ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਗੁਰਨਾਮ ਸਿੰਘ ਚੜੂਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਸਾਨੀ ਸੰਘਰਸ਼ ਦੀ ਚੜ੍ਹਦੀਕਲਾ ਲਈ ਕੀਤੀ ਅਰਦਾਸ

Gurnam Singh Chaduni at Darbar Sahib

ਅੰਮ੍ਰਿਤਸਰ (ਰਾਜੇਸ਼ ਕੁਮਾਰ ਸੰਧੂ): ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਆਪਣੇ ਪਰਿਵਾਰ ਅਤੇ ਸਾਥੀਆਂ ਸਮੇਤ ਅੱਜ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ। ਇੱਥੇ ਉਹਨਾਂ ਨੇ ਮੱਥਾ ਟੇਕਿਆ ਅਤੇ ਇਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ। ਇਸ ਮੌਕੇ ਕਿਸਾਨ ਆਗੂ ਨੇ ਕਿਹਾ ਕਿ ਉਹਨਾਂ ਨੇ ਕਿਸਾਨੀ ਅੰਦੋਲਨ ਦੀ ਚੜ੍ਹਦੀਕਲਾ ਲਈ ਅਰਦਾਸ ਕੀਤੀ।

ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਮੋਰਚਾ ਉਦੋਂ ਤੱਕ ਚੱਲੇਗਾ ਜਦੋਂ ਤੱਕ ਅਸੀਂ ਜਿੱਤ ਨਹੀਂ ਜਾਂਦੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਦਸਿਆ ਕਿ ਅੱਜ ਅਸੀਂ ਅਪਣੇ ਪਰਿਵਾਰਕ ਮੈਂਬਰਾਂ ਨਾਲ ਗੁਰੂ ਘਰ ਨਤਮਸਤਕ ਹੋਣ ਲਈ ਪਹੁੰਚੇ ਹਾਂ। ਉਹਨਾ ਦੱਸਿਆ ਕਿ ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ ਨਹੀ ਮੰਨਦੀ ਉਦੋਂ ਤੱਕ ਇਹ ਮੋਰਚਾ ਜਾਰੀ ਰਹੇਗਾ।

ਉਹਨਾਂ ਕਿਹਾ ਕਿ ਸਰਕਾਰ ਕੋਰੋਨਾ ਮਹਾਂਮਾਰੀ ਦੇ ਬਹਾਨੇ ਮੋਰਚੇ ਨੂੰ ਚੁੱਕਣ ਦੀਆਂ ਨਾਕਾਮ ਹਰਕਤਾਂ ਕਰ ਰਹੀ ਹੈ ਪਰ ਇਹ ਧਰਨਾ ਉਦੋਂ ਤੱਕ ਨਹੀਂ ਚੁੱਕਿਆ ਜਾਵੇਗਾ ਜਦੋਂ ਤੱਕ ਸਰਕਾਰ ਤਿੰਨ ਖੇਤੀ ਕਾਨੂੰਨ ਰੱਦ ਨਹੀਂ ਕਰਦੀ। ਉਹਨਾਂ ਕਿਹਾ ਕਿ ਕਿਸਾਨ ਆਗੂਆਂ ਵੱਲੋਂ ਕੋਰੋਨਾ ਦੇ ਮੱਦੇਨਜ਼ਰ ਅਜਿਹਾ ਕੋਈ ਵੱਡਾ ਸਮਾਗਮ ਨਹੀਂ ਉਲੀਕਿਆ ਜਾ ਰਿਹਾ ਜਿਸ ਨਾਲ ਕੋਰੋਨਾ ਮਹਾਂਮਾਰੀ ਦਾ ਖਤਰਾ ਹੋਵੇ।

ਕਿਸਾਨ ਆਗੂ ਨੇ ਕਿਹਾ ਕਿ ਅਸੀ ਸ਼ਾਂਤਮਈ ਢੰਗ ਨਾਲ ਆਪਣਾ ਮੋਰਚਾ ਲਗਾ ਕੇ ਬੈਠੇ ਹਾਂ। ਉਹਨਾਂ ਕਿਹਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਆਪਣੇ ਅਕਾਵਾਂ ਨੂੰ ਖੁਸ਼ ਕਰਨ ਲਈ ਦੇਸ਼ ਦੀ ਜਨਤਾ ਦਾ ਸ਼ੋਸ਼ਣ ਕਰ ਰਿਹਾ ਹੈ ਜਲਦ ਹੀ ਉਸ ਦੇ ਹੰਕਾਰ ਦਾ ਘੜਾ ਫੁੱਟੇਗਾ। ਉਹਨਾਂ ਕਿਹਾ ਕਿ ਪੀਐਮ ਮੋਦੀ ਨੂੰ ਜਨਤਾ ਦੇ ਪੱਖ ’ਚ ਕਾਨੂੰਨ ਬਣਾਉਣੇ ਚਾਹੀਦੇ ਹਨ।