ਭਗਵੰਤ ਮਾਨ ਨੇ ਖਹਿਰਾ ਦੀ ਪਾਰਟੀ ਤੋਂ ਵਿਦਾਈ ਦੇ ਦਿੱਤੇ ਸੰਦੇਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਮ ਆਦਮੀ ਪਾਰਟੀ ਵਿਚ ਚੱਲ ਰਿਹਾ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ ਅਤੇ ਆਪ ਪਾਰਟੀ ਦੇ ਦੋਨਾਂ ਧੜਿਆਂ 'ਚ ਭੇਦਭਾਵ ਵਧਦਾ ਨਜ਼ਰ ਆ ਰਿਹਾ ਹੈ

Bhagwant Mann Sukhpal Khaira

ਚੰਡੀਗੜ੍ਹ, ਆਮ ਆਦਮੀ ਪਾਰਟੀ ਵਿਚ ਚੱਲ ਰਿਹਾ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ ਅਤੇ ਆਪ ਪਾਰਟੀ ਦੇ ਦੋਨਾਂ ਧੜਿਆਂ 'ਚ ਭੇਦਭਾਵ ਵਧਦਾ ਨਜ਼ਰ ਆ ਰਿਹਾ ਹੈ| ਹਾਲ ਹੀ ਵਿਚ ਮੀਡਿਆ ਰੀਪੋਰਟਾਂ ਮੁਤਾਬਿਕ ਸਾਹਮਣੇ ਆਇਆ ਹੈ ਕਿ ਭਗਵੰਤ ਮਾਨ ਨੇ ਸੁਖਪਾਲ ਸਿੰਘ ਖਹਿਰਾ ਧੜੇ ਉਤੇ ਫਿਰ ਚੜ੍ਹਾਈ ਕੀਤੀ ਹੈ। ਮਾਨ ਨੇ ਕਿਹਾ ਹੈ ਕਿ ਖਹਿਰਾ ਦੀ ਅਕਾਲੀ-ਭਾਜਪਾ ਨਾਲ ਸੈਟਿੰਗ ਹੋ ਗਈ ਹੈ ਤੇ ਇਸ ਬਾਰੇ ਛੇਤੀ ਹੀ ਖੁਲਾਸਾ ਹੋ ਜਾਵੇਗਾ।

ਮਿਲੀ ਜਾਣਕਾਰੀ ਮੁਤਾਬਿਕ ਅੰਮ੍ਰਿਤਸਰ ਪੁੱਜੇ ਭਗਵੰਤ ਮਾਨ ਨੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਆਖਿਆ ਕਿ ਰੱਖੜ ਪੁੰਨਿਆਂ ਦੇ ਮੌਕੇ ਉਹ ਬਾਬਾ ਬਕਾਲਾ ਵਿਚ ਹੋਣ ਵਾਲੀ ਰੈਲੀ ਵਿਚ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ ਇਸ ਰੈਲੀ ਵਿਚ ਖਹਿਰਾ ਆਪਣਾ ਵੱਖਰਾ ਮੰਚ ਲਗਾ ਰਹੇ ਹਨ। ਮਾਨ ਨੇ ਖਹਿਰਾ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਹ ਪਾਰਟੀ ਨੂੰ ਤੋੜਨ ਦੀ ਰਣਨੀਤੀ ਹੈ ਅਤੇ ਖਹਿਰਾ ਖੁਦ ਹੀ ਪਾਰਟੀ ਵਿਚ ਵਾਪਸੀ ਦੇ ਸਾਰੇ ਰਸਤੇ ਬੰਦ ਕਰ ਰਹੇ ਹਨ। ਉਨ੍ਹਾਂ ਖਹਿਰਾ ’ਤੇ ਹਮਲਾ ਬੋਲਦਿਆਂ ਕਿਹਾ ਕਿ ਖਹਿਰਾ ਕਦੇ ਵੀ ਪਾਰਟੀ ਮਜ਼ਬੂਤ ਨਹੀਂ ਹੋਣ ਦੇਣਾ ਚਾਹੁੰਦੇ।

ਜੇ ਉਹ ਪਾਰਟੀ ਤੋੜਨਾ ਚਾਹੁੰਦੇ ਹਨ ਜਾਂ ਵੱਖਰੇ ਹੋਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਪਾਰਟੀ ਤੋਂ ਅਸਤੀਫਾ ਦੇ ਕੇ ਵੱਖਰੇ ਤੌਰ ’ਤੇ ਚੋਣ ਲੜਨੀ ਚਾਹੀਦੀ ਹੈ। ਇਸਦੇ ਨਾਲ ਹੀ ਮਾਨ ਨੇ ਖਹਿਰਾ ਦੀ ਪਾਰਟੀ ਤੋਂ ਵਿਦਾਈ ਹੋਣ ਦਾ ਸੰਕੇਤ ਦਿੰਦੇ ਹੋਏ ਕਿਹਾ ਕਿ ਅਨੁਸ਼ਾਸਨ ਭੰਗ ਕਰਨ ਵਾਲੇ 'ਤੇ ਕਾਰਵਾਈ ਜਰੂਰ ਹੋਵੇਗੀ | ਦੱਸ ਦੇਈਏ ਕਿ ਮਾਨ ਰੱਖੜ ਪੁੰਨਿਆ ਸਬੰਧੀ ਵਰਕਰਾਂ ਨੂੰ ਲਾਮਬੱਧ ਕਰਨ ਲਈ ਅੰਮ੍ਰਿਤਸਰ ਪੁੱਜੇ ਸਨ।

ਮਾਨ ਨੇ ਕਿਹਾ ਕਿ ਸੁਖਪਾਲ ਖਹਿਰਾ ਨੇ ਪਿਛਲੇ ਡੇਢ ਮਹੀਨੇ ਦੌਰਾਨ ਪੰਜਾਬ ਦਾ ਕੋਈ ਵੀ ਮਸਲਾ ਨਹੀਂ ਉਠਾਇਆ ਸਗੋਂ ਉਹ ਸੀਟਾਂ ਪਿੱਛੇ ਹੀ ਲੜੀ ਜਾ ਰਹੇ ਹਨ, ਜਦੋਂਕਿ ਪੰਜਾਬ ਵਿੱਚ ਅਸਲ ਮੁੱਦੇ ਨਸ਼ਾ ਤੇ ਬੇਰੁਜ਼ਗਾਰੀ ਹਨ। ਇਸ ਤੋਂ ਲੱਗਦਾ ਹੈ ਕਿ ਉਹ ਪੰਜਾਬ ਪ੍ਰਤੀ ਗੰਭੀਰ ਨਹੀਂ ਹਨ।