ਲੁਧਿਆਣਾ ’ਚ ਅਕਾਲੀ ਦਲ ਤੇ ਲੋਕ ਇਨਸਾਫ਼ ਪਾਰਟੀ ਦੇ ਵਰਕਰਾਂ ’ਚ ਜ਼ਬਰਦਸਤ ਝੜਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿਮਰਜੀਤ ਸਿੰਘ ਬੈਂਸ ਤੇ ਮਹੇਸ਼ਇੰਦਰ ਸਿੰਘ ਗਰੇਵਾਲ ਨਾਮਜ਼ਦਗੀ ਫਾਰਮ ਭਰਨ ਪੁੱਜੇ ਤਾਂ ਡੀ.ਸੀ. ਦਫ਼ਤਰ ਦੇ ਬਾਹਰ ਦੋਵਾਂ ਪਾਰਟੀ ਵਰਕਰਾਂ ਨੇ ਕੀਤੀ ਨਾਅਰੇਬਾਜ਼ੀ

Workers of Lok insaaf Party and Akali Dal...

ਲੁਧਿਆਣਾ: ਪੰਜਾਬ ’ਚ ਗਰਮੀ ਵੱਧਣ ਦੇ ਨਾਲ-ਨਾਲ ਸਿਆਸਤ ਦੀ ਗਰਮੀ ਵੱਧਦੀ ਵੀ ਹੁਣ ਨਜ਼ਰ ਆਉਣ ਲੱਗ ਪਈ ਹੈ। ਅੱਜ ਲੁਧਿਆਣਾ ’ਚ ਮਾਹੌਲ ਉਸ ਸਮੇਂ ਵਿਗੜ ਗਿਆ ਜਦੋਂ ਲੋਕ ਇਨਸਾਫ਼ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵਿਚਾਲੇ ਝੜਪ ਹੋ ਗਈ। ਦਰਅਸਲ, ਲੋਕ ਇਨਸਾਫ਼ ਪਾਰਟੀ ਦੇ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਤੇ ਅਕਾਲੀ ਦਲ ਦੇ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਨਾਮਜ਼ਦਗੀ ਫਾਰਮ ਭਰਨ ਪੁੱਜੇ ਤਾਂ ਡੀ.ਸੀ. ਦਫ਼ਤਰ ਦੇ ਬਾਹਰ ਦੋਵਾਂ ਪਾਰਟੀਆਂ ਦੇ ਵਰਕਰ ਆਹਮੋ-ਸਾਹਮਣੇ ਹੋ ਗਏ।

ਇਸ ਦੌਰਾਨ ਪਾਰਟੀ ਵਰਕਰਾਂ ਨੇ ਜੱਮ ਕੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿਤੀ ਅਤੇ ਗੱਲ ਵਧਦੀ-ਵਧਦੀ ਹੱਥੋਪਾਈ ਤੱਕ ਪਹੁੰਚ ਗਈ। ਜਿਸ ਤੋਂ ਬਾਅਦ ਵੇਖਦੇ ਹੀ ਵੇਖਦੇ ਭਾਰੀ ਮਾਤਰਾ ਵਿਚ ਲੋਕਾਂ ਦਾ ਇਕੱਠ ਜਮ੍ਹਾ ਹੋ ਗਿਆ। ਮੌਕੇ ’ਤੇ ਪੁਲਿਸ ਨੇ ਪਹੁੰਚ ਕੇ ਹਾਲਾਤ ਕਾਬੂ ’ਚ ਕੀਤੇ। 

ਲੁਧਿਆਣਾ ਲੋਕਸਭਾ ਹਲਕੇ ਤੋਂ ਬਹੁਤ ਹੀ ਫਸਵਾਂ ਚੋਣ ਮੁਕਾਬਲਾ ਹੋ ਸਕਦਾ ਹੈ ਕਿਉਂਕਿ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਵਲੋਂ ਲੁਧਿਆਣਾ ਤੋਂ ਸਿਮਰਜੀਤ ਸਿੰਘ ਬੈਂਸ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ ਤੇ ਉੱਥੇ ਹੀ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵਲੋਂ ਮਹੇਸ਼ਇੰਦਰ ਸਿੰਘ ਗਰੇਵਾਲ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਕਾਂਗਰਸ ਪਾਰਟੀ ਵਲੋਂ ਰਵਨੀਤ ਸਿੰਘ ਬਿੱਟੂ ਚੋਣ ਲੜਨ ਜਾ ਰਹੇ ਹਨ ਤੇ ਆਮ ਆਦਮੀ ਪਾਰਟੀ ਵਲੋਂ ਪ੍ਰੋ. ਤੇਜਪਾਲ ਸਿੰਘ ਚੋਣ ਲੜਨਗੇ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਆਖ਼ਰ ਕਿਹੜੀ ਪਾਰਟੀ ਦਾ ਉਮੀਦਵਾਰ ਲੋਕਸਭਾ ਹਲਕੇ ਤੋਂ ਜਿੱਤ ਹਾਸਲ ਕਰਦਾ ਹੈ।