ਕਬੂਤਰਬਾਜ਼ੀ: ਪੰਜਾਬ ਭਰ 'ਚੋਂ ਸੱਭ ਤੋਂ ਵੱਧ ਕੇਸ ਦੋਆਬੇ ਦੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਭਰ 'ਚੋਂ ਦੋਆਬੇ ਵਿਚ ਵਿਦੇਸ਼ ਭੇਜਣ ਦੇ ਨਾਂ 'ਤੇ ਸੱਭ ਤੋਂ ਵੱਧ ਠਗੀ ਦੇ ਕੇਸ ਸਾਹਮਣੇ ਆਏ ਹਨ..........

Visa Fraud

ਚੰਡੀਗੜ੍ਹ : ਪੰਜਾਬ ਭਰ 'ਚੋਂ ਦੋਆਬੇ ਵਿਚ ਵਿਦੇਸ਼ ਭੇਜਣ ਦੇ ਨਾਂ 'ਤੇ ਸੱਭ ਤੋਂ ਵੱਧ ਠਗੀ ਦੇ ਕੇਸ ਸਾਹਮਣੇ ਆਏ ਹਨ। ਪਿਛਲੇ ਡੇਢ ਸਾਲ ਦੌਰਾਨ ਇਕ ਜਨਵਰੀ 2017 ਤੋਂ 30 ਜੂਨ 2018 ਤਕ ਇੰਮੀਗ੍ਰੇਸ਼ਨ ਫ਼ਰਾਡ ਦੇ 397 ਕੇਸ ਦਰਜ ਕੀਤੇ ਗਏ ਹਨ। ਦੋਆਬੇ ਵਿਚ ਚਾਰ ਜ਼ਿਲ੍ਹੇ ਜਲੰਧਰ, ਹੁਸ਼ਿਆਰਪੁਰ, ਕਪੂਰਥਲਾ ਅਤੇ ਨਵਾਂਸ਼ਹਿਰ ਪੈਂਦੇ ਹਨ ਜਦਕਿ ਦੂਜੇ 18 ਜ਼ਿਲ੍ਹਿਆਂ ਵਿਚ ਅਜਿਹੇ ਕੇਸਾਂ ਦੀ ਗਿਣਤੀ 603 ਹੈ। ਜਾਣਕਾਰੀ ਅਨੁਸਾਰ ਦੋਆਬੇ ਵਿਚ ਢਾਈ ਹਜ਼ਾਰ ਤੋਂ ਵੱਧ ਟ੍ਰੈਵਲ ਏਜੰਟ ਅਪਣੀਆਂ ਦੁਕਾਨਾਂ ਖੋਲ੍ਹੀ ਬੈਠੇ ਹਨ ਅਤੇ ਇਨ੍ਹਾਂ ਵਿਚੋਂ ਰਜਿਸਟਰਡ ਕਾਰੋਬਾਰੀਆਂ ਦੀ ਗਿਣਤੀ 528 ਹੈ।

ਉਂਜ ਜ਼ਿਲ੍ਹਾਵਾਰ ਗੱਲ ਕਰੀਏ ਤਾਂ ਸੱਭ ਤੋਂ ਵੱਧ ਕਬੂਤਰਬਾਜ਼ੀ ਦਾ ਧੰਦਾ ਮੋਹਾਲੀ ਵਿਚ ਚਲ ਰਿਹਾ ਹੈ ਜਿਥੇ 149 ਕੇਸ ਰਜਿਸਟਰਡ ਹੋ ਚੁੱਕੇ ਹਨ। ਮੋਹਾਲੀ ਵਿਚ 500 ਟ੍ਰੈਵਲ ਏਜੰਟਾਂ ਦੇ ਅੱਡੇ ਹਨ ਅਤੇ ਇਨ੍ਹਾਂ ਵਿਚੋਂ ਰਜਿਸਟਰਡ ਦੀ ਗਿਣਤੀ ਸਿਰਫ਼ 122 ਹੈ। ਵਧੀਕ ਡਾਇਰੈਕਟਰ ਜਨਰਲ ਪੁਲਿਸ ਐਨਆਰਆਈ ਵਿੰਗ ਈਸ਼ਵਰ ਸਿੰਘ ਨੇ ਰਾਜ ਭਰ ਦੇ ਜ਼ਿਲ੍ਹਾ ਮੁਖੀਆਂ ਨੂੰ ਛਾਪਾ ਮਾਰ ਕੇ ਗ਼ੈਰ-ਕਾਨੂੰਨੀ ਧੰਦਾ ਬੰਦ ਕਰਾਉਣ ਦੇ ਨਿਰਦੇਸ਼ ਦਿਤੇ ਹਨ। ਐਨਆਰਆਈ ਵਿੰਗ ਵਲੋਂ ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਸ਼ਹਿਰ ਅਤੇ ਦੇਹਾਤੀ ਵਿਚ 77 ਟ੍ਰੈਵਲ ਏਜੰਟਾਂ ਵਿਰੁਧ ਕੇਸ ਦਰਜ ਕੀਤੇ ਗਏ ਹਨ।

ਇਨ੍ਹਾਂ ਵਿਚੋਂ ਧੋਖਾਧੜੀ ਦੇ 21 ਕੇਸਾਂ ਦੀ ਗਿਣਤੀ ਵਖਰੀ ਹੈ। ਜਲੰਧਰ ਵਿਚ 72 ਟ੍ਰੈਵਲ ਏਜੰਟਾਂ ਵਿਰੁਧ ਮਨੁੱਖੀ ਤਸਕਰੀ ਅਤੇ 27 ਵਿਰੁਧ ਧੋਖਾਧੜੀ ਦੇ ਕੇਸ ਦਰਜ ਕੀਤੇ ਗਏ ਹਨ। ਲੁਧਿਆਣਾ ਜ਼ਿਲ੍ਹੇ ਵਿਚ ਇਹ ਗਿਣਤੀ 81 ਹੈ ਅਤੇ ਇਨ੍ਹਾਂ ਵਿਚੋਂ 27 ਕੇਸ ਧੋਖਾਧੜੀ ਦੇ ਹਨ। ਬਟਾਲਾ ਵਿਚ 33 ਏਜੰਟਾਂ ਵਿਰੁਧ ਕੇਸ ਦਰਜ ਕੀਤੇ ਗਏ ਹਨ ਅਤੇ ਸਾਰੇ ਆਈਪੀਸੀ ਦੀ ਧਾਰਾ 420 ਲਗਾਈ ਗਈ ਹੈ। ਬਠਿੰਡਾ ਵਿਚ ਸਿਰਫ਼ ਤਿੰਨ ਟ੍ਰੈਵਲ ਏਜੰਟਾਂ ਵਿਰੁਧ ਮਾਮਲਾ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਫ਼ਰੀਦਕੋਟ ਵਿਚ ਇਹ ਗਿਣਤੀ 14 ਹੈ।

ਫ਼ਤਿਹਗੜ ਸਾਹਿਬ ਵਿਚ 20 ਟ੍ਰੈਵਲ ਏਜੰਟਾਂ ਵਿਰੁਧ, ਫ਼ਾਜ਼ਿਲਕਾ ਵਿਚ ਇਕ, ਫ਼ਿਰੋਜ਼ਪੁਰ ਵਿਚ 29, ਗੁਰਦਾਸਪੁਰ ਵਿਚ 19, ਹੁਸ਼ਿਆਰਪੁਰ ਵਿਚ 103, ਜਲੰਧਰ ਰੂਰਲ ਵਿਚ 59 ਵਿਰੁਧ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਨ੍ਹਾਂ ਵਿਚੋਂ 40 ਵਿਰੁਧ ਧੋਖਾਧੜੀ ਦੇ ਕੇਸ ਦਰਜ ਕੀਤੇ ਗਏ ਹਨ। ਕਪੂਰਥਲਾ ਵਿਚ ਦਰਜ 55 ਕੇਸਾਂ ਵਿਚੋਂ 32 ਧੋਖਾਧੜੀ ਦੇ ਹਨ। ਖੰਨਾ ਵਿਚ 16 ਵਿਰੁਧ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਜਦਕਿ ਟ੍ਰੈਵਲ ਏਜੰਟਾਂ ਵਿਰੁਧ ਦਰਜ ਕੇਸਾਂ ਦੀ ਗਿਣਤੀ 17 ਹੈ। ਮੋਗਾ ਵਿਚ 53 ਕੇਸ ਦਰਜ ਹੋਏ ਹਨ ਜਿਨ੍ਹਾਂ ਵਿਚੋਂ 26 ਵਿਚ ਧਾਰਾ 420 ਲਗਾਈ ਗਈ ਹੈ।

ਪਠਾਨਕੋਟ ਵਿਚ 9, ਪਟਿਆਲਾ ਵਿਚ 23 ਕੇਸ ਦਰਜ ਕੀਤੇ ਗਏ ਹਨ ਅਤੇ ਇਹ ਸਾਰੇ ਮਨੁੱਖੀ ਤਸਕਰੀ ਦੇ ਹਨ। ਰੋਪੜ ਵਿਚ ਦਰਜ 28 ਕੇਸਾਂ ਵਿਚੋਂ 26 ਵਿਚ ਧਾਰਾ 420 ਲਗਾਈ ਗਈ ਹੈ। ਸੰਗਰੂਰ ਵਿਚ 23 ਕੇਸ ਧੋਖਾਧੜੀ ਦੇ ਦਰਜ ਕੀਤੇ ਗਏ ਹਨ ਜਦਕਿ ਕੁਲ 32 ਟ੍ਰੈਵਲ ਏਜੰਟਾਂ ਵਿਰੁਧ ਮਾਮਲਾ ਦਰਜ ਹੋਇਆ ਹੈ। ਸ਼ਹੀਦ ਭਗਤ ਸਿੰਘ ਨਗਰ ਵਿਚ 58 ਟ੍ਰੈਵਲ ਏਜੰਟਾਂ ਵਿਰੁਧ ਕੇਸ ਦਰਜ ਹੋਏ ਹਨ ਜਿਨ੍ਹਾਂ ਵਿਚੋਂ 57 ਕੇਸ ਧਾਰਾ 420 ਲਗਾਈ ਗਈ ਹੈ। ਤਰਨਤਾਰਨ ਵਿਚ 30 ਦੇ 30 ਕੇਸ ਧੋਖਾਧੜੀ ਦੇ ਹਨ। 

ਪੰਜਾਬ ਟ੍ਰੈਵਲ ਪ੍ਰੋਫ਼ੈਸ਼ਨਲ ਰੈਗੂਲੇਸ਼ਨ ਰੂਲਜ਼ 2013 ਤਹਿਤ ਸਾਰੇ ਟ੍ਰੈਵਲ ਏਜੰਟਾਂ ਲਈ ਰਜਿਸਟ੍ਰੇਸ਼ਨ ਲਾਜ਼ਮੀ ਕਰਵਾਈ ਗਈ ਹੈ। ਇਨ੍ਹਾਂ ਵਿਚ ਕੰਸਲਟੈਂਸ ਤੇ ਹਵਾਈ ਟਿਕਟਾਂ ਵੇਚਣ ਵਾਲੇ ਵੀ ਸ਼ਾਮਲ ਹਨ। ਪੰਜ ਸਾਲ ਤੋਂ ਕਾਰੋਬਾਰ ਚਲਾਉਣ ਵਾਲਿਆਂ ਵਾਸਤੇ ਇਕ ਲੱਖ ਫ਼ੀਸ ਰੱਖੀ ਗਈ ਹੈ। ਇਸ ਤੋਂ ਘੱਟ ਲਈ ਫ਼ੀਸ ਸਿਰਫ਼ 2500 ਰੁਪਏ ਹੈ। ਐਨਆਰਆਈ ਵਿੰਗ ਦੇ ਇਕ ਅਧਿਕਾਰੀ ਦਾ ਕਹਿਣਾ ਹੈ ਕਿ ਡਿਪਟੀ ਕਮਿਸ਼ਨਰ ਕੋਲ ਟ੍ਰੈਵਲ ਏਜੰਟਾਂ ਲਈ ਰਜਿਸਟ੍ਰੇਸ਼ਨ ਜ਼ਰੂਰੀ ਕੀਤੀ ਗਈ ਹੈ ਅਤੇ ਇਸ ਲਈ ਬੈਂਕ ਗਰੰਟੀ ਵੀ ਦੇਣੀ ਪੈਂਦੀ ਹੈ।