ਖੇਤੀ ਬਿੱਲ: ਅਕਾਲੀ ਦਲ ਦੀ ਪਿਛੋਂ ਆ ਜ਼ਿਆਦਾ ਨੰਬਰ ਬਣਾਉਣ ਦੀ ਨੀਤੀ ਨੇ ਵਧਾਈ ਚਿੰਤਾ, ਟਕਰਾਅ ਟਲਿਆ!
ਪੁਲਿਸ ਪ੍ਰਸ਼ਾਸਨ ਦੀ ਮੁਸ਼ਤੈਦੀ ਕਾਰਨ ਟਲਿਆ ਟਕਰਾਅ
ਹੁਸ਼ਿਆਰਪੁਰ : ਖੇਤੀ ਬਿੱਲਾਂ ਖਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਹਰ ਵਰਗ ਦਾ ਸਾਥ ਮਿਲ ਰਿਹਾ ਹੈ। ਖ਼ਾਸ ਕਰ ਕੇ ਭਾਜਪਾ ਨੂੰ ਛੱਡ ਕੇ ਸਾਰੀਆਂ ਸਿਆਸੀ ਧਿਰਾਂ ਵੀ ਕਿਸਾਨਾਂ ਦੇ ਹੱਕ 'ਚ ਨਿਤਰ ਆਈਆਂ ਹਨ। ਕਿਸਾਨੀ ਸੰਘਰਸ਼ ਨੂੰ ਜਿੰਨਾ ਜ਼ਿਆਦਾ ਸਮਰਥਨ ਮਿਲ ਰਿਹਾ ਹੈ, ਉਨੇ ਹੀ ਤੌਖਲੇ ਵੀ ਵੱਧ ਗਏ ਹਨ। ਖ਼ਾਸ ਕਰ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਕਾਂਗਰਸ ਸਮੇਤ ਆਪ ਆਗੂਆਂ ਵਲੋਂ ਸ਼ੰਕੇ ਜ਼ਾਹਰ ਕੀਤੇ ਗਏ ਸਨ। ਇਹ ਸ਼ੰਕਿਆਂ ਨੂੰ ਉਸ ਵੇਲੇ ਹਵਾ ਮਿਲੀ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨ ਜਥੇਬੰਦੀਆਂ ਦੇ ਪੰਜਾਬ ਬੰਦ ਦੇ ਸਮਾਨੰਤਰ ਚੱਕਾ ਜਾਮ ਦਾ ਐਲਾਨ ਕਰ ਦਿਤਾ।
ਜ਼ਾਹਰ ਕੀਤੇ ਤੌਖਲੇ ਅੱਜ ਉਸ ਵੇਲੇ ਸੱਚ ਹੁੰਦੇ ਪ੍ਰਤੀਤ ਹੋਏ ਜਦੋਂ ਕਿਸਾਨ ਜਥੇਬੰਦੀਆਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਆਹਮੋ-ਸਾਹਮਣੇ ਹੋ ਗਏ। ਅੱਡਾ ਚੱਬੇਵਾਲ ਵਿਖੇ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਦੇ ਨਾਅਰੇ ਗੂੰਜਣ ਤੋਂ ਬਾਅਦ ਕਿਸਾਨ ਜਥੇਬੰਦੀਆਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਵਿਚਕਾਰ ਤਿੱਖੀ ਬਹਿਸ ਹੋ ਗਈ। ਇਸ ਦੌਰਾਨ ਅਕਾਲੀ ਦਲ ਦੇ ਸਾਬਕਾ ਕੈਬਨਿਟ ਮੰਤਰੀ ਸੋਹਣ ਸਿੰਘ ਠੰਡਲ ਵੀ ਮੌਕੇ 'ਤੇ ਮੌਜੂਦ ਸਨ। ਧਰਨਾ ਸਥਾਨ 'ਤੇ ਪਹਿਲਾਂ ਤੋਂ ਤਾਇਨਾਤ ਭਾਰੀ ਪੁਲਸ ਫੋਰਸ ਨੇ ਸਮਾਂ ਰਹਿੰਦੇ ਸਥਿਤੀ ਨੂੰ ਅਪਣੀ ਸੂਝ-ਬੂਝ ਨਾਲ ਕਾਬੂ ਕਰ ਲਿਆ।
ਕਿਸਾਨ ਜਥੇਬੰਦੀਆਂ ਦਾ ਕਹਿਣਾ ਸੀ ਕਿ ਇਕ ਪਾਸੇ ਤਾਂ ਸ਼੍ਰੋਮਣੀ ਅਕਾਲੀ ਦਲ ਖੁਦ ਨੂੰ ਕਿਸਾਨ ਹਿਤੈਸ਼ੀ ਦੱਸਦਾ ਹੈ ਪਰ ਦੂਜੇ ਪਾਸੇ ਇਨ੍ਹਾਂ ਵਲੋਂ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ਦੇ ਨਾਅਰੇ ਲਗਾ ਕੇ ਕਿਸਾਨਾਂ ਦੇ ਜ਼ਖ਼ਮਾਂ 'ਤੇ ਲੂਣ ਛਿੜਕਿਆ ਜਾ ਰਿਹਾ ਹੈ। ਉਧਰ ਭੜਕੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੈਬਨਿਟ ਮੰਤਰੀ ਸੋਹਣ ਸਿੰਘ ਠੰਡਲ ਅਤੇ ਹੋਰਨਾਂ ਆਗੂਆਂ ਨੇ ਪੁਲਿਸ ਨੂੰ ਬੇਨਤੀ ਕੀਤੀ ਕਿਸਾਨ ਜਥੇਬੰਦੀਆਂ ਨੂੰ ਇੱਥੋਂ ਹੋਰ ਜਗ੍ਹਾ 'ਤੇ ਬਦਲਿਆ ਜਾਵੇ। ਇਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਭਾਰੀ ਮੁਸ਼ੱਕਤ ਤੋਂ ਬਾਅਦ ਦੋਵਾਂ ਧਿਰਾਂ ਨੂੰ ਸਮਝਾਉਂਦੇ ਹੋਏ ਟਕਰਾਅ 'ਤੇ ਕਾਬੂ ਪਾਇਆ।
ਕਾਬਲੇਗੌਰ ਹੈ ਕਿ ਕਿਸਾਨਾਂ ਦੇ ਧਰਨੇ ਨੂੰ ਜਿੱਥੇ ਹਰ ਵਰਗ ਦਾ ਸਾਥ ਮਿਲ ਰਿਹਾ ਹੈ, ਉਥੇ ਹੀ ਕੁੱਝ ਸਿਆਸੀ ਧਿਰਾਂ ਵਲੋਂ ਸਿਆਸਤ ਚਮਕਾਉਣ ਦੀ ਕੋਸ਼ਿਸ਼ ਵੀ ਕੀਤੀ ਜਾਣ ਲੱਗੀ ਹੈ। ਖ਼ਾਸ ਕਰ ਕੇ ਕਿਸਾਨਾਂ ਦੇ ਹੱਕ 'ਚ ਸਭ ਤੋਂ ਬਾਅਦ ਨਿਤਰਿਆ ਸ਼੍ਰੋਮਣੀ ਅਕਾਲੀ ਦਲ ਪਿਛੋਂ ਆ ਕੇ ਪਹਿਲਾਂ ਨੰਬਰ ਬਣਾਉਣ ਦੇ ਚੱਕਰ 'ਚ ਜ਼ਿਆਦਾ ਤੇਜ਼ੀ ਵਿਖਾਉਂਦਾ ਪ੍ਰਤੀਤ ਹੋ ਰਿਹਾ ਹੈ। ਕਿਸਾਨਾਂ ਦੇ 25 ਸਤੰਬਰ ਨੂੰ ਦਿਤੇ ਪੰਜਾਬ ਬੰਦ ਦੇ ਸੱਦੇ ਵਾਲੇ ਦਿਨ ਹੀ ਸ਼੍ਰੋਮਣੀ ਅਕਾਲੀ ਦਲ ਵਲੋਂ ਚੱਕਾ ਜਾਮ ਦਾ ਐਲਾਨ ਕਰ ਦਿਤਾ ਗਿਆ।
ਇੰਨਾ ਨਹੀਂ, ਅਕਾਲੀ ਲੀਡਰਸ਼ਿਪ ਚੱਕਾ ਜਾਮ ਵੀ ਟਰੈਕਟਰਾਂ 'ਤੇ ਚੜ੍ਹ ਕਰ ਕਰਨ ਗਈ। ਸ਼੍ਰੋਮਣੀ ਅਕਾਲੀ ਦਲ ਵਲੋਂ ਅਪਣੀ ਭਾਈਵਾਲ ਪਾਰਟੀ 'ਤੇ ਦਬਾਅ ਪਾਉਣ ਦੀ ਥਾਂ ਕਾਂਗਰਸ ਵੱਲ ਨਿਸ਼ਾਨੇ ਜ਼ਿਆਦਾ ਸਾਧੇ ਜਾ ਰਹੇ ਹਨ, ਜੋ ਵਿਰੋਧੀਆਂ ਦੇ ਸ਼ੰਕਿਆਂ ਨੂੰ ਪੁਖਤਾ ਕਰਦੇ ਪ੍ਰਤੀਤ ਹੁੰਦੇ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਸਮੇਤ ਆਮ ਆਦਮੀ ਪਾਰਟੀ ਦੇ ਆਗੂ ਪਹਿਲਾਂ ਹੀ ਅਕਾਲੀ ਦਲ ਦੀ ਲੇਟ ਐਂਟਰੀ 'ਤੇ ਸਵਾਲ ਖੜ੍ਹੇ ਕਰ ਚੁੱਕੇ ਹਨ। ਕਿਸਾਨ ਯੂਨੀਅਨ ਆਗੂਆਂ ਨੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਵੱਖਰਾ ਸੰਘਰਸ਼ ਕਰਨ ਦੇ ਸਟੈਂਡ 'ਤੇ ਚਿੰਤਾ ਜਾਹਰ ਕੀਤੀ ਸੀ। ਕਿਸਾਨਾਂ ਦੀ ਗੱਲ ਕਹਿਣ ਦੇ ਨਾਲ-ਨਾਲ ਸ਼੍ਰੋਮਣੀ ਅਕਾਲੀ ਦਲ ਅਪਣੀ ਸਿਆਸੀ ਥਾਂ ਪਕੇਰੀ ਕਰਦਾ ਪ੍ਰਤੀਤ ਹੋ ਰਿਹਾ ਹੈ। ਕੇਂਦਰ ਤੋਂ ਜ਼ਿਆਦਾ ਪੰਜਾਬ ਸਰਕਾਰ ਨੂੰ ਕਟਹਿਰੇ 'ਚ ਖੜ੍ਹਾ ਕਰਨਾ ਅਤੇ ਅਕਾਲੀ ਦਲ ਜਿੰਦਾਬਾਦ ਦੇ ਨਾਅਰੇ ਲਾਉਣਾ ਵੀ ਸੰਘਰਸ਼ੀ ਜਥੇਬੰਦੀਆਂ ਨੂੰ ਹਜ਼ਮ ਨਹੀਂ ਹੋ ਰਿਹਾ।