ਨਵੀਂ ਸਰਕਾਰ ਤੋਂ ਸਾਰੇ ਖੁਸ਼ ਨੇ, ਲੋਕਾਂ ਨੂੰ ਮਹਿਸੂਸ ਹੋ ਰਿਹਾ ਕਿ CM ਸਾਡੇ ਵਿਚੋਂ ਨੇ- ਰਣਦੀਪ ਨਾਭਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

‘ਕੈਪਟਨ ਨੂੰ CM ਦੀ ਕੁਰਸੀ ਤੋਂ ਲਾਹੁਣ ਨਾਲ ਸਾਰੇ ਪੰਜਾਬੀ ਖੁਸ਼ ਨੇ, ਕਿਸੇ ਨੇ ਫ਼ੈਸਲੇ ਦਾ ਵਿਰੋਧ ਨਾ ਕੀਤਾ'

Randeep Singh Nabha

ਚੰਡੀਗੜ੍ਹ (ਅਮਨਪ੍ਰੀਤ ਕੌਰ): ਸੂਬੇ ਵਿਚ ਨਵੀਂ ਸਰਕਾਰ ਦਾ ਇਕ ਮਹੀਨਾ ਪੂਰਾ ਹੋ ਚੁੱਕਿਆ ਹੈ। ਚਰਨਜੀਤ ਸਿੰਘ ਚੰਨੀ ਦੀ ਕੈਬਨਿਟ ਵਿਚ ਕਈ ਨਵੇਂ ਚਿਹਰਿਆਂ ਨੂੰ ਸ਼ਾਮਲ ਕੀਤਾ ਗਿਆ। ਇਸ ਇਕ ਮਹੀਨੇ ਦੌਰਾਨ ਅਜਿਹੇ ਕਿਹੜੇ ਕੰਮ ਹੋਏ ਜੋ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਨਹੀਂ ਹੋਏ, ਇਸ ਸਬੰਧੀ ਜਾਣਕਾਰੀ ਲਈ ਰੋਜ਼ਾਨਾ ਸਪੋਕਸਮੈਨ ਨੇ ਪੰਜਾਬ ਦੇ ਨਵੇਂ ਬਣੇ ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ ਮੰਤਰੀ ਰਣਦੀਪ ਸਿੰਘ ਨਾਭਾ ਨਾਲ ਖ਼ਾਸ ਗੱਲਬਾਤ ਕੀਤੀ। ਉਹਨਾਂ ਕਿਹਾ ਕਿ ਨਵੀਂ ਸਰਕਾਰ ਤੋਂ ਹਰ ਕੋਈ ਖੁਸ਼ ਹੈ, ਜਦੋਂ ਤੋਂ ਸਰਕਾਰ ਬਦਲੀ ਹੈ ਕਿਸੇ ਵਿਅਕਤੀ ਨੇ ਨਹੀਂ ਕਿਹਾ ਕਿ ਇਹ ਗਲਤ ਹੋਇਆ ਹੈ। ਸਾਰੇ ਲੋਕ ਖੁਸ਼ ਹਨ, ਲੋਕਾਂ ਨੂੰ ਮਹਿਸੂਸ ਹੋ ਰਿਹਾ ਹੈ ਕਿ ਮੁੱਖ ਮੰਤਰੀ ਸਾਡੇ ਵਿਚੋਂ ਹਨ।

ਨਵੀਂ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਰਣਦੀਪ ਸਿੰਘ ਨਾਭਾ ਨੇ ਕਿਹਾ ਕਿ ਪਿਛਲੇ ਕਾਫੀ ਸਮੇਂ ਤੋਂ ਪੰਜਾਬ ਕੈਬਨਿਟ ਮੀਟਿੰਗ ਵੀਡੀਓ ਕਾਨਫਰੰਸ ਜ਼ਰੀਏ ਹੀ ਹੁੰਦੀ ਸੀ ਪਰ ਹੁਣ ਕੈਬਨਿਟ ਮੀਟਿੰਗਾਂ ਦੇਰ ਰਾਤ ਨੂੰ ਸ਼ੁਰੂ ਹੁੰਦੀਆਂ ਹਨ ਅਤੇ ਲੋਕ ਭਲਾਈ ਲਈ ਕਈ ਅਹਿਮ ਫੈਸਲੇ ਲਏ ਜਾਂਦੇ ਹਨ। ਇਸ ਦੇ ਤਹਿਤ 31 ਜੁਲਾਈ ਤੱਕ 350 ਯੂਨਿਟ ਬਿਜਲੀ 2 ਕਿਲੋਵਾਟ ਤੱਕ ਮਾਫ ਕੀਤੀ ਗਈ, ਇਸ ਦਾ ਪੰਜਾਬ ਸਰਕਾਰ ’ਤੇ 1037 ਕਰੋੜ ਰੁਪਏ ਬੋਝ ਪੈ ਰਿਹਾ ਹੈ ਪਰ ਇਸ ਫੈਸਲੇ ਨਾਲ ਲੋਕਾਂ ਨੂੰ ਰਾਹਤ ਮਿਲੀ ਹੈ। ਮੁੱਖ ਮੰਤਰੀ ਚੰਨੀ ਨੇ ਵਿਧਵਾ ਅਤੇ ਬੁਢਾਪਾ ਪੈਨਸ਼ਨ ਵਿਚ ਵੀ ਵਾਧਾ ਕੀਤਾ ਹੈ। ਇਸ ਤੋਂ ਇਲਾਵਾ ਪਾਣੀ ਦੇ ਬਿੱਲ ਵੀ ਮਾਫ ਕਰਨ ਦਾ ਐਲਾਨ ਕੀਤਾ ਗਿਆ ਹੈ।

ਅਪਣੇ ਵਿਭਾਗ ਸਬੰਧੀ ਗੱਲ ਕਰਦਿਆਂ ਰਣਦੀਪ ਸਿੰਘ ਨਾਭਾ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਇਹ ਵਿਭਾਗ ਮੁੱਖ ਮੰਤਰੀ ਕੋਲ ਹੀ ਰਹਿੰਦਾ ਸੀ ਪਰ ਉਹਨਾਂ ਦੀ ਖੁਸ਼ਕਿਸਮਤੀ ਹੈ ਕਿ ਉਹਨਾਂ ਨੂੰ ਪੰਜਾਬ ਦਾ ਖੇਤੀਬਾੜੀ ਮੰਤਰੀ ਬਣਾਇਆ ਗਿਆ। ਉਹਨਾਂ ਕਿਹਾ ਕਿ ਹਿੰਦੁਸਤਾਨ ਦੀ ਜ਼ਮੀਨ ਦੇ ਰਕਬੇ ਤਹਿਤ ਪੰਜਾਬ ਦੀ ਜ਼ਮੀਨ ਦਾ 2 ਫੀਸਦੀ ਰਕਬਾ ਹੈ ਪਰ ਰਾਸ਼ਟਰੀ ਅਨਾਜ ਭੰਡਾਰ ਵਿਚ ਪੰਜਾਬ 35-40 ਫੀਸਦ ਯੋਗਦਾਨ ਪਾਉਂਦਾ ਹੈ ਅਤੇ ਗਰੀਬਾਂ ਦਾ ਢਿੱਡ ਭਰਦਾ ਹੈ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਉਹਨਾਂ ਨੂੰ ਇਹ ਅਹੁਦਾ ਬਹੁਤ ਮੁਸ਼ਕਿਲ ਹਾਲਾਤਾਂ ਵਿਚ ਮਿਲਿਆ, ਇਕ ਪਾਸੇ ਸਾਡੇ ਕਿਸਾਨ ਸੰਘਰਸ਼ ਕਰ ਰਹੇ ਹਨ ਅਤੇ ਦੂਜੇ ਪਾਸੇ ਸੂਬੇ ਵਿਚ ਡੀਏਪੀ ਦੀ ਕਿੱਲਤ ਦੇਖੀ ਜਾ ਰਹੀ ਹੈ ਤੇ ਕੇਂਦਰ ਵਲੋਂ ਪੰਜਾਬ ਨਾਲ ਵਿਤਕਰਾ ਕੀਤਾ ਗਿਆ। ਇਸ ਸਬੰਧੀ ਉਹਨਾਂ ਨੇ ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਮਨਸੁਖ ਮਾਂਡਵੀਆ ਨਾਲ ਮੁਲਾਕਾਤ ਵੀ ਕੀਤੀ। ਉਹਨਾਂ ਨੇ ਆਉਣ ਵਾਲੇ 15-20 ਦਿਨਾਂ ਵਿਚ ਡੀਏਪੀ ਦੀ ਕਮੀ ਪੂਰੀ ਕਰਨ ਦਾ ਭਰੋਸਾ ਵੀ ਦਿੱਤਾ।

ਉਹਨਾਂ ਅੱਗੇ ਕਿਹਾ ਕਿ ਪੰਜਾਬ ਦੇ ਚਾਰ ਜ਼ਿਲ੍ਹਿਆਂ ਵਿਚ ਨਰਮੇ ਦੀ ਫਸਲ ‘ਤੇ ਗੁਲਾਬੀ ਸੁੰਡੀ ਦਾ ਹਮਲਾ ਹੋਇਆ। ਕਿਸਾਨਾਂ ਨੂੰ ਨੁਕਸਾਨ ਦਾ ਮੁਆਵਜ਼ਾ ਦੇਣ ਦਾ ਐਲਾਨ ਵੀ ਕੀਤਾ ਗਿਆ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਪਿਛਲੇ 20-25 ਸਾਲਾਂ ਦੌਰਾਨ ਵਿਭਾਗ ਮੁੱਖ ਮੰਤਰੀਆਂ ਕੋਲ ਰਿਹਾ ਅਤੇ ਕਿਸੇ ਨੇ ਵਿਭਾਗ ਵੱਲ ਧਿਆਨ ਨਹੀਂ ਦਿੱਤਾ। ਇਸ ਦਾ ਕਿਸਾਨਾਂ ਨੂੰ ਨੁਕਸਾਨ ਝੱਲਣਾ ਪਿਆ। ਕਿਸਾਨ ਖੁਦਕੁਸ਼ੀਆਂ ਬਾਰੇ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਕਿਸਾਨ ਉਦੋਂ ਖੁਦਕੁਸ਼ੀ ਦਾ ਰਾਹ ਚੁਣਦਾ ਹੈ ਜਦੋਂ ਉਹ ਮਜਬੂਰ ਹੁੰਦਾ ਹੈ। ਇਹੀ ਕਾਰਨ ਹੈ ਕਿ ਕਿਸਾਨ 11 ਮਹੀਨਿਆਂ ਤੋਂ ਸੰਘਰਸ਼ ਕਰ ਰਿਹਾ ਹੈ, ਕਿਸਾਨ ਖੁਸ਼ ਨਹੀਂ ਹੈ, ਇਸੇ ਲਈ ਉਹ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਿਹਾ ਹੈ। ਕਿਸਾਨ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਕਈ ਕਿਸਾਨ ਕਰਜ਼ੇ ਦੇ ਬੋਝ ਹੇਠ ਖੁਦਕੁਸ਼ੀਆਂ ਕਰ ਰਹੇ ਹਨ ਅਤੇ ਕਈ ਕਿਸਾਨਾਂ ਨੇ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਦੌਰਾਨ ਸ਼ਹਾਦਤ ਦਿੱਤੀ ਹੈ।

ਰਣਦੀਪ ਸਿੰਘ ਨਾਭਾ ਨੇ ਕਿਹਾ ਕਿ ਹਰ ਸਰਕਾਰ ਨੇ ਕਿਤੇ ਨਾ ਕਿਤੇ ਕਿਸਾਨ ਅਤੇ ਖੇਤੀਬਾੜੀ ਸੈਕਟਰ ਨੂੰ ਨਜ਼ਰਅੰਦਾਜ਼ ਕੀਤਾ ਹੈ। ਉਹਨਾਂ ਕਿਹਾ ਕਿ ਬੀਜ ਨੀਤੀ ਸਬੰਧੀ ਵੀ ਕਿਸਾਨ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਕੈਬਨਿਟ ਮੰਤਰੀ ਨੇ ਕਿਹਾ ਕਿ ਦੋ ਦਿਨ ਪਹਿਲਾਂ ਇਜ਼ਰਾਇਲੀ ਵਫਦ ਪੰਜਾਬ ਆਇਆ ਸੀ ਅਤੇ ਇਨਵੈਸਟ ਪੰਜਾਬ ਤਹਿਤ ਪੀਐਚਡੀ ਚੈਂਬਰ ਨਾਲ ਤਾਲਮੇਲ ਤੋਂ ਬਾਅਦ ਦੋ ਐਮਓਯੂ ਸਾਈਨ ਕਰਕੇ ਪੰਜਾਬ ਵਿਚ ਦੋ ਪ੍ਰੋਸੈਸਿੰਗ ਪਲਾਂਟ ਲਗਾਏ ਜਾਣਗੇ ਤਾਂ ਜੋ ਕਿਸਾਨਾਂ ਨੂੰ ਸੰਦੇਸ਼ ਦਿੱਤਾ ਜਾ ਸਕੇ ਕਿ ਨਵੀਂ ਸਰਕਾਰ ਉਹਨਾਂ ਦੇ ਹਿੱਤ ਲਈ ਫੈਸਲੇ ਲੈਣਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਸਰਕਾਰ ਉਦੋਂ ਤੱਕ ਫਸਲੀ ਵਿਭਿੰਨਤਾ ਨਹੀ ਕਰਵਾਏਗੀ ਜਦੋਂ ਤੱਕ ਕਿਸਾਨ ਸੰਤੁਸ਼ਟ ਨਹੀਂ ਹੁੰਦਾ।

ਕਿਸਾਨੀ ਸੰਘਰਸ਼ ਬਾਰੇ ਗੱਲ ਕਰਦਿਆਂ ਪੰਜਾਬ ਦੇ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਸੰਘਰਸ਼ ਦੌਰਾਨ ਹੁਣ ਤੱਕ 157 ਕਿਸਾਨਾਂ ਨੇ ਸ਼ਹਾਦਤ ਦਿੱਤੀ ਹੈ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਨੌਕਰੀ ਲਈ ਸਰਕਾਰ ਨਿਯੁਕਤੀ ਪੱਤਰ ਦੇ ਚੁੱਕੀ ਹੈ। ਇਹ ਸਾਡਾ ਫਰਜ਼ ਬਣਦਾ ਸੀ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਕਾਨੂੰਨ ਰੱਦ ਕਰਕੇ ਕਿਸਾਨਾਂ ਦੀਆਂ ਵੱਖ-ਵੱਖ ਜਥੇਬੰਦੀਆਂ ਨਾਲ ਚਰਚਾ ਕਰਕੇ ਕਾਨੂੰਨ ਬਣਾਉਣੇ ਚਾਹੀਦੇ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਨੇ ਇਹ ਵੀ ਕਿਹਾ ਹੈ ਕਿ ਜੇ ਲੋੜ ਪਈ ਤਾਂ ਸਰਕਾਰ ਚੰਗੇ ਵਕੀਲਾਂ ਦੀ ਮਦਦ ਨਾਲ ਫਿਰ ਤੋਂ ਵਿਸ਼ੇਸ਼ ਇਜਲਾਸ ਬੁਲਾ ਕੇ ਤਿੰਨ ਖੇਤੀ ਕਾਨੂੰਨਾਂ ਦਾ ਬਾਈਕਾਟ ਕਰੇਗੀ।

ਰਣਦੀਪ ਸਿੰਘ ਨਾਭਾ ਨੇ ਕਿਹਾ ਕਿ ਅਸੀਂ ਚੋਣ ਮੈਨੀਫੈਸਟੋ ਵਿਚ ਕਈ ਵਾਅਦੇ ਕੀਤੇ ਸੀ ਪਰ ਉਹਨਾਂ ਵਿਚੋਂ ਕਈ ਵਾਅਦੇ ਪੂਰੇ ਨਹੀਂ ਹੋ ਸਕੇ। ਅਸੀਂ ਉਹ ਪੂਰੇ ਕਰਾਂਗੇ। ਸਾਰੇ ਫੈਸਲੇ ਲੋਕਾਂ ਦੇ ਹਿੱਤ ਵਿਚ ਲਏ ਜਾਣਗੇ। ਉਹਨਾਂ ਕਿਹਾ ਦੇ ਪਹਿਲੇ ਸਾਢੇ ਚਾਰ ਸਾਲਾਂ ਦੌਰਾਨ ਚੰਗੀ ਕਾਰਗੁਜ਼ਾਰੀ ਹੁੰਦੀ ਤਾਂ ਸ਼ਾਇਦ ਅੱਜ ਮੈਂ ਵਜ਼ੀਰ ਨਾ ਹੁੰਦਾ, ਨਾ ਚੰਨੀ ਸਾਬ੍ਹ ਮੁੱਖ ਮੰਤਰੀ ਹੁੰਦੇ ਅਤੇ ਨਾ ਹੀ ਸਿੱਧੂ ਪੰਜਾਬ ਕਾਂਗਰਸ ਪ੍ਰਧਾਨ ਹੁੰਦੇ। ਜਦੋਂ ਤੋਂ ਸਰਕਾਰ ਬਦਲੀ ਹੈ ਕਿਸੇ ਵਿਅਕਤੀ ਨੇ ਨਹੀਂ ਕਿਹਾ ਕਿ ਇਹ ਗਲਤ ਹੋਇਆ ਹੈ। ਸਾਰੇ ਲੋਕ ਖੁਸ਼ ਹਨ, ਲੋਕਾਂ ਨੂੰ ਮਹਿਸੂਸ ਹੋ ਰਿਹਾ ਹੈ ਕਿ ਮੁੱਖ ਮੰਤਰੀ ਸਾਡੇ ਵਿਚੋਂ ਹਨ। ਚਾਹੇ ਦਿਨ ਹੋਵੇ ਜਾਂ ਰਾਤ ਉਹ ਕੰਮ ਕਰਦੇ ਹਨ। ਉਹਨਾਂ ਕਿਹਾ ਕਿ ਸਾਡੀ ਕੋਸ਼ਿਸ਼ ਇਹੀ ਰਹੇਗੀ ਕਿ ਇਹਨਾਂ 100 ਦਿਨਾਂ ਵਿਚ ਲੋਕਾਂ ਦੇ ਹਿੱਤ ਵਿਚ ਵੱਧ ਤੋਂ ਵੱਧ ਫੈਸਲੇ ਲਏ ਜਾਣ।  

ਕੈਪਟਨ ਅਮਰਿੰਦਰ ਸਿੰਘ ਵਲੋਂ ਨਵੀਂ ਪਾਰਟੀ ਬਣਾਉਣ ਦੇ ਫੈਸਲੇ ’ਤੇ ਰਣਦੀਪ ਸਿੰਘ ਨਾਭਾ ਨੇ ਕਿਹਾ ਕਿ ਕੈਪਟਨ ਨੇ ਗ੍ਰਹਿ ਮੰਤਰੀ ਅਤੇ ਪ੍ਰਧਾਨ ਮੰਤਰੀ ਨਾਲ ਕਈ ਮੁਲਾਕਾਤਾਂ ਕੀਤੀਆਂ ਹਨ। ਜੇ ਇਹੀ ਕੰਮ ਪਹਿਲਾਂ ਕੀਤਾ ਹੁੰਦਾ ਤਾਂ ਬੇਕਸੂਰ ਕਿਸਾਨਾਂ ਦੀਆਂ ਜਾਨਾਂ ਨਾ ਜਾਂਦੀਆਂ। ਜੇ ਅੱਜ ਉਹ ਅਜਿਹਾ ਕਰ ਰਹੇ ਹਨ ਤਾਂ ਉਹਨਾਂ ਦੀ ਸੋਚ ਵਿਚ ਕੋਈ ਕਮੀ ਰਹੀ ਹੈ। ਉਹਨਾਂ ਕਿਹਾ ਕਿ ਪਾਰਟੀ ਨੇ ਉਹਨਾਂ ਨੂੰ ਬਹੁਤ ਮਾਣ ਸਤਿਕਾਰ ਦਿੱਤਾ ਹੈ। ਹੁਣ ਉਹ ਅਪਣੀ ਜਿੱਦ ਭੁਗਤਾਉਣ ਲਈ ਕਾਂਗਰਸ ਨੂੰ ਨੀਵਾਂ ਦਿਖਾਉਣਾ ਚਾਹੁੰਦੇ ਹਨ। ਸਾਰਾ ਪੰਜਾਬ ਜਾਣਦਾ ਹੈ ਕਿ  ਕੈਪਟਨ ਪਹਿਲਾਂ ਵੀ ਭਾਜਪਾ ਨਾਲ ਸੀ ਤੇ ਹੁਣ ਵੀ ਭਾਜਪਾ ਨਾਲ ਹਨ। ਕੈਬਨਿਟ ਮੰਤਰੀ ਨੇ ਦਾਅਵਾ ਕੀਤਾ ਕਿ ਉਹਨਾਂ ਨੂੰ ਪੂਰਾ ਯਕੀਨ ਹੈ ਕਿ 2022 ਵਿਚ ਪੰਜਾਬ ’ਚ ਮੁੜ ਕਾਂਗਰਸ ਦੀ ਸਰਕਾਰ ਬਣੇਗੀ।