ਮਨੋਰੰਜਨ ਕਾਲੀਆ ਦਾ ਬਿਆਨ, ‘BSF ਦਾ ਦਾਇਰਾ ਵਧਣ ਨਾਲ ਪੰਜਾਬ ਹੋਵੇਗਾ ਮਜ਼ਬੂਤ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੀਐਸਐਫ ਦੇ ਮੁੱਦੇ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਸੱਦੀ ਗਈ ਸਰਬ ਪਾਰਟੀ ਮੀਟਿੰਗ ਦਾ ਭਾਜਪਾ ਵਲੋਂ ਬਾਈਕਾਟ ਕੀਤਾ ਗਿਆ।

Manoranjan Kalia

ਚੰਡੀਗੜ੍ਹ (ਅਮਨਪ੍ਰੀਤ ਕੌਰ): ਬੀਐਸਐਫ ਦੇ ਮੁੱਦੇ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਸੱਦੀ ਗਈ ਸਰਬ ਪਾਰਟੀ ਮੀਟਿੰਗ ਦਾ ਭਾਜਪਾ ਵਲੋਂ ਬਾਈਕਾਟ ਕੀਤਾ ਗਿਆ। ਇਸ ਸਬੰਧੀ ਭਾਜਪਾ ਆਗੂ ਮਨੋਰੰਜਨ ਕਾਲੀਆ ਵਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ। ਉਹਨਾਂ ਕਿਹਾ ਕਿ ਬੀਐਸਐਫ ਦਾ ਅਧਿਕਾਰ ਖੇਤਰ ਵਧਣ ਨਾਲ ਪੰਜਾਬ ਹੋਰ ਮਜ਼ਬੂਤ ਹੋਵੇਗਾ। ਉਹਨਾਂ ਕਿਹਾ ਬੀਐਸਐਫ ਦਾ ਕੰਮ ਸਿਰਫ ਸਰਹੱਦੀ ਖੇਤਰ ਨਾਲ ਸਬੰਧਤ ਗਤੀਵਿਧੀਆਂ ਦੀ ਨਿਗਰਾਨੀ ਕਰਨਾ ਹੈ ਨਾ ਕਿ ਆਮ ਲੋਕਾਂ ਨੂੰ ਤੰਗ ਕਰਨਾ ਹੈ।

ਹੋਰ ਪੜ੍ਹੋ: ਗੁਰੂ ਨਾਨਕ ਦੇਵ ਜੀ ਖਿਲਾਫ਼ ਗਲਤ ਸ਼ਬਦਾਵਲੀ ਵਰਤਣ ਵਾਲਿਆਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਧਰਨਾ ਪ੍ਰਦਰਸ਼ਨ

ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਉਹਨਾਂ ਕਿਹਾ ਕਿ ਕੇਂਦਰ ਦੇ ਅਧਿਕਾਰ ਖੇਤਰ ’ਤੇ ਕੋਈ ਸੂਬਾ ਕਿੰਤੂ ਪ੍ਰੰਤੂ ਨਹੀਂ ਕਰਦਾ ਅਤੇ ਨਾ ਹੀ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਸ ਮੁੱਦੇ ’ਤੇ ਸਰਬ ਪਾਰਟੀ ਮੀਟਿੰਗ ਨਹੀਂ ਬੁਲਾਉਣੀ ਚਾਹੀਦੀ ਸੀ ਕਿਉਂਕਿ ਇਹ ਕੇਂਦਰ ਦਾ ਅਧਿਕਾਰ ਖੇਤਰ ਹੈ। ਉਹਨਾਂ ਕਿਹਾ ਕਿ ਇਹ ਦੇਸ਼ ਦੀ ਸੁਰੱਖਿਆ ਦਾ ਮਾਮਲਾ ਹੈ। ਭਾਜਪਾ ਆਗੂ ਨੇ ਦੱਸਿਆ ਕਿ ਬੀਐਸਐਫ ਐਕਟ 1968 ਵਿਚ ਬਣਿਆ ਸੀ ਅਤੇ 1969 ਵਿਚ ਲਾਗੂ ਹੋਇਆ।

ਹੋਰ ਪੜ੍ਹੋ: ਕੇਂਦਰ ਵੱਲੋਂ BSF ਰਾਹੀਂ ਅੱਧੇ ਪੰਜਾਬ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ : ਅਮਨ ਅਰੋੜਾ

2012 ਵਿਚ ਬੀਐਸਐਫ ਦਾ ਦਾਇਦਾ ਵਧਾ ਕੇ 15 ਕਿਲੋਮੀਟਰ ਕੀਤਾ ਗਿਆ, ਇਸ ਸਮੇਂ ਕਾਂਗਰਸ ਸਰਕਾਰ ਨੇ ਕੋਈ ਇਤਰਾਜ਼ ਨਹੀਂ ਜਤਾਇਆ। ਹੁਣ ਬੀਐਸਐਫ ਦੇ ਅਧਿਕਾਰ ਖੇਤਰ ਨੂੰ 15 ਤੋਂ 50 ਕਿਲੋਮੀਟਰ ਤੱਕ ਵਧਾਇਆ ਗਿਆ, ਇਸ ’ਤੇ ਇਤਰਾਜ਼ ਕਿਉਂ? ਉਹਨਾਂ ਕਿਹਾ ਕਿ ਬੀਐਸਐਫ ਨੂੰ ਸਿਰਫ ਖੋਜ ਅਤੇ ਜ਼ਬਤ ਦੀ ਪਾਵਰ ਦਿੱਤੀ ਗਈ ਹੈ, ਇਸ ਤੋਂ ਬਾਅਦ ਜੋ ਵੀ ਚੀਜ਼ ਜ਼ਬਤ ਹੋਵੇਗੀ ਉਹ ਪੰਜਾਬ ਪੁਲਿਸ ਨੂੰ ਸੌਂਪੀ ਜਾਵੇਗੀ। ਬੀਐਸਐਫ ਦਾ ਕੰਮ ਦੇਸ਼ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ। ਬੀਐਸਐਫ ਪੰਜਾਬ ਪੁਲਿਸ ਦੀ ਮਦਦ ਕਰ ਰਹੀ ਹੈ।

ਹੋਰ ਪੜ੍ਹੋ: ਗੁਰਨਾਮ ਚੜੂਨੀ ਦਾ ਐਲਾਨ, 'ਕੱਲ੍ਹ UP ਦੇ ਸਾਰੇ ਥਾਣਿਆਂ ਅੱਗੇ ਕੀਤਾ ਜਾਵੇਗਾ ਪ੍ਰਦਰਸ਼ਨ'

ਡਰੋਨ ਗਤੀਵਿਧੀਆਂ ਨੂੰ ਲੈ ਕੇ ਮਨੋਰੰਜਨ ਕਾਲੀਆ ਨੇ ਕਿਹਾ ਕਿ ਹੁਣ ਡਰੋਨ ਸਬੰਧੀ ਘਟਨਾਵਾਂ ਵਧ ਰਹੀਆਂ ਹਨ ਅਤੇ ਇਸ ਲਈ ਦੇਸ਼ ਨੇ ਬੀਐਸਐਫ ਦਾ ਅਧਿਕਾਰ ਖੇਤਰ ਵਧਾਉਣ ਦੀ ਲੋੜ ਮਹਿਸੂਸ ਕੀਤੀ। ਸਰਬ ਪਾਰਟੀ ਮੀਟਿੰਗ ਬਾਰੇ ਉਹਨਾਂ ਕਿਹਾ ਕਿ ਇਸ ਮੁੱਦੇ ’ਤੇ ਮੀਟਿੰਗ ਬੁਲਾਉਣ ਦੀ ਲੋੜ ਨਹੀਂ ਸੀ, ਇਸ ਲਈ ਪਾਰਟੀ ਨੇ ਇਸ ਮੀਟਿੰਗ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ। ਇਸ ਮਾਮਲੇ ’ਤੇ ਸਿਆਸਤ ਕੀਤੀ ਜਾ ਰਹੀ ਹੈ।

ਹੋਰ ਪੜ੍ਹੋ: ਖ਼ੁਸ਼ਖ਼ਬਰੀ! ਕੈਨੇਡਾ ਸਰਕਾਰ ਨੇ ਵੈਕਸੀਨ ਪਾਸਪੋਰਟ ਦਾ ਕੀਤਾ ਐਲਾਨ, ਜਾਣੋ ਕਿਵੇਂ ਮਿਲੇਗਾ ਇਸ ਦਾ ਲਾਭ

ਉਹਨਾਂ ਸਵਾਲ ਕੀਤਾ ਕਿ ਪਿਛਲੇ ਪੰਜ ਸਾਲਾਂ ਵਿਚ ਕਾਂਗਰਸ ਡਰੱਗ ਮਾਮਲੇ ਵਿਚ ਫੇਲ੍ਹ ਕਿਉਂ ਰਹੀ? ਸੁਖਬੀਰ ਬਾਦਲ ਗ੍ਰਹਿ ਮੰਤਰੀ ਹੋਣ ਦੇ ਬਾਵਜੂਦ ਪੰਜਾਬ ਵਿਚ ਡਰੱਗ ਕੰਟਰੋਲ ਕਿਉਂ ਨਹੀਂ ਕਰ ਸਕੇ? ਇਸ ਬਾਰੇ ਸਰਬ ਪਾਰਟੀ ਮੀਟਿੰਗ ਸੱਦੀ ਜਾਣੀ ਚਾਹੀਦੀ ਹੈ। ਕੈਪਟਨ ਅਮਰਿੰਦਰ ਸਿੰਘ ਬਾਰੇ ਗੱਲ ਕਰਦਿਆਂ ਮਨੋਰੰਜਨ ਕਾਲੀਆ ਨੇ ਕਿਹਾ ਕਿ ਕਿਸਾਨਾਂ ਦਾ ਮਸਲਾ ਹੱਲ ਹੋਣਾ ਚਾਹੀਦਾ ਹੈ, ਇਸ ਦੀ ਸਾਰਿਆਂ ਨੂੰ ਚਿੰਤਾ ਹੈ। ਆਉਣ ਵਾਲੇ ਸਮੇਂ ਵਿਚ ਜਿਸ ਦੀ ਵੀ ਭੂਮਿਕਾ ਹੋਵੇਗੀ, ਉਸ ਦਾ ਅਸੀਂ ਪਾਰਟੀ ਵਿਚ ਸਵਾਗਤ ਕਰਾਂਗੇ।