ਪੰਜਾਬ ਬੰਦ: ਦਰਬਾਰ ਸਾਹਿਬ ਵਿਖੇ ਘੱਟ ਹੋਈ ਸੰਗਤ ਦੀ ਆਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੂਬੇ ਵਿਚ ਆਵਾਜਾਈ ਬੰਦ ਹੋਣ ਕਾਰਨ ਦਰਸ਼ਨ ਕਰਨ ਨਹੀਂ ਆ ਰਹੀਆਂ ਸੰਗਤ

Darbar Sahib

ਅੰਮ੍ਰਿਤਸਰ: ਕਿਸਾਨ ਜਥੇਬੰਦੀਆਂ ਵੱਲੋਂ ਸੂਬੇ ਵਿਚ ਪੰਜਾਬ ਬੰਦ ਦੇ ਸੱਦੇ ਦੇ ਚਲਦਿਆਂ ਅੱਜ ਵੱਖ-ਵੱਖ ਸ਼ਹਿਰਾਂ ਵਿਚ ਆਵਾਜਾਈ ਠੱਪ ਹੈ। ਇਸ ਕਾਰਨ  ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤ ਦੀ ਆਮਦ ਬਹੁਤ ਘੱਟ ਹੋਈ ਹੈ। ਸੂਬੇ ਵਿਚ ਕਈ ਥਾਵਾਂ ‘ਤੇ ਬੱਸਾਂ ਦਾ ਚੱਕਾ ਜਾਮ ਕੀਤਾ ਗਿਆ ਹੈ, ਜਿਸ ਦਾ ਪ੍ਰਭਾਵ ਆਵਾਜਾਈ ‘ਤੇ ਪਿਆ ਹੈ।

ਬਹੁਤ ਥੋੜੀ ਗਿਣਤੀ ਵਿਚ ਸ਼ਰਧਾਲੂ ਦਰਬਾਰ ਸਾਹਿਬ ਵਿਖੇ ਦਰਸ਼ਨ ਕਰਨ ਪਹੁੰਚ ਰਹੇ ਹਨ। ਦੱਸ ਦਈਏ ਕਿ ਖੇਤੀ ਬਿਲਾਂ ਦੇ ਵਿਰੋਧ ਵਿਚ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਅੰਮ੍ਰਿਤਸਰ ਵਿਚ ਕਈ ਥਾਈਂ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਸਵੇਰ ਤੋਂ ਹੀ ਆਵਾਜਾਈ ਪੂਰੀ ਤਰ੍ਹਾਂ ਠੱਪ ਰਹੀ।

ਇਸ ਤੋਂ ਇਲਾਵਾ ਜ਼ਿਲ੍ਹੇ ਦੇ ਬਜ਼ਾਰਾਂ ਵਿਚ ਵੀ ਦੁਕਾਨਾਂ ਨੂੰ ਬੰਦ ਰੱਖਿਆ ਗਿਆ। ਹਰੇਕ ਵਰਗ ਦੇ ਲੋਕਾਂ ਵੱਲੋਂ ਕਿਸਾਨਾਂ ਦੀ ਇਸ ਲੜਾਈ ਵਿਚ ਸਮਰਥਨ ਕੀਤਾ ਜਾ ਰਿਹਾ ਹੈ। ਸ਼ਹਿਰ ਵਿਚ ਜ਼ਿਲ੍ਹਾ ਪੁਲਿਸ ਵੱਲ਼ੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ।

ਅੰਮ੍ਰਿਤਸਰ ਤੋਂ ਇਲਾਵਾ ਲੁਧਿਆਣਾ, ਜਲੰਧਰ, ਹੁਸ਼ਿਆਰਪੁਰ, ਮਾਨਸਾ, ਨਾਭਾ, ਪਟਿਆਲਾ ਸਮੇਤ ਕਈ ਜ਼ਿਲ੍ਹਿਆਂ ਵਿਚ ਪ੍ਰਦਰਸ਼ਨ ਕੀਤੇ ਜਾ ਰਹੇ ਹਨ।