ਸੁਖਬੀਰ ਸਰਕਾਰ ਬਣਾਉਣ ਦੇ ਸੁਪਨੇ ਛੱਡ ਕੇ ਜੇਲ ਜਾਣ ਦੀ ਤਿਆਰੀ ਕਰੇ : ਦਾਦੂਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਨਸਾਫ਼ ਮੋਰਚਾ ਪੰਥਕ ਮੰਗਾਂ ਮਨਵਾਉਣ ਅਰਥਾਤ ਪੰਥਕ ਮਾਮਲਿਆਂ ਨਾਲ ਜੁੜੇ ਸਰੋਕਾਰਾਂ ਨਾਲ ਸਬੰਧਤ ਹਨ ਪਰ ਸੁਖਬੀਰ ਬਾਦਲ ਅਤੇ ਅਕਾਲੀ ਦਲ ਦੇ ਹੋਰ ਆਗੂਆਂ ਵਲੋਂ..............

Baljit Singh Daduwal And Others

ਕੋਟਕਪੂਰਾ: ਇਨਸਾਫ਼ ਮੋਰਚਾ ਪੰਥਕ ਮੰਗਾਂ ਮਨਵਾਉਣ ਅਰਥਾਤ ਪੰਥਕ ਮਾਮਲਿਆਂ ਨਾਲ ਜੁੜੇ ਸਰੋਕਾਰਾਂ ਨਾਲ ਸਬੰਧਤ ਹਨ ਪਰ ਸੁਖਬੀਰ ਬਾਦਲ ਅਤੇ ਅਕਾਲੀ ਦਲ ਦੇ ਹੋਰ ਆਗੂਆਂ ਵਲੋਂ ਇਨਸਾਫ਼ ਮੋਰਚੇ ਬਾਰੇ ਕੀਤੀਆਂ ਜਾ ਰਹੀਆਂ ਗ਼ਲਤ ਟਿੱਪਣੀਆਂ ਅਤੇ ਦਿਤੇ ਜਾ ਰਹੇ ਵਿਵਾਦਤ ਬਿਆਨ ਬਰਦਾਸ਼ਤ ਤੋਂ ਬਾਹਰ ਹੁੰਦੇ ਜਾ ਰਹੇ ਹਨ। ਭਾਈ ਬਲਜੀਤ ਸਿੰਘ ਦਾਦੂਵਾਲ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਦੁਨੀਆਂ ਦੇ ਕੋਨੇ-ਕੋਨੇ 'ਚ ਬੈਠੀਆਂ ਸੰਗਤਾਂ ਬੇਅਦਬੀ ਕਾਂਡ ਦਾ ਸੱਚ ਸਾਹਮਣੇ ਆਉਣ ਦੀ ਬੇਸਬਰੀ ਨਾਲ ਉਡੀਕ ਕਰ ਰਹੀਆਂ ਹਨ

ਪਰ ਦੂਜੇ ਪਾਸੇ ਖ਼ੁਦ ਨੂੰ ਪੰਥਕ ਅਖਵਾਉਣ ਵਾਲਾ ਸੁਖਬੀਰ ਸਿੰਘ ਬਾਦਲ ਇਨਸਾਫ਼ ਮੋਰਚੇ ਨੂੰ ਬਦਨਾਮ ਕਰਨ ਲਈ ਯਤਨਸ਼ੀਲ ਹੈ। ਉਨ੍ਹਾਂ ਸੁਖਬੀਰ ਵਲੋਂ ਲਾਏ ਬਰਗਾੜੀ ਮੋਰਚੇ ਨੂੰ ਕਾਂਗਰਸ ਦੇ ਫ਼ੰਡ ਦੇਣ ਦੇ ਦੋਸ਼ ਨੂੰ ਨਕਾਰਦਿਆਂ ਆਖਿਆ ਕਿ ਕਦੇ ਜਾਂਚ ਭਟਕਾਉਣ, ਕਦੇ ਗਵਾਹ ਮੁਕਰਾਉਣ ਦੇ ਯਤਨ ਅਤੇ ਕਦੇ ਆਈਐਸਆਈ ਦੇ ਸਮਰਥਨ ਕਰਨ ਵਾਲੇ ਸੁਖਬੀਰ ਦੇ ਬਿਆਨਾਂ ਤੋਂ ਇੰਝ ਪ੍ਰਤੀਤ ਹੁੰਦਾ ਹੈ ਕਿ ਜਿਸ ਤਰ੍ਹਾਂ ਸੁਖਬੀਰ ਬਾਦਲ ਆਪਣੇ ਰਾਜਭਾਗ ਦੌਰਾਨ ਕੀਤੇ ਪਾਪਾਂ ਤੋਂ ਕੰਬ ਰਿਹਾ ਹੈ ਜਾਂ ਨਸ਼ੇ ਦੀ ਵਾਧ-ਘਾਟ ਕਾਰਨ ਬੁਖਲਾਹਟ 'ਚ ਆ ਕੇ ਬੇਹੁਦਾ ਬਿਆਨਬਾਜ਼ੀ ਕਰ ਰਿਹਾ ਹੈ। 

ਭਾਈ ਦਾਦੂਵਾਲ ਨੇ ਦਾਅਵਾ ਕੀਤਾ ਕਿ ਸੁਖਬੀਰ ਬਾਦਲ ਦੇ ਪਾਪ ਅਤੇ ਗੁਨਾਹਾਂ ਦੀ ਸੂਚੀ ਇੰਨੀ ਲੰਮੀ ਹੈ ਕਿ ਉਸ ਨੂੰ ਕਾਨੂੰਨ ਅਤੇ ਪੰਜਾਬ ਦੇ ਇਨਸਾਫ਼ ਪਸੰਦ ਲੋਕ ਕਦੇ ਵੀ ਮਾਫ਼ ਨਹੀਂ ਕਰਨਗੇ। ਉਨ੍ਹਾਂ ਆਖਿਆ ਕਿ ਸੁਖਬੀਰ ਬਾਦਲ ਹੁਣ ਸਰਕਾਰ ਬਣਾਉਣ ਦੇ ਸੁਪਨੇ, ਧਮਕੀਆਂ, ਦਬਕੇ ਅਤੇ ਚਲਾਕੀਆਂ ਛੱਡ ਕੇ ਜੇਲ ਜਾਣ ਦੀ ਤਿਆਰੀ ਕਰੇ। ਭਾਈ ਧਿਆਨ ਸਿੰਘ ਮੰਡ ਅਤੇ ਹੋਰ ਬੁਲਾਰਿਆਂ ਨੇ ਵੀ ਭਾਈ ਦਾਦੂਵਾਲ ਦੇ ਦਾਅਵਿਆਂ ਦੀ ਪ੍ਰੋੜਤਾ ਕੀਤੀ।