ਕੈਬਨਿਟ ਮੰਤਰੀ ਬਣਨ ਤੋਂ ਪਹਿਲਾਂ ਪਰਗਟ ਸਿੰਘ ਨੇ ਦੱਸਿਆ ਕਿਹੜੇ ਮਹਿਕਮੇ ਦਾ ਬਣਨਾ ਚਾਹੁੰਦੇ ਹਨ ਮੰਤਰੀ
ਕਿਹਾ, ਸਿਆਸਤਦਾਨ ਨੂੰ ਆਮ ਲੋਕਾਂ ਵਾਂਗ ਵਿਚਰਨਾ ਚਾਹੀਦਾ ਹੈ ਅਤੇ ਉਨ੍ਹਾਂ ਵਿਚ ਸਾਦਗੀ ਅਤੇ ਹਲੀਮੀ ਹੋਣੀ ਚਾਹੀਦੀ ਹੈ
ਚੰਡੀਗੜ੍ਹ (ਚਰਨਜੀਤ ਸਿੰਘ ਸੁਰਖਾਬ): ਪੰਜਾਬ ਕੈਬਨਿਟ ਦੇ ਨਵੇਂ ਮੰਤਰੀਆਂ ਦੀ ਸੂਚੀ ਅੱਜ ਫਾਈਨਲ ਹੋ ਗਈ ਹੈ। ਨਵੇਂ ਮੰਤਰੀ ਮੰਡਲ ਵਿਚ 7 ਨਵੇਂ ਮੰਤਰੀ ਸ਼ਾਮਲ ਕੀਤੇ ਜਾਣਗੇ, ਜਿਨ੍ਹਾਂ ਵਿਚ ਪਰਗਟ ਸਿੰਘ (Pargat Singh) ਦਾ ਨਾਮ ਵੀ ਸ਼ਾਮਲ ਹੈ। ਕੈਬਨਿਟ ਮੰਤਰੀ (Cabinet Minister) ਬਣਨ ਤੋਂ ਪਹਿਲਾਂ ਪਰਗਟ ਸਿੰਘ ਨੇ ਕਿਹਾ ਕਿ, "ਮੈਂ ਇਹ ਨਹੀਂ ਸੋਚਦਾ ਕਿ ਮੈਨੂੰ ਤਰੱਕੀ ਮਿਲੀ ਹੈ, ਸਗੋਂ ਇਸ ਨਾਲ ਜ਼ਿੰਮੇਵਾਰੀ ਵਧੀ ਹੈ, ਜਿਸ ਨੂੰ ਅਸੀਂ ਨਿਭਾਉਣਾ ਹੈ।" ਉਨ੍ਹਾਂ ਨੂੰ ਜਦ ਪੁੱਛਿਆ ਗਿਆ ਕਿ ਉਹ ਕਿਸ ਵਿਭਾਗ ਦੇ ਮੰਤਰੀ ਬਣਨਾ ਚਾਹੁੰਦੇ ਹਨ ਤਾਂ ਉਨ੍ਹਾਂ ਕਿਹਾ ਕਿ ਮੇਰੀ ਕੋਈ ਮੰਗ ਨਹੀਂ, ਮੈਂ ਕਿਹਾ ਸੀ ਕਿ ਮੈਨੂੰ ਖੇਡ ਮਹਿਕਮਾ ਦੇ ਦਿਓ, ਪਰ ਬਾਕੀ ਉਨ੍ਹਾਂ ਦੀ ਮਰਜ਼ੀ ਹੈ।
ਹੋਰ ਪੜ੍ਹੋ: ਕੈਬਨਿਟ 'ਚ ਸ਼ਾਮਲ ਹੋਣ ਤੋਂ ਬਾਅਦ Raj Kumar Verka ਦਾ ਧਮਾਕੇਦਾਰ Interview
ਸਿਆਸਤ ਵਿਚ ਆਏ ਬਦਲਾਅ ਨੂੰ ਲੈ ਕੇ ਉਨ੍ਹਾਂ ਦਾ ਕਹਿਣਾ ਹੈ ਕਿ, “ਮੈਨੂੰ ਲੱਗਦਾ ਇਕ ਸਿਆਸਤਦਾਨ ਨੂੰ ਆਮ ਲੋਕਾਂ ਵਾਂਗ ਵਿਚਰਨਾ ਚਾਹੀਦਾ ਹੈ ਅਤੇ ਉਨ੍ਹਾਂ ਵਿਚ ਸਾਦਗੀ ਅਤੇ ਹਲੀਮੀ ਹੋਣੀ ਚਾਹੀਦੀ ਹੈ, ਜੋ ਕਿ ਸਾਡੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਵਿਚ ਹੈ। ਲੋਕ ਇਨ੍ਹਾਂ ਗੱਲਾਂ ਦੀ ਹੀ ਇਕ ਸਿਆਸਤਦਾਨ ਤੋਂ ਆਸ ਰੱਖਦੇ ਹਨ।"
ਹੋਰ ਪੜ੍ਹੋ: ਮੰਤਰੀ ਬਣਨ ਤੋਂ ਪਹਿਲਾਂ Raja Warring ਦੀ ਦੇਖੋ ਖੁਸ਼ੀ, ਕਿਹਾ ਬਦਲਾਅ ਦੀ ਹਮੇਸ਼ਾਂ ਹੀ ਲੋੜ ਹੁੰਦੀ ਹੈ
ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵਜੋਤ ਸਿੱਧੂ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦਾ ਵਿਰੋਧ ਕਰਨ ਨੂੰ ਲੈ ਕੇ ਪਰਗਟ ਸਿੰਘ ਨੇ ਕਿਹਾ ਕਿ, ਜਿਹੜਾ ਇਨਸਾਨ ਆਇਆ ਹੈ ਉਨ੍ਹਾਂ ਜਾਣਾ ਵੀ ਹੈ। ਜੇਕਰ ਅੱਜ ਕੋਈ ਸਿਖਰ ’ਤੇ ਹੈ ਤਾਂ ਉਹ ਹੇਠਾਂ ਵੀ ਆ ਸਕਦਾ ਹੈ। ਇਨ੍ਹਾਂ ਗੱਲਾਂ ਨੂੰ ਸਵੀਕਾਰ ਕੇ ਸਾਨੂੰ ਅੱਗੇ ਵੱਲ ਤੁਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕੰਮ ਪਿਆਰਾ ਹੈ ਚਮ ਪਿਆਰਾ ਨਹੀਂ ਹੈ। ਲੋਕਾਂ ਨੇ ਸਰਕਾਰ ਦੀ ਕਾਰਗੁਜ਼ਾਰੀ ਨੂੰ ਦੇਖਣਾ ਹੈ, ਇਸ ਲਈ ਸਾਨੂੰ ਵੀ ਪਹਿਲੇ ਦਿਨ ਤੋਂ ਹੀ ਲੋਕਾਂ ਲਈ ਕੰਮ ਕਰਨ ਦੀ, ਸਿਆਣੇ ਫੈਸਲੇ ਲੈਣ ਦੀ ਜ਼ਰੂਰਤ ਹੈ।
ਹੋਰ ਪੜ੍ਹੋ: ਆਮ ਆਦਮੀ ਪਾਰਟੀ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਭਾਰਤ ਬੰਦ ਦੇ ਸੱਦੇ ਦਾ ਸਮਰਥਨ
ਉਨ੍ਹਾਂ ਕਿਹਾ ਕਿ ਪੰਜਾਬ ਆਪਣਾ ਸਾਰਿਆਂ ਦਾ ਸਾਂਝਾ ਹੈ, ਸਾਨੂੰ ਸਭ ਨੂੰ ਰਲ ਕੇ ਪੰਜਾਬ ਨੂੰ ਬਹਿਤਰੀ ਵੱਲ ਲੈ ਕੇ ਜਾਣਾ ਚਾਹੀਦਾ ਹੈ। ਇਸ ਦੇ ਵਿਚ ਹੁਣ ਪ੍ਰਸ਼ਾਸਨ ਵਿਚ ਭ੍ਰਿਸ਼ਟ ਬੰਦਿਆਂ ਨੂੰ ਡਰ ਹੋਣਾ ਚਾਹੀਦਾ ਹੈ ਅਤੇ ਇਮਾਨਦਾਰਾਂ ਨੂੰ ਡਰਨ ਦੀ ਲੋੜ ਨਹੀਂ ਹੈ। ਇਸ ਲਈ ਪੰਜਾਬ ਨੂੰ ਅੱਗੇ ਲਿਜਾਣ ਲਈ ਸਾਨੂੰ ਅਤੇ ਸਭ ਲੋਕਾਂ ਨੂੰ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ ਕਿਉਂਕਿ ਇਹ ਜ਼ਿੰਮੇਵਾਰੀ ਸਭ ਦੀ ਸਾਂਝੀ ਹੈ।