ਧਰਨੇ ‘ਚ ਭਾਸ਼ਣ ਦੇ ਰਹੀ ਬੀਬੀ ਜਗੀਰ ਕੌਰ ਦਾ ਕਿਸਾਨਾਂ ਨੇ ਕੀਤਾ ਵਿਰੋਧ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਸਾਨਾਂ ਦਾ ਝੰਡਾ ਨਾ ਲਿਆਉਣ ਦੀ ਬਜਾਏ ਅਕਾਲੀ ਦਲ ਦਾ ਝ਼ੰਡਾ ਲਿਆਉਣ ਲਈ ਬੀਬੀ ਜਗੀਰ ਕੌਰ ‘ਤੇ ਭੜਕੇ ਕਿਸਾਨ

Bibi Jagir Kaur

ਕਪੂਰਥਲਾ: ਖੇਤੀ ਬਿਲਾਂ ਦੇ ਵਿਰੋਧ ਵਿਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੱਖ-ਵੱਖ ਥਾਵਾਂ ‘ਤੇ ਪ੍ਰਦਰਸ਼ਨ ਕੀਤੇ ਗਏ। ਇਸ ਦੇ ਚਲਦਿਆਂ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਸੁਭਾਨਪੁਰ ਚੌਂਕ ਵਿਚ ਅਕਾਲੀ ਦਲ ਵੱਲੋਂ ਦਿੱਤੇ ਗਏ ਧਰਨੇ ਵਿਚ ਸ਼ਮੂਲੀਅਤ ਕੀਤੀ। ਇਸ ਦੌਰਾਨ ਜਦੋਂ ਬੀਬੀ ਜਗੀਰ ਕੌਰ ਨੇ ਭਾਸ਼ਣ ਦੇਣਾ ਸ਼ੁਰੂ ਕੀਤਾ ਤਾਂ ਕੁਝ ਕਿਸਾਨਾਂ ਵੱਲੋਂ ਬੀਬੀ ਜਗੀਰ ਕੌਰ ਦਾ ਵਿਰੋਧ ਕੀਤਾ ਗਿਆ।

ਇਸ ਦੌਰਾਨ ਕਿਸਾਨਾਂ ਨੇ ਕਿਹਾ ਕਿ ਜੇਕਰ ਬੀਬੀ ਜਗੀਰ ਕੌਰ ਕਿਸਾਨਾਂ ਦੇ ਸੱਚੇ ਹਮਾਇਤੀ ਹੁੰਦੇ ਤਾਂ ਉਹ ਕਿਸਾਨਾਂ ਦਾ ਝੰਡਾ ਲੈ ਕੇ ਆਉਂਦੇ ਨਾ ਕਿ ਅਕਾਲੀ ਦਲ ਦਾ। ਇਸ ਦੇ ਚਲਦਿਆਂ ਇਕ ਕਿਸਾਨ ਵੱਲ਼ੋਂ ਉੱਚੀ-ਉੱਚੀ ਬੋਲ ਕੇ ਬੀਬੀ ਜਗੀਰ ਕੌਰ ਦਾ ਵਿਰੋਧ ਕੀਤਾ ਗਿਆ ਹਾਲਾਂਕਿ ਇਸ ਦੌਰਾਨ ਬੀਬੀ ਜਗੀਰ ਕੌਰ ਨੇ ਅਪਣਾ ਭਾਸ਼ਣ ਜਾਰੀ ਰੱਖਿਆ।

ਵਿਗੜ ਰਹੇ ਮਾਹੌਲ ਨੂੰ ਦੇਖਦਿਆਂ ਮੌਕੇ ‘ਤੇ ਮੌਜੂਦ ਪੁਲਿਸ ਨੇ ਮਾਮਲੇ ‘ਤੇ ਕਾਬੂ ਪਾਇਆ ਤੇ ਵਿਰੋਧ ਕਰ ਰਹੇ ਕਿਸਾਨ ਨੂੰ ਉੱਥੋਂ ਭੇਜ ਦਿੱਤਾ।  ਦੱਸ ਦਈਏ ਕਿ ਵਿਰੋਧ ਪ੍ਰਦਰਸ਼ਨ ਦੌਰਾਨ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਕੇਂਦਰ ਸਰਕਾਰ ਤੇ ਸਿਆਸੀ ਪਾਰਟੀਆਂ ਖਿਲਾਫ਼ ਅਪਣੀ ਭੜਾਸ ਕੱਢੀ।

ਦੱਸ ਦਈਏ ਕਿ ਕਿਸਾਨਾਂ ਦੇ ਧਰਨੇ ਨੂੰ ਜਿੱਥੇ ਹਰ ਵਰਗ ਦਾ ਸਾਥ ਮਿਲ ਰਿਹਾ ਹੈ, ਉਥੇ ਹੀ ਕੁੱਝ ਸਿਆਸੀ ਧਿਰਾਂ ਵਲੋਂ ਸਿਆਸਤ ਚਮਕਾਉਣ ਦੀ ਕੋਸ਼ਿਸ਼ ਵੀ ਕੀਤੀ ਜਾਣ ਲੱਗੀ ਹੈ। ਖ਼ਾਸ ਕਰ ਕੇ ਕਿਸਾਨਾਂ ਦੇ ਹੱਕ 'ਚ ਸਭ ਤੋਂ ਬਾਅਦ ਨਿਤਰਿਆ ਸ਼੍ਰੋਮਣੀ ਅਕਾਲੀ ਦਲ ਪਿਛੋਂ ਆ ਕੇ ਪਹਿਲਾਂ ਨੰਬਰ ਬਣਾਉਣ ਦੇ ਚੱਕਰ 'ਚ ਜ਼ਿਆਦਾ ਤੇਜ਼ੀ ਵਿਖਾਉਂਦਾ ਪ੍ਰਤੀਤ ਹੋ ਰਿਹਾ ਹੈ। ਕਿਸਾਨਾਂ ਦੇ 25 ਸਤੰਬਰ ਨੂੰ ਦਿਤੇ ਪੰਜਾਬ ਬੰਦ ਦੇ ਸੱਦੇ ਵਾਲੇ ਦਿਨ ਹੀ ਸ਼੍ਰੋਮਣੀ ਅਕਾਲੀ ਦਲ ਵਲੋਂ ਚੱਕਾ ਜਾਮ ਦਾ ਐਲਾਨ ਕਰ ਦਿਤਾ ਗਿਆ।