ਪੰਜਾਬ ਵਿਚ ਸਹਿਕਾਰਤਾ ਲਹਿਰ ਮੁੜ ਕੀਤੀ ਜਾਵੇਗੀ ਮਜ਼ਬੂਤ : ਸੁਖਜਿੰਦਰ ਸਿੰਘ ਰੰਧਾਵਾ
ਸਹਿਕਾਰਤਾ ਤੇ ਜੇਲ ਮੰਤਰੀ, ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਅਨੁਸਾਰ ਪੰਜਾਬ ਦੇ ਕਿਸਾਨਾਂ ਨੂੰ ਕਰਜ਼ੇ ਦੇ ਬੋਝ ਥੱਲਿਉਂ ਕੱਢ ਕੇ ਸਹਿਕਾਰਤਾ ਮੁਹਿੰਮ............
ਐਸ.ਏ.ਐਸ. ਨਗਰ : ਸਹਿਕਾਰਤਾ ਤੇ ਜੇਲ ਮੰਤਰੀ, ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਅਨੁਸਾਰ ਪੰਜਾਬ ਦੇ ਕਿਸਾਨਾਂ ਨੂੰ ਕਰਜ਼ੇ ਦੇ ਬੋਝ ਥੱਲਿਉਂ ਕੱਢ ਕੇ ਸਹਿਕਾਰਤਾ ਮੁਹਿੰਮ ਨੂੰ ਮੁੜ ਤੋਂ ਮਜ਼ਬੂਤ ਕੀਤਾ ਜਾਵੇਗਾ ਅਤੇ ਜਾਣਬੁੱਝ ਕੇ ਕਰਜ਼ਾ ਨਾ ਮੋੜਨ ਵਾਲੇ ਧੰਨਾਢ ਕਿਸਾਨਾਂ ਵਿਰੁਧ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਰੰਧਾਵਾ ਨੇ ਲਾਈਵਸਟਾਕ ਭਵਨ, ਸੈਕਟਰ-68, ਐਸ.ਏ.ਐਸ. ਨਗਰ ਵਿਖੇ ਇੰਡੀਅਨ ਫਾਰਮਰਜ਼ ਐਲਾਇੰਸ (ਆਈਫਾ) ਵਲੋਂ ਪੰਜਾਬ ਦੇ ਸਫ਼ਲ ਕਿਸਾਨਾਂ ਦੇ ਸਨਮਾਨ ਅਤੇ ਸਫ਼ਲ ਕਿਸਾਨਾਂ ਦੀਆਂ ਕਹਾਣੀਆਂ ਦੇ ਆਧਾਰ 'ਤੇ ਤਿਆਰ ਕੀਤੇ ਕਿਤਾਬਚਾ 'ਉੱਨਤ ਕਿਸਾਨ' ਰਿਲੀਜ਼ ਕੀਤਾ।
ਸਮਾਗਮ ਨੂੰ ਸੰਬੋਧਨ ਕਰਦਿਆਂ ਰੰਧਾਵਾ ਨੇ ਕਿਹਾ ਕਿ ਕਿਸਾਨਾਂ ਦੀ ਹਾਲਤ ਸੁਧਾਰਨ ਲਈ ਸਹਾਇਕ ਧੰਦਿਆਂ ਨੂੰ ਪ੍ਰਫੁੱਲਤ ਕੀਤਾ ਜਾਣਾ ਲਾਜ਼ਮੀ ਹੈ ਤੇ ਇਸ ਦੇ ਮੱਦੇਨਜ਼ਰ ਮਾਰਕਫੈੱਡ ਵਲੋਂ ਸੂਬੇ ਵਿਚ ਮੀਟ ਪ੍ਰੋਸੈਸਿੰਗ ਪਲਾਂਟ ਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬੇ ਦੀ ਤਰੱਕੀ ਲਈ ਸਹਿਕਾਰਤਾ ਵਿਭਾਗ, ਪਸ਼ੂ ਪਾਲਣ ਵਿਭਾਗ ਅਤੇ ਡੇਅਰੀ ਵਿਕਾਸ ਵਿਭਾਗ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੇ ਹਨ। ਉਨ੍ਹਾਂ ਦਸਿਆ ਕਿ ਛੇਤੀ ਹੀ ਸੂਬੇ ਵਿੱਚ ਸਹਿਕਰਤਾ ਵਿਭਾਗ ਵਲੋਂ ਇਕ ਵਿਸ਼ੇਸ਼ ਹੈੱਲਪਲਾਈਨ ਸ਼ੁਰੂ ਕੀਤੀ ਜਾ ਰਹੀ ਹੈ,
ਜਿਸ ਜ਼ਰੀਏ ਲੋਕਾਂ ਨੂੰ ਸੁਸਾਇਟੀਆਂ ਆਦਿ ਦੀ ਪੂਰਨ ਜਾਣਕਾਰੀ ਮਿਲੇਗੀ ਤੇ ਉਹ ਅਪਣੇ ਦੁੱਧ ਅਤੇ ਦੁੱਧ ਉਤਪਾਦਾਂ ਦੀ ਜਾਂਚ ਕਰਵਾ ਸਕਣਗੇ। ਸਮਾਗਮ ਨੂੰ ਬਲਬੀਰ ਸਿੰਘ ਸਿੱਧੂ, ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਉਪ ਕੁਲਪਤੀ ਡਾ. ਬੀ.ਐਸ. ਢਿੱਲੋਂ, ਗੁਰੂ ਅੰਗਦ ਦੇਵ ਵੈਰਟਰਨਰੀ ਅਤੇ ਐਨੀਲਮ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਦੇ ਉਪ ਕੁਲਪਤੀ ਸ੍ਰੀ ਏ.ਐਸ.ਨੰਦਾ, ਡਾਇਰੈਕਟਰ ਡੇਅਰੀ ਵਿਕਾਸ ਸ. ਇੰਦਰਜੀਤ ਸਿੰਘ, ਡਾਇਰੈਕਟਰ ਪਸ਼ੂ ਪਾਲਣ ਵਿਭਾਗ ਅਮਰਜੀਤ ਸਿੰਘ, ਸੁਖਪਾਲ ਸਿੰਘ ਸੇਖੋਂ,
ਆਈਫਾ ਦੇ ਪ੍ਰਧਾਨ ਸ੍ਰੀ ਸੰਜੀਵ ਨਾਗਪਾਲ, ਸ. ਤੇਜਿੰਦਰਪਾਲ ਸਿੰਘ ਨੇ ਵੀ ਸੰਬੋਧਨ ਕੀਤਾ। ਸਮਾਗਮ ਵਿੱਚ ਸ. ਸਿੱਧੂ ਦੇ ਸਿਆਸੀ ਸਕੱਤਰ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਐਡਵੋਕੇਟ ਕੰਵਰਵੀਰ ਸਿੰਘ ਸਿੱਧੂ, ਜੁਆਇੰਟ ਡਾਇਰੈਕਟਰ ਡੇਅਰੀ ਵਿਭਾਗ ਪੰਜਾਬ ਸ.ਜਸਵੀਰ ਸਿੰਘ, ਡਿਪਟੀ ਡਾਇਰੈਕਟਰ ਕਰਨੈਲ ਸਿੰਘ ਸਮੇਤ ਵੱਡੀ ਵਿੱਚ ਕਿਸਾਨ ਤੇ ਪਸ਼ੂ ਪਾਲਕ ਅਤੇ ਡੇਅਰੀ ਵਿਕਾਸ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਵੀ ਮੌਜੂਦ ਸਨ।