ਹਾਈਕੋਰਟ ਵਲੋਂ ਦੋਸ਼ੀ ਖੁਸ਼ਵਿੰਦਰ ਸਿੰਘ ਦੀ ਫ਼ਾਂਸੀ ਦੀ ਸਜ਼ਾ ਬਰਕਰਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੂਰੇ ਪਰਵਾਰ ਨੂੰ ਭਾਖੜਾ ਵਿਚ ਡੋਬ ਕੇ ਮਾਰਨ ਦਾ ਮਾਮਲਾ

Punjab and Haryana Highcourt Order...

ਚੰਡੀਗੜ੍ਹ (ਨੀਲ ਭਲਿੰਦਰ ਸਿੰਘ): ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅੱਜ ਕਰੀਬ 15 ਸਾਲ ਪੁਰਾਣੇ ਇਕ ਪਰਵਾਰ ਨੂੰ ਭਾਖੜਾ ਨਹਿਰ ਵਿਚ ਧੱਕਾ ਦੇ ਕੇ ਮਾਰ ਮੁਕਾਉਣ ਦੇ ਮਾਮਲੇ ਵਿਚ ਵੀ ਦੋਸ਼ੀ ਖੁਸ਼ਵਿੰਦਰ ਸਿੰਘ ਦੀ ਫ਼ਾਂਸੀ ਦੀ ਸਜ਼ਾ ਨੂੰ ਬਰਕਰਾਰ ਰੱਖਿਆ। ਸੀਬੀਆਈ ਦੀ ਮੋਹਾਲੀ ਅਦਾਲਤ ਵਲੋਂ ਪਿਛਲੇ ਸਾਲ 28 ਅਗਸਤ ਨੂੰ ਖੁਸ਼ਵਿੰਦਰ ਸਿੰਘ ਨੂੰ ਇਸ ਮਾਮਲੇ ਵਿਚ ਸਜ਼ਾ ਏ ਮੌਤ ਦਿਤੀ ਗਈ ਸੀ, ਜਿਸ ਨੂੰ ਹਾਈਕੋਰਟ ਦੇ ਜਸਟਿਸ ਰਾਜੀਵ ਸ਼ਰਮਾ ਅਤੇ ਜਸਟਿਸ ਗੁਰਵਿੰਦਰ ਸਿੰਘ ਗਿੱਲ ਉਤੇ ਆਧਾਰਿਤ ਡਿਵੀਜ਼ਨ ਬੈਂਚ ਨੇ ਮਨਜ਼ੂਰ ਕੀਤਾ ਸੀ।

ਹਾਲਾਂਕਿ ਸਾਲ 2009 ਦੇ ਸਤੰਬਰ ਮਹੀਨੇ ਇਹ ਕੇਸ ਲਗਭੱਗ ਬੰਦ ਹੀ ਹੋ ਚੁੱਕਾ ਸੀ ਪਰ ਜੁਲਾਈ 2012 ਵਿਚ ਏਡੀਜੀਪੀ ਜੁਰਮ ਦਾ ਇਕ ਪੱਤਰ ਮਿਲਿਆ ਇਕ ਪੱਤਰ ਸੀਬੀਆਈ ਨੂੰ ਇਸ ਕੇਸ ਨੂੰ ਮੁੜ ਖੋਲ੍ਹਣ ਵਿਚ ਮਦਦਗਾਰ ਸਾਬਿਤ ਹੋਇਆ। ਇਸ ਅਧਿਕਾਰੀ ਨੇ ਕਿਹਾ ਕਿ ਖੁਸ਼ਵਿੰਦਰ ਇਕ ਹੋਰ ਅਜਿਹੇ ਹੀ ਇਕ ਹੱਤਿਆ ਕੇਸ ਵਿਚ ਮੁਲਜ਼ਮ ਹੈ ਅਤੇ ਉਸ ਨੇ ਇਕਬਾਲ ਕੀਤਾ ਹੈ ਕਿ ਉਹ ਕੁਲਵੰਤ ਸਿੰਘ ਅਤੇ ਉਸ ਦੇ ਪਰਵਾਰ ਨੂੰ ਵੀ ਨਹਿਰ ਵਿਚ ਸੁੱਟ ਕੇ ਮਾਰ ਚੁੱਕਾ ਹੈ। ਦੱਸਣਯੋਗ ਹੈ ਕਿ ਇਸੇ ਤਰ੍ਹਾਂ ਦੇ ਇਕ ਹੋਰ ਕੇਸ ਵਿਚ ਮਗਰੋਂ ਖੁਸ਼ਵਿੰਦਰ ਨੇ ਜਸਮੀਨ ਕੌਰ ਦੇ ਪਰਵਾਰ ਨੂੰ ਵੀ ਨਹਿਰ ਵਿਚ ਸੁੱਟ ਦਿਤਾ ਸੀ।

ਜਿਸ ਵਿਚ ਜਸਮੀਨ ਕੌਰ ਦਾ ਪਿਤਾ ਅਤੇ ਬਾਕੀ ਮੈਂਬਰ ਤਾਂ ਨਹੀਂ ਬਚੇ ਪਰ ਜਸਮੀਨ ਨਹਿਰ ਕਿਨਾਰੇ ਲੱਗੀਆਂ ਲੋਹੇ ਦੀਆਂ ਛੜਾਂ ਨੂੰ ਫੜ ਕੇ ਡੁੱਬਣ ਤੋਂ ਬਚ ਗਈ। ਇਸ ਮਾਮਲੇ ਵਿਚ ਖੁਸ਼ਵਿੰਦਰ ਨੂੰ ਜਦੋਂ ਜਸਮੀਨ ਦੇ ਬੱਚ ਗਈ ਹੋਣ ਬਾਰੇ ਦੱਸਿਆ ਤਾਂ ਉਸ ਨੇ ਭੜਕ ਕੇ ਕਿਹਾ ਕਿ ਉਹ ਇਸੇ ਤਰ੍ਹਾਂ ਪਹਿਲਾਂ ਵੀ ਇਕ ਪਰਵਾਰ ਨੂੰ ਮਾਰ ਚੁੱਕਾ ਹੈ। ਜਦੋਂ ਉਹ ਪੂਰਾ ਪਰਵਾਰ ਨਹਿਰ ਵਿਚ ਮਰ ਗਿਆ ਤਾਂ ਇਸ ਕੇਸ ਵਿਚ ਕਿਵੇਂ ਕੋਈ ਬਚ ਸਕਦਾ ਹੈ।