜੇ ਵਿਅਕਤੀ ਦੀ ਮੌਤ
ਹਾਦਸੇ ਵਿਚ 4 ਹੋਰ ਹੋਏ ਗੰਭੀਰ ਜ਼ਖ਼ਮੀ
ਫ਼ਿਰੋਜ਼ਪੁਰ : ਜੈਤੋ ਵਿਖੇ ਬਾਜਾਖਾਨਾ ਚੌਕ ਨੇੜੇ ਸ਼ਨੀਵਾਰ ਸ਼ਾਮ ਨੂੰ ਇਕ ਨਿਜੀ ਕੰਪਨੀ ਦੀ ਬੱਸ ਬਿਜਲੀ ਦੇ ਖੰਭੇ ਨਾਲ ਟਕਰਾ ਗਈ। ਇਸ ਹਾਦਸੇ 'ਚ ਸੜਕ 'ਤੇ ਖੜ੍ਹੇ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 4 ਲੋਕ ਗੰਭੀਰ ਜ਼ਖ਼ਮੀ ਹੋ ਗਏ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਅਤੇ ਜ਼ਖ਼ਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਡਰਾਈਵਰ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸ਼ਨੀਵਾਰ ਸ਼ਾਮ ਨੂੰ ਬਠਿੰਡਾ ਤੋਂ ਇਕ ਨਿਜੀ ਕੰਪਨੀ ਦੀ ਬੱਸ ਕੋਟਕਪੂਰਾ ਵੱਲ ਜਾ ਰਹੀ ਸੀ। ਇਹ ਬਾਜਾਖਾਨਾ ਚੌਕ ਤੋਂ ਥੋੜਾ ਪਿੱਛੇ ਹੀ ਸੀ ਕਿ ਜੈਤੋ ਤੋਂ ਜਾ ਰਹੇ ਕੈਂਟਰ 'ਚ ਅੱਗੇ ਵਿਚ ਫਸ ਗਈ। ਬੱਸ ਦੀ ਤੇਜ਼ ਰਫ਼ਤਾਰ ਕਾਰਨ ਇਕਦਮ ਐਂਗਲ ਵਿਚ ਫਸਣ ਦੇ ਚਲਦੇ ਸੜਕ ਕਿਨਾਰੇ ਖੜੇ ਲੋਕਾਂ ਨੂੰ ਅਪਣੀ ਚਪੇਟ ਵਿਚ ਲੈਂਦੀ ਹੋਈ ਬੱਸ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ, ਜਿਸ ਕਾਰਨ 5 ਵਿਅਕਤੀ ਜ਼ਖ਼ਮੀ ਹੋ ਗਏ।
ਇਹ ਵੀ ਪੜ੍ਹੋ: ਚੰਦ ਮਿੰਟਾਂ 'ਚ ਅੱਗ ਦਾ ਗੋਲਾ ਬਣੀ ਬੀ.ਐਮ.ਡਬਲਯੂ.
ਦਸਿਆ ਜਾ ਰਿਹਾ ਹੈ ਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਬਿਜਲੀ ਦਾ ਖੰਭਾ ਹੇਠਾਂ ਡਿੱਗ ਗਿਆ ਅਤੇ ਬਿਜਲੀ ਦਾ ਟਰਾਂਸਫਾਰਮਰ ਵੀ ਹੇਠਾਂ ਡਿੱਗ ਕੇ ਨੁਕਸਾਨਿਆ ਗਿਆ। ਇਸ ਕਾਰਨ ਇਲਾਕੇ ਦੀ ਬਿਜਲੀ ਵੀ ਬੰਦ ਹੋ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਯੁਵਕ ਭਲਾਈ ਸਹਾਰਾ ਕਲੱਬ ਦੇ ਵਲੰਟੀਅਰ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਤੁਰਤ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ।
ਬੱਸ ਦੀ ਫੇਟ ਵੱਜਣ ਕਾਰਨ 62 ਸਾਲਾ ਸਾਧੂ ਲਛਮਣ ਸਿੰਘ ਉਰਫ਼ ਹਿੰਦੀ ਬਾਬਾ ਪੁੱਤਰ ਮੱਘਰ ਸਿੰਘ ਵਾਸੀ ਗੋਬਿੰਦਗੜ੍ਹ ਦਬੜੀਖਾਨਾ ਦੀ ਮੌਤ ਹੋ ਗਈ। ਜ਼ਖ਼ਮੀਆਂ ਵਿਚ ਸੋਨੂੰ ਪੁੱਤਰ ਬਿਹਾਰੀ ਲਾਲ ਵਾਸੀ ਜੈਤੋ, ਗੁਰਮੇਜ ਸਿੰਘ ਉਰਫ਼ ਗੇਜਾ ਪੁੱਤਰ ਕਰਮ ਸਿੰਘ ਵਾਸੀ ਵਾਲਮੀਕੀ ਕਲੋਨੀ, ਸੁਨੀਲ ਕੁਮਾਰ ਪੁੱਤਰ ਭੁੱਲਰ ਵਾਸੀ ਥਰਮਲ ਕਲੋਨੀ, ਬਠਿੰਡਾ ਅਤੇ ਰਿੰਕੂ ਪੁੱਤਰ ਮਾਲਤਾ ਰਾਮ ਵਾਸੀ ਜੈਤੋ ਸ਼ਾਮਲ ਹਨ। ਚਾਰਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਜੈਤੋ ਵਿਖੇ ਦਾਖ਼ਲ ਕਰਵਾਇਆ ਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਰੈਫ਼ਰ ਕਰ ਦਿਤਾ ਗਿਆ।