ਪੰਜਾਬ ਨੂੰ ਬਣਾਵਾਂਗੇ ਦੇਸ਼ ਦਾ ਸਭ ਤੋਂ ਸੁਰੱਖਿਅਤ ਸੂਬਾ: ਭਗਵੰਤ ਮਾਨ
‘ਆਪ’ ਪੰਜਾਬ ਨੂੰ ਦੇਵੇਗੀ ਮਜ਼ਬੂਤ ਅਤੇ ਇਮਾਨਦਾਰ ਸਰਕਾਰ, ਅਮਨ ਸ਼ਾਂਤੀ ਅਤੇ ਭਾਈਚਾਰਾ ਕਾਇਮ ਕਰਨਾ ਸਾਡੀ ਤਰਜੀਹ : ਭਗਵੰਤ ਮਾਨ
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ, ਸੰਸਦ ਮੈਂਬਰ ਅਤੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਪੰਜਾਬ ਦੀ ਅੰਦਰੂਨੀ ਸੁਰੱਖਿਆ,ਅਮਨ ਸ਼ਾਂਤੀ ਅਤੇ ਭਾਈਚਾਰਾ ਆਮ ਆਦਮੀ ਪਾਰਟੀ ਸਰਕਾਰ ਦੀ ਸਭ ਤੋਂ ਪਹਿਲੀ ਤਰਜੀਹ ਅਤੇ ਜ਼ਿੰਮੇਵਾਰੀ ਹੋਵੇਗੀ ਅਤੇ ਪੰਜਾਬ ਨੂੰ ਦੇਸ਼ ਦਾ ਸਭ ਤੋਂ ਸੁਰੱਖਿਅਤ ਸੂਬਾ ਬਣਾਵਾਂਗੇ। ਮਾਨ ਨੇ ਕਿਹਾ ਕਿ ਪੰਜਾਬ ਪੁਲੀਸ ਸੂਬੇ ਦੀ ਅੰਦਰੂਨੀ ਸੁਰੱਖਿਆ ਕਰਨ ਦੇ ਕਾਬਲ ਹੈ, ਇਸ ਲਈ ਪੰਜਾਬ ਪੁਲੀਸ ਨੂੰ ਪੂਰੀ ਖੁੱਲ (ਫਰੀ ਹੈਂਡ) ਦਿੱਤੀ ਜਾਵੇਗੀ ਅਤੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ‘ਡਰੱਗ ਟਾਸਕ ਫੋਰਸ’ ਬਣਾਈ ਜਾਵੇਗੀ।
Bhagwant Mann
ਬੁੱਧਵਾਰ ਨੂੰ ਪਾਰਟੀ ਮੁੱਖ ਦਫ਼ਤਰ ਵਿਖੇ ਇੱਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ, ‘‘ਪੰਜਾਬ ਸਰਹੱਦੀ ਸੂਬਾ ਹੈ। ਸਰਹੱਦ ਪਾਰ ਤੋਂ ਡਰੋਨ ਆਉਂਦੇ ਹਨ ਅਤੇ ਦੇਸ਼ ਵਿਰੋਧੀ ਤਾਕਤਾਂ ਸੂਬੇ ਦੀ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਭੰਗ ਕਰਨ ’ਚ ਲੱਗੀਆਂ ਰਹਿੰਦੀਆਂ ਹਨ। ਬੇਅਦਬੀਆਂ ਅਤੇ ਬੰਬ ਧਮਾਕੇ ਇਸੇ ਕੜੀ ਵਿੱਚ ਹਨ। ਪਰ ਪੰਜਾਬੀਆਂ ਦੀ ਫ਼ਿਦਰਤ ਹੈ ਕਿ ਉਹ ਆਪਣੀ ਭਾਈਚਾਰਕ ਸਾਂਝ ਨਹੀਂ ਤੋੜਦੇ।’’ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਕੋਲ ਪੰਜਾਬ ਦੀ ਅੰਦਰੂਨੀ ਸੁਰੱਖਿਆ ਲਈ ‘ਰੋਡ ਮੈਪ’ ਤਿਆਰ ਹੈ। ਪੰਜਾਬ ਵਿੱਚ ਬਣਨ ਵਾਲੀ ਆਮ ਆਦਮੀ ਪਾਰਟੀ ਸਰਕਾਰ ਸੂਬੇ ਦੀ ਅਰੰਦਰੂਨੀ ਸੁਰੱਖਿਆ ਅਤੇ ਅਮਨ ਸ਼ਾਂਤੀ ਨੂੰ ਕਾਇਮ ਰੱਖਣ ਲਈ ਜ਼ਿੰਮੇਵਾਰ ਹੋਵੇਗੀ।
Bhagwant Mann
ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੀ ਅੰਦਰੂਨੀ ਸੁਰੱਖਿਆ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਅਤੇ ਪੰਜਾਬ ਪੁਲੀਸ ਸੂਬੇ ਦੀ ਅੰਦਰੂਨੀ ਸੁਰੱਖਿਆ ਕਰਨ ਅਤੇ ਹੋਰ ਗੈਰ ਕਾਨੂੰਨੀ ਗਤੀਵਿਧੀਆਂ ਰੋਕਣ ਦੇ ਕਾਬਲ ਹੈ, ਪਰ ਕਾਂਗਰਸ, ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੇਲੇ ਪੁਲੀਸ ਪ੍ਰਸ਼ਾਸਨ ਵਿੱਚ ਰਾਜਨੀਤਿਕ ਦਖਲਅੰਦਾਜ਼ੀ ਭਾਰੂ ਰਹਿੰਦੀ ਹੈ। ਇਸ ਕਰਕੇ ਪੰਜਾਬ ਪੁਲੀਸ ਦੇ ਅਧਿਕਾਰੀ ਅਤੇ ਜਵਾਨ ਆਜ਼ਾਦ ਤਰੀਕੇ ਨਾਲ ਕੰਮ ਨਹੀਂ ਕਰ ਸਕਦੇ। ਕਾਂਗਰਸ ਸਰਕਾਰ ਦੀ ਅਲੋਚਨਾ ਕਰਦਿਆਂ ਮਾਨ ਨੇ ਕਿਹਾ ਕਿ ਇਸ ਨੇ ਸਰਕਾਰ ਚਾਰ ਡੀ.ਜੀ.ਪੀ ਬਦਲੇ ਹਨ, ਜਿਸ ਕਰਕੇ ਪੁਲੀਸ ਅਧਿਕਾਰੀ ਕੋਈ ਫ਼ੈਸਲਾ ਹੀ ਨਹੀਂ ਲੈ ਸਕਦੇ। ਉਹਨਾਂ ਦੋਸ਼ ਲਾਇਆ ਕਿ ਕਾਂਗਰਸ ਅਤੇ ਅਕਾਲੀ ਦਲ ਸਰਕਾਰ ਵੇਲੇ ਬੇਅਦਬੀਆਂ ਹੋਈਆਂ, ਔਰਤਾਂ ਨਾਲ ਛੇੜਛਾੜ ਦੇ ਮਾਮਲੇ ਵਧੇ, ਗੈਂਗਵਾਰ ਅਤੇ ਲੁੱਟਾਂ ਖੋਹਾਂ ਹੁੰਦੀਆਂ ਰਹੀਆਂ, ਕਿਉਂਕਿ ਪੰਜਾਬ ਪੁਲੀਸ ਨੂੰ ਆਜ਼ਾਦ ਤਰੀਕੇ ਨਾਲ ਕੰਮ ਨਹੀਂ ਕਰਨ ਦਿੱਤਾ ਜਾਦਾ। ਮੰਤਰੀਆਂ ਅਤੇ ਵਿਧਾਇਕਾਂ ਦੀ ਪੁਲੀਸ ਦੇ ਕੰਮਾਂ ਵਿੱਚ ਦਖ਼ਲਅੰਦਾਜ਼ੀ ਬਹੁਤ ਜਿਆਦਾ ਹੁੰਦੀ ਹੈ।
Bhagwant Mann
‘ਆਪ’ ਆਗੂ ਨੇ ਕਿਹਾ ਕਿ ਆਮ ਦੋਸ਼ ਲੱਗਦੇ ਰਹਿੰਦੇ ਹਨ, ‘‘ ਕਾਂਗਰਸ ਅਤੇ ਅਕਾਲੀ ਦਲ ਦੀਆਂ ਸਰਕਾਰਾਂ ਵਿੱਚ ਐਸ.ਐਸ.ਪੀ ਅਤੇ ਐਸ.ਪੀ ਦੀਆਂ ਨਿਯੁਕਤੀਆਂ ਪੈਸੇ ਲੈ ਕੀਤੀਆਂ ਜਾਂਦੀਆਂ ਹਨ, ਜਦੋਂ ਅਧਿਕਾਰੀ ਪੈਸੇ ਦੇ ਕੇ ਲੱਗਦੇ ਹਨ ਤਾਂ ਉਹ ਪਹਿਲਾਂ ਪੈਸੇ ਇੱਕਠੇ ਕਰਦੇ ਹਨ ਕਿਉਂਕਿ ਉਹਨਾਂ ਪੈਸੇ ਉਪਰ ਤੱਕ ਪਹੁੰਚਾਉਣੇ ਹੁੰਦੇ ਹਨ। ਇਸ ਕਾਰਨ ਪੁਲੀਸ ਅਧਿਕਾਰੀ ਗਲਤ ਅਨਸਰਾਂ ਬਚਾਉਂਦੇ ਹਨ। ਮਾਨ ਨੇ ਕਿਹਾ ਕਿ ਜਦੋਂ ਚੋਣਾ ਹੁੰਦੀਆਂ ਹਨ ਤਾਂ ਪੰਜਾਬ ਸਮੇਤ ਦੇਸ਼ ਲੋਕਾਂ ਨੂੰ ਡਰਾਉਣ ਦਾ ਕੰਮ ਕੀਤਾ ਜਾਂਦਾ ਹੈ। ਭਾਜਪਾ ਅਤੇ ਕੈਪਟਨ ਅਮਰਿੰਦਰ ਸਿੰਘ ਚੋਣਾ ਵੇਲੇ ਪਾਕਿਸਤਾਨ ਦਾ ਡਰ ਦਿਖਾਉਣ ਲੱਗ ਜਾਂਦੇ ਹਨ।
Bhagwant Mann
ਮਾਨ ਨੇ ਦਾਅਵਾ ਕੀਤਾ ਕਿ ਇਸ ਵਾਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ, ਕਿਉਂਕਿ ਲੋਕਾਂ ਨੇ ਆਪਣੇ ਆਪ ਨੂੰ ਵੋਟਾਂ ਪਾਉਣੀਆਂ ਹਨ। ਉਹਨਾਂ ਕਿਹਾ, ‘‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਪੁਲੀਸ ਨੂੰ ਪੂਰੀ ਖੁਲ ਦਿੱਤੀ ਜਾਵੇਗੀ ਤਾਂ ਜੋ ਸੂਬੇ ਵਿੱਚ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਕਾਇਮ ਰਹੇ। ਪੁਲੀਸ ਦੇ ਚੰਗੇ ਅਧਿਕਾਰੀਆਂ ਨੂੰ ਫੀਲਡ ਵਿੱਚ ਨਿਯੁਕਤ ਕੀਤਾ ਜਾਵੇਗਾ। ਪੁਲੀਸ ਦੇ ਕੰਮਾਂ ਵਿੱਚ ਰਾਜਨੀਤਿਕ ਦਖ਼ਲਅੰਦਾਜ਼ੀ ਬੰਦ ਕੀਤੀ ਜਾਵੇਗੀ। ਜੇ ਕੋਈ ਵਿਧਾਇਕ ਜਾਂ ਮੰਤਰੀ ਥਾਣੇ ਫੋਨ ਕਰੇਗਾ ਜਾਂ ਕੋਈ ਦਖਲਅੰਦਾਜ਼ੀ ਕਰੇਗਾ ਤਾਂ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।’’
Bhagwant Mann
ਨਸ਼ਾ ਮਾਫ਼ੀਆ ਖ਼ਤਮ ਕਰਨ ਦੀ ਯੋਜਨਾ ਦੱਸਦਿਆਂ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ‘ਡਰੱਗ ਟਾਸਕ ਫੋਰਸ’ ਬਣਾਈ ਜਾਵੇਗੀ ਅਤੇ ਇਸ ਫੋਰਸ ਵਿੱਚ ਵੀ ਕੋਈ ਰਾਜਨੀਤਿਕ ਦਖਲਅੰਦਾਜ਼ੀ ਨਹੀਂ ਹੋਵੇਗੀ। ਫੋਰਸ ਪੂਰੇ ਆਜ਼ਾਦ ਤਰੀਕੇ ਨਾਲ ਕੰਮ ਕਰੇਗੀ। ਪੰਜਾਬ ਪੁਲੀਸ ਦਾ ਮਨੋਬੱਲ ਵਧਾਉਣ ਦੀ ਗੱਲ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਪੁਲੀਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਮੰਤਰੀਆਂ ਅਤੇ ਵਿਧਾਇਕਾਂ ਵੱਲੋਂ ਡਰਾਉਣ, ਧਮਕਾਉਣ ਦੀਆਂ ਗਤੀਵਿਧੀਆਂ ਬੰਦ ਕੀਤੀਆਂ ਜਾਣਗੀਆਂ। ਪੁਲੀਸ ਨੂੰ ਤੰਗ ਕਰਨ ਦਾ ਮਹੌਲ ਖ਼ਤਮ ਕੀਤਾ ਜਾਵੇਗਾ। ਰਾਜਨੀਤਿਕ ਆਗੂਆਂ ਅਤੇ ਹੋਰਨਾਂ ਦੀ ਸੁਰੱਖਿਆ ਵਿੱਚ ਲੱਗੇ ਪੁਲੀਸ ਮੁਲਾਜ਼ਮਾਂ ਦੀ ਸਮੀਖਿਆ ਕੀਤੀ ਜਾਵੇਗੀ ਅਤੇ ਥਾਣਿਆਂ ਵਿੱਚ ਪੁਲੀਸ ਨਫ਼ਰੀ ਵਧਾਈ ਜਾਵੇਗੀ। ‘ਆਪ’ ਦੀ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਦੇ ਸਾਰੇ ਮਸਲੇ ਹੱਲ ਕੀਤੇ ਜਾਣਗੇ ਅਤੇ ਧਰਨੇ ਰੈਲੀਆਂ ਦਾ ਦੌਰ ਖ਼ਤਮ ਕੀਤਾ ਜਾਵੇਗਾ।