ਅਕਾਲੀ-ਭਾਜਪਾ ਦੀ ਨਸ਼ਾ ਮਾਫ਼ੀਆ ਵਿਰਾਸਤ ਨੂੰ ਅੱਗੇ ਵਧਾ ਰਹੀ ਹੈ ਕੈਪਟਨ ਸਰਕਾਰ : ਪ੍ਰਿੰਸੀਪਲ ਬੁੱਧ ਰਾਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਸ਼ਾ ਤੇ ਰੁਜ਼ਗਾਰ ਦੇ ਮੁੱਦੇ ਤੇ ਕਾਂਗਰਸੀਆਂ ਨੂੰ ਖਰੀਆਂ ਖੋਟੀਆਂ ਸੁਣਾਵੇ ਜਨਤਾ : ਮਨਜਿੰਦਰ ਸਿੱਧੂ

Principal Budhram

ਚੰਡੀਗੜ੍ਹ : ਰਾਮਾ ਮੰਡੀ ਦੀ ਇੱਕ 13 ਸਾਲਾ ਬੱਚੀ ਦੇ ਨਸ਼ੇ ਦੀ ਆਦੀ ਹੋਣ ਦੇ ਸਨਸਨੀਖ਼ੇਜ਼ ਖ਼ੁਲਾਸੇ ਉਪਰੰਤ ਗੁਰਦਾਸਪੁਰ, ਫ਼ਿਰੋਜ਼ਪੁਰ ਅਤੇ ਤਰਨਤਾਰਨ ਜ਼ਿਲ੍ਹਿਆਂ ਵਿੱਚ ਤਿੰਨ ਨੌਜਵਾਨਾਂ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਉੱਤੇ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਉੱਤੇ ਮੰਗਲਵਾਰ ਨੂੰ ਫਿਰ ਨਿਸ਼ਾਨਾ ਸਾਧਿਆ ਹੈ।

'ਆਪ' ਮੁੱਖ ਦਫ਼ਤਰ ਵੱਲੋਂ ਜਾਰੀ ਬਿਆਨ ਰਾਹੀਂ 'ਆਪ' ਦੀ ਸੂਬਾ ਕੋਰ ਕਮੇਟੀ ਦੇ ਚੇਅਰਮੈਨ ਅਤੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਅਤੇ ਯੂਥ ਵਿੰਗ ਦੇ ਸੂਬਾ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਇੱਕ ਪਾਸੇ ਕਿਸਾਨ ਅਤੇ ਮਜ਼ਦੂਰ ਕਿਸਾਨ ਵਿਰੋਧੀ ਨੀਤੀਆਂ ਅਤੇ ਵਾਅਦਾ ਖ਼ਿਲਾਫੀਆਂ ਕਾਰਨ ਖ਼ੁਦਕੁਸ਼ੀਆਂ ਦੇ ਕੁਰਾਹੇ ਪਏ ਹੋਏ ਹਨ, ਦੂਜੇ ਪਾਸੇ ਸੂਬੇ 'ਚ ਵਹਿੰਦੇ ਨਸ਼ਿਆਂ ਦਾ ਦਰਿਆ ਹਰ ਰੋਜ਼ ਹੀਰਿਆਂ ਵਰਗੇ ਨੌਜਵਾਨਾਂ ਨੂੰ ਮੌਤ ਬਣਦਾ ਸ਼ੂਕ ਰਿਹਾ ਹੈ, ਪਰ ਪਿਛਲੀ ਬਾਦਲ ਸਰਕਾਰ ਵਾਂਗ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਨਸ਼ਾ ਤਸਕਰਾਂ ਨੂੰ ਆਪਣਾ ਕਾਰੋਬਾਰ ਕਰਨ ਦੀ ਖੁੱਲ੍ਹੀ ਛੁੱਟੀ ਦਿੱਤੀ ਹੋਈ ਹੈ।

ਪ੍ਰਿੰਸੀਪਲ ਬੁੱਧਰਾਮ ਨੇ ਕੈਪਟਨ ਅਮਰਿੰਦਰ ਸਿੰਘ ਸਮੇਤ ਸਮੁੱਚੀ ਕਾਂਗਰਸ ਲੀਡਰਸ਼ਿਪ ਨੂੰ ਕਿਹਾ ਕਿ ਉਹ ਤਖ਼ਤ ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ) ਜਾ ਕੇ ਸਮੂਹ ਪੰਜਾਬੀਆਂ ਅਤੇ ਪੰਥ ਤੋਂ ਮੁਆਫ਼ੀ ਮੰਗਣ ਕਿ ਉਹ ਨਸ਼ੇ ਦੇ ਖ਼ਾਤਮੇ ਲਈ ਆਪਣਾ ਵਾਅਦਾ ਨਿਭਾਉਣ ਵਿਚ ਬੁਰੀ ਤਰ੍ਹਾਂ ਫ਼ੇਲ੍ਹ ਹੋਏ ਹਨ। ਜਦਕਿ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਵੱਲ ਮੂੰਹ ਕਰ ਕੇ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਵਾਅਦਾ ਕੀਤਾ ਸੀ ਕਿ ਉਹ ਸੱਤਾ ਸੰਭਾਲਣ ਉਪਰੰਤ ਚਾਰ ਹਫ਼ਤਿਆਂ ਵਿੱਚ ਸੂਬੇ ਵਿੱਚੋਂ ਨਸ਼ੇ ਖ਼ਤਮ ਕਰਨ ਅਤੇ ਨਸ਼ਾ ਤਸਕਰਾਂ ਨੂੰ ਜੇਲਾਂ 'ਚ ਸੁੱਟ ਦੇਣਗੇ।

ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਹਰ ਰੋਜ਼ ਨਸ਼ੇ ਦੀ ਓਵਰਡੋਜ਼ ਨਾਲ ਮੌਤਾਂ ਸੁਰਖ਼ੀਆਂ ਬਣ ਰਹੀਆਂ ਹਨ ਅਤੇ ਨਸ਼ਿਆਂ ਦੀ ਹੋਮ ਡਲਿਵਰੀ ਜਿਉਂ ਦੀ ਤਿਉਂ ਜਾਰੀ ਹੈ। ਜਿਸ ਤੋਂ ਸਾਬਤ ਹੁੰਦਾ ਹੈ ਕਿ ਨਾ ਨਸ਼ੇ ਕਾਬੂ ਵਿੱਚ ਆਏ ਹਨ ਅਤੇ ਨਾ ਹੀ ਨਸ਼ਾ ਤਸਕਰ। ਯੂਥ ਵਿੰਗ ਦੇ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ ਨੇ ਪੰਜਾਬ ਦੇ ਲੋਕਾਂ ਖ਼ਾਸ ਕਰ ਕੇ ਪੜ੍ਹੇ ਲਿਖੇ ਭੈਣਾਂ-ਭਰਾਵਾਂ ਨੂੰ ਅਪੀਲ ਕੀਤੀ ਕਿ ਉਹ ਲੋਕ ਸਭਾ ਦੀਆਂ ਆਗਾਮੀ ਚੋਣਾਂ ਵਿੱਚ ਵੋਟਾਂ ਮੰਗਣ ਆਏ ਕਾਂਗਰਸੀਆਂ ਨੂੰ ਨਸ਼ਿਆਂ ਅਤੇ ਬੇਰੁਜ਼ਗਾਰੀ ਦੇ ਮੁੱਦਿਆਂ ਉੱਤੇ ਖਰੀਆਂ ਖੋਟੀਆਂ ਸੁਣਾ ਕੇ ਬੇਰੰਗ ਭੇਜਣ।