ਮਾਲ/ਨਹਿਰੀ ਪਟਵਾਰੀ ਅਤੇ ਜ਼ਿਲ੍ਹੇਦਾਰ ਦੀਆਂ ਅਸਾਮੀਆਂ ਲਈ ਮਈ 'ਚ ਹੋਵੇਗੀ ਲਿਖਤੀ ਪ੍ਰੀਖਿਆ: ਰਮਨ ਬਹਿਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਾਲ ਪਟਵਾਰੀ, (ਨਹਿਰੀ ਪਟਵਾਰੀ) ਅਤੇ ਜ਼ਿਲ੍ਹੇਦਾਰ ਦੀਆਂ 1152 ਅਸਾਮੀਆਂ ਲਈ ਉਮੀਦਵਾਰਾਂ...

Punjab Govt

ਚੰਡੀਗੜ੍ਹ: ਮਾਲ ਪਟਵਾਰੀ, (ਨਹਿਰੀ ਪਟਵਾਰੀ) ਅਤੇ ਜ਼ਿਲ੍ਹੇਦਾਰ ਦੀਆਂ 1152 ਅਸਾਮੀਆਂ ਲਈ ਉਮੀਦਵਾਰਾਂ ਤੋਂ ਆਨਲਾਈਲ ਅਰਜੀਆਂ ਦੀ ਮੰਗ ਕੀਤੀ ਗਈ ਸੀ। ਹੁਣ ਬੋਰਡ ਵਲੋਂ ਇਨ੍ਹਾਂ ਅਸਾਮੀਆਂ ਲਈ 02 ਮਈ 2021 ਦਿਨ ਐਤਵਾਰ ਨੂੰ ਲਿਖਤੀ ਪ੍ਰੀਖਿਆ ਲਈ ਜਾਵੇਗੀ। ਉਕਤ ਜਾਣਕਾਰੀ ਅੱਜ ਇਥੇ ਐਸ.ਐਸ. ਬੋਰਡ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਦਿੱਤੀ।

ਸ਼੍ਰੀ ਬਹਿਲ ਨੇ ਦੱਸਿਆ ਕਿ ਇਹਨਾਂ ਅਸਾਮੀਆਂ ਲਈ ਲਗਭਗ ਦੋ ਲੱਖ ਚੌਂਤੀ ਹਜਾਰ (2,34,000) ਉਮੀਦਵਾਰਾਂ ਵਲੋਂ ਅਪਲਾਈ ਕੀਤਾ ਗਿਆ ਹੈ। ਇਹ ਭਰਤੀ ਦੀ ਪ੍ਰਕਿਰਿਆ ਦੋ ਪੜਾਵਾਂ ਵਿੱਚ ਮੁਕੰਮਲ ਹੋਵੇਗੀ। ਉਨ੍ਹਾਂ ਦੱਸਿਆ ਕਿ  ਪਹਿਲੀ ਪ੍ਰੀਖਿਆ ਵਿੱਚੋਂ ਕੈਟਾਗਰੀ ਵਾਈਜ਼ ਅਸਾਮੀਆਂ ਦੀ ਗਿਣਤੀ ਦੇ ਉਪਰਲੀ ਮੈਰਿਟ ਵਿੱਚ ਆਉਣ ਵਾਲੇ 10 ਗੁਣਾ ਉਮੀਦਵਾਰਾਂ ਦੀ ਦੂਸਰੇ ਚਰਣ ਦੀ ਪ੍ਰੀਖਿਆ ਲਈ ਜਾਵੇਗੀ।

ਸ਼੍ਰੀ ਬਹਿਲ ਨੇ ਦੱਸਿਆ ਕਿ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਨਿਰਪੱਖ, ਪਾਰਦਰਸ਼ਤਾ ਅਤੇ ਘਰ-ਘਰ ਰੋਜਗਾਰ ਦੀ ਨੀਤੀ ਤੇ ਪਹਿਰਾ ਦਿੰਦੇ ਹੋਏ ਬੋਰਡ ਵਲੋਂ ਭਰਤੀ ਵਿੱਚ ਆਧੁਨਿਕ ਤਕਨੀਕ ਜਿਵੇਂ ਜੈਮਰ, ਬਾਇਓਮੈਟਰਿਕ, ਵੀਡੀਓਗ੍ਰਾਫੀ ਆਦਿ ਦੀ ਮੱਦਦ ਨਾਲ ਪ੍ਰੀਖਿਆਵਾਂ ਨੂੰ ਪਾਰਦਰਸ਼ਤਾ ਨਾਲ ਨੇਪਰੇ ਚਾੜਿਆ ਜਾਵੇਗਾ ਅਤੇ ਭਰਤੀ ਨਿਰੋਲ ਮੈਰਿਟ ‘ਤੇ ਹੀ ਕੀਤੀ ਜਾਵੇਗੀ।

ਉਨ੍ਹਾਂ ਉਮੀਦਵਾਰਾਂ ਨੂੰ ਲਿਖਤੀ ਪ੍ਰੀਖਿਆ ਵਿੱਚ ਸਫਲ ਹੋਣ ਲਈ ਸਖਤ ਮਿਹਨਤ ਕਰਨ ਦਾ ਸੁਝਾਅ ਦਿੰਦੇ ਹੋਏ ਉਹਨਾਂ ਦੀ ਸਫਲਤਾ ਦੀ ਕਾਮਨਾ ਕੀਤੀ ਹੈ। ਲਿਖਤੀ ਪ੍ਰੀਖਿਆ ਦਾ ਸਮਾਂ, ਪ੍ਰੀਖਿਆ ਕੇਂਦਰ, ਲਿਖਤੀ ਪ੍ਰੀਖਿਆ ਵਿੱਚ ਹਾਜ਼ਰ ਹੋਣ ਲਈ ਲੋੜੀਂਦਾ ਐਡਮਿਟ ਕਾਰਡ/ਰੋਲ ਨੰਬਰ, ਪ੍ਰੀਖਿਆ ਦੇ ਨਿਯਮ/ਸ਼ਰਤਾਂ/ਹਦਾਇਤਾਂ ਅਤੇ ਹੋਰ ਜਾਣਕਾਰੀ ਬਾਅਦ ਵਿੱਚ ਸਿਰਫ਼ ਬੋਰਡ ਦੀ ਵੈਬਸਾਈਟ ’ਤੇ ਉਪਲੱਬਧ ਕਰਵਾਈ ਜਾਵੇਗੀ।