ਅਮਰੀਕੀ ਰਾਸ਼ਟਪਤੀਆਂ ਦੇ ਆਉਣ 'ਤੇ ਸਿੱਖਾਂ ਅਤੇ ਘੱਟ ਗਿਣਤੀਆਂ ਦੇ ਕਤਲ ਕਿਉਂ ਹੁੰਦੇ ਹਨ?: ਜਥੇਦਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਢਡਰੀਆਂ ਵਾਲੇ ਦੇ ਨਕਲੀ ਨਿਰੰਕਾਰੀਆਂ ਦੇ ਰਸਤੇ 'ਤੇ ਚਲਣ ਦਾ ਖਦਸ਼ਾ

Photo

ਅੰਮ੍ਰਿਤਸਰ : ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿ. ਹਰਪ੍ਰੀਤ ਸਿੰਘ ਨੇ ਪਾਕਿਸਤਾਨ ਤੋਂ ਵਾਪਸ ਪਰਤਣ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਜਦ ਭਾਰਤ ਆਏ ਸਨ ਤਾਂ ਉਸ ਵੇਲੇ ਚਿੱਟੀ ਸਿੰਘਪੁਰਾ ਵਿਖੇ 36 ਸਿੱਖਾਂ ਦਾ ਕਤਲੇਆਮ ਹੋਇਆ।

ਹੁਣ ਅਮਰੀਕੀ ਰਾਸ਼ਟਰਪਤੀ ਟਰੰਪ ਆਏ ਹਨ ਤਾਂ ਹਿੰਸਕ ਘਟਨਾਵਾਂ ਵਿਚ ਘੱਟ ਗਿਣਤੀ ਦੇ ਲੋਕ ਮਾਰੇ ਗਏ ਹਨ। ਵਿਵਾਦਤ ਸਿੱਖ ਪ੍ਰਚਾਰਕ ਰਣਜੀਤ ਸਿੰਘ ਢਡਰੀਆਂ ਵਾਲੇ ਬਾਰੇ ਉਨ੍ਹਾਂ ਕਿਹਾ ਕਿ ਉਹ ਨਕਲੀ ਨਿਰੰਕਾਰੀਆਂ ਵਾਲੇ ਰਸਤੇ ਵਲ ਵਧ ਰਹੇ ਹਨ। ਇਸ ਪਿਛੇ ਕੁੱਝ ਤਾਕਤਾਂ ਦੇ ਹੋਣ ਦਾ ਖਦਸ਼ਾ ਹੈ।

ਸਿੱਖ ਕੌਮ ਦੇ ਜਥੇਦਾਰ ਟੀਵੀ ਤੇ ਬਹਿਸ ਨਹੀਂ ਕਰਦੇ। ਉਨ੍ਹਾਂ ਨੂੰ ਧਾਰਮਕ ਸਮਾਗਮ ਬੰਦ ਕਰਨ ਦੀ ਥਾਂ ਅਕਾਲ ਤਖ਼ਤ ਵਲੋਂ ਬਣਾਈ ਗਈ ਕਮੇਟੀ ਅੱਗੇ ਪੇਸ਼ ਹੋ ਕੇ ਗੱਲਬਾਤ ਕਰਨੀ ਚਾਹੀਦੀ ਹੈ। ਉਨ੍ਹਾਂ ਡੇਰਾ ਸੌਦਾ ਸਾਧ ਨੂੰ ਦਿਤੀ ਗਈ ਮਾਫ਼ੀ ਬਾਰੇ ਸਾਬਕਾ ਜਥੇਦਾਰ ਗਿ. ਗੁਰਬਚਨ ਸਿੰਘ ਵਲੋਂ ਦਿਤੇ ਬਿਆਨ ਬਾਰੇ ਕੁੱਝ ਵੀ ਕਹਿਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਇਸ ਬਾਰੇ ਕੁੱਝ ਨਹੀਂ ਆਖਣਗੇ।

ਸਾਕਾ ਨਨਕਾਣਾ ਸਾਹਿਬ ਦੀ ਸ਼ਤਾਬਦੀ ਦੀ ਵਿਸ਼ਵ ਦੇ ਸਿੱਖਾਂ ਨਾਲ ਮਿਲ ਕੇ ਮਨਾਈ ਜਾਵੇਗੀ। ਭਾਈ ਮਨੀ ਸਿੰਘ ਤੇ ਭਾਈ ਮਤੀ ਦਾਸ ਜੀ ਦੀ ਯਾਦ ਵਿਚ ਇਮਾਰਤ ਬਣਾਈ ਜਾਵੇਗੀ ਪਰ ਪਹਿਲਾਂ ਬਣੀ ਵਿਰਾਸਤ ਨੂੰ ਜਿਉਂ ਦਾ ਤਿਉਂ ਰੱਖਿਆ ਜਾਵੇਗਾ। ਇਸ ਬਾਰੇ ਗੱਲਬਾਤ ਸਬੰਧਤ ਧਿਰਾਂ ਨਾਲ ਪਾਕਿਸਤਾਨ ਵਿਚ ਕਰ ਲਈ ਗਈ ਹੈ। ਨਾਭਾ ਜੇਲ ਦੇ ਕੇਸ ਬਾਰੇ ਉਨ੍ਹਾਂ ਕਿਹਾ ਕਿ ਇਸ ਧਾਰਮਕ ਮੁੱਦੇ ਨੂੰ ਅਣਡਿੱਠ ਕਰਨਾ ਵਾਜਬ ਨਹੀਂ ਹੈ।