ਸੁਖਬੀਰ, ਹਰਸਿਮਰਤ, ਮਜੀਠੀਆ ਨੂੰ ਮਾਣਹਾਨੀ ਨੋਟਿਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

 ਕਿਸੇ ਸਮੇਂ ਪੰਜਾਬ ਦੀ ਸਿਆਸਤ 'ਚ ਰਾਮ ਤੇ ਲਛਮਣ ਦੀ ਜੋੜੀ ਵਜੋਂ ਮਸ਼ਹੂਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਐਮ.ਪੀ. ਗੁਰਦਾਸ ਸਿੰਘ ਬਾਦਲ ਦੇ ਫਰਜ਼ੰਦਾ...

People Showing Defamation notice

 ਕਿਸੇ ਸਮੇਂ ਪੰਜਾਬ ਦੀ ਸਿਆਸਤ 'ਚ ਰਾਮ ਤੇ ਲਛਮਣ ਦੀ ਜੋੜੀ ਵਜੋਂ ਮਸ਼ਹੂਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਐਮ.ਪੀ. ਗੁਰਦਾਸ ਸਿੰਘ ਬਾਦਲ ਦੇ ਫਰਜ਼ੰਦਾਂ 'ਚ ਚੱਲ ਰਹੀ ਸਿਆਸੀ ਜੰਗ ਹੁਣ ਅਦਾਲਤ ਦੀਆਂ ਬਰੂਹਾਂ ਤਕ ਅੱਪੜ ਗਈ ਹੈ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਨੂੰ ਪੰਜਾਬ 'ਚ 'ਜੋਜੋ ਟੈਕਸ' ਵਜੋਂ ਬਦਨਾਮ ਕਰਨ ਤੋਂ ਦੁਖੀ ਜੌਹਲ ਨੇ ਅੱਜ ਬਾਦਲ ਪ੍ਰਵਾਰ ਸਹਿਤ ਪੰਜਾਬੀ ਦੇ ਚੈਨਲ ਵਿਰੁਧ ਮਾਣਹਾਨੀ ਦਾ ਕੇਸ ਦਾਈਰ ਕਰਨ ਦਾ ਐਲਾਨ ਕੀਤਾ ਹੈ।

ਪਿਛਲੇ ਸਮੇਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਉਸ ਦੇ ਭਰਾ ਬਿਕਰਮ ਸਿੰਘ ਮਜੀਠੀਆ ਵਲੋਂ ਅਪਣੇ ਸਿਆਸੀ ਸ਼ਰੀਕ ਤੇ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਨਜ਼ਦੀਕੀ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਉਪਰ ਗੁੰਡਾ ਟੈਕਸ ਇਕੱਤਰ ਕਰਨ ਦੇ ਲਾਏ ਜਾ ਰਹੇ ਲਗਾਤਾਰ ਦੋਸ਼ਾਂ ਤੋਂ ਸ. ਜੌਹਲ ਵਲੋਂ ਅੱਜ ਇਹ ਕਦਮ ਚੁੱਕਣ ਦਾ ਐਲਾਨ ਕੀਤਾ।

ਉਨ੍ਹਾਂ 10 ਕਰੋੜ ਦੇ ਕੀਤੇ ਮਾਣਹਾਣੀ ਦਾਅਵੇ ਵਿਚ ਅਪਣੇ ਉਕਤ ਪਰਵਾਰਕ ਰਿਸ਼ਤੇਦਾਰਾਂ ਤੋਂ ਇਲਾਵਾ ਅਕਾਲੀ ਦਲ ਦੇ ਬੁਲਾਰੇ ਡਾ.ਦਲਜੀਤ ਸਿੰਘ ਚੀਮਾ ਅਤੇ ਪੀਟੀਸੀ ਚੈਨਲ ਪ੍ਰਬੰਧਕ ਰਵਿੰਦਰ ਨਰਾਇਣ ਨੂੰ ਮਾਨਹਾਨੀ ਦੇ ਨੋਟਿਸ ਭੇਜੇ ਹਨ। ਪ੍ਰੈਸ ਕਾਨਫ਼ਰੰਸ ਵਿਚ ਜੈਜੀਤ ਸਿੰਘ ਜੌਹਲ ਨੇ ਐਲਾਨ ਕੀਤਾ ਕਿ ਜੇਕਰ ਉਕਤ ਵਿਅਕਤੀਆਂ ਨੇ ਉਨ੍ਹਾਂ ਵਿਰੁਧ ਲਾਏ ਦੋਸ਼ਾਂ ਬਾਰੇ ਇਕ ਹਫ਼ਤੇ 'ਚ ਮਾਫ਼ੀ ਨਾ ਮੰਗੀ ਜਾਂ ਫ਼ਿਰ ਦੋਸ਼ ਸਾਬਤ ਨਾ ਕੀਤੇ ਤਾਂ ਉਹ ਇਨ੍ਹਾਂ ਸਾਰਿਆਂ ਵਿਰੁਧ ਅਦਾਲਤ ਵਿਚ ਦੀਵਾਨੀ ਤੇ ਫ਼ੌਜਦਾਰੀ ਮੁਕੱਦਮੇ ਵੀ ਦਾਇਰ ਕਰਨਗੇ।

ਉਨ੍ਹਾਂ ਕਿਹਾ ਕਿ ਉਹ ਮਾਨਹਾਨੀ ਦੇ ਮੁਕੱਦਮੇ ਵਿਚ ਖ਼ਰਚੇ ਤੋਂ ਇਲਾਵਾ 10 ਕਰੋੜ ਰੁਪਏ ਦੇ ਮੁਆਵਜ਼ੇ ਦੀ ਵਸੂਲੀ ਦੀ ਮੰਗ ਕਰਨਗੇ ।ਇਸ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ ਅਤੇ  ਉਕਤ ਆਗੂਆਂ ਵੀ ਘਾਟੇ, ਨੁਕਸਾਨ ਅਤੇ ਮੁਕੱਦਮੇਬਾਜ਼ੀ ਦੇ ਖ਼ਰਚਿਆਂ ਦੀ ਭਰਪਾਈ ਲਈ ਉਤਰਦਾਈ ਹੋਣਗੇ ਜੋ ਵੱਖਰੇ ਤੌਰ 'ਤੇ ਅਤੇ ਤਰੁਤ ਰੂਪ ਨਾਲ 5 ਕਰੋੜ ਰੁਪਏ ਦੇ ਬਰਾਬਰ ਹਨ। ਜੈਜੀਤ ਸਿੰਘ ਜੌਹਲ ਨੇ ਦਾਅਵਾ ਕੀਤਾ ਕਿ ਬੀਤੇ ਦਿਨੀਂ ਉਕਤ ਆਗੂਆਂ ਵਲੋਂ ਉਨ੍ਹਾਂ ਦਾ ਨਾਮ ਬਿਨ੍ਹਾਂ ਕਿਸੇ ਸਬੂਤ ਦੇ  ਉਛਾਲਿਆ ਗਿਆ ਜਿਸ ਨਾਲ ਉਨ੍ਹਾਂ ਨੂੰ ਸਮਾਜਕ ਅਤੇ ਮਾਨਸਿਕ ਤੌਰ ਤੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਉਨ੍ਹਾਂ ਦੀ ਸਮਾਜ ਵਿਚ ਅਕਸ ਨੂੰ ਖ਼ਰਾਬ ਕਰਨ ਲਈ ਇਕ ਸਾਜ਼ਸ਼ ਤਹਿਤ ਉਨ੍ਹਾਂ ਵਿਰੁਧ ਉਕਤ ਆਗੂਆਂ ਨੇ ਝੂਠੀ ਬਿਆਨਬਾਜ਼ੀ ਕੀਤੀ ਜਿਸ ਨੂੰ ਪੀਟੀਸੀ ਚੈਨਲ ਨੇ ਬਿਨਾਂ ਸਬੂਤਾਂ ਦੇ ਪ੍ਰਸਾਰਿਤ ਕੀਤਾ ।  ਜੋਜੋ ਨੇ ਕਿਹਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਆਗੂਆਂ ਵਲੋਂ ਦਸ ਸਾਲਾਂ 'ਚ ਕੀਤੇ ਮਾੜੇ ਕੰਮਾਂ ਨੂੰ ਛਪਾਉਣ ਤੇ ਲੋਕਾਂ ਦਾ ਧਿਆਨ ਪਾਸੇ ਕਰਨ ਲਈ  ਪੂਰੀ ਸਾਜ਼ਸ ਨਾਲ ਉਨ੍ਹਾਂ ਦੇ ਨਾਮ ਨੂੰ ਬਦਨਾਮ ਕਰਨ ਦਾ ਯਤਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਵਲੋਂ ਕੀਤੀ ਇਸ ਤਰ੍ਹਾਂ ਦੀ ਤੱਥਾਂ ਰਹਿਤ ਬਿਆਨਬਾਜੀ ਅਤੀ ਸ਼ਰਮਨਾਕ ਤੇ ਘਟੀਆ ਹਰਕਤ ਹੈ। 

ਜੈਜੀਤ  ਜੌਹਲ ਜੋਜੋ ਨੇ ਦਾਅਵਾ ਕੀਤਾ ਕਿ ਉਨ੍ਹਾਂ ਉਪਰ ਦੋਸ਼ ਲਗਾਉਣ ਵਾਲਿਆਂ ਅਤੇ ਉਸ ਦੀ ਸਾਲ 1997 ਵਿਚ ਭਰੀ ਆਮਦਨ ਕਰ ਰਿਟਰਨ ਅਤੇ ਹੁਣ ਭਰੀਆਂ ਰਿਟਰਨਾਂ ਨੂੰ ਚੁੱਕ ਕੇ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਅਪਣੇ ਜੀਜੇ ਮਨਪ੍ਰੀਤ ਵਲੋਂ ਵਿਧਾਨ ਸਭਾ 'ਚ ਕੀਤੇ ਨਿਜੀ ਹਮਲਿਆਂ ਦਾ ਜ਼ਿਕਰ ਕਰਦਿਆਂ ਜੌਹਲ ਨੇ ਕਿਹਾ ਕਿ ਉਹ ਸੁਖਬੀਰ ਸਿੰਘ ਬਾਦਲ ਨੂੰ ਆਉਂਦੀ ਜੱਦੀ ਪੁਸ਼ਤੀ ਜਾਇਦਾਦ ਤੋਂ ਵਿਰਾਸਤੀ ਤੌਰ 'ਤੇ ਕਈ ਗੁਣਾ ਅਮੀਰ ਹਨ।

ਜਦਕਿ ਸੁਖਬੀਰ ਸਿੰਘ ਬਾਦਲ ਨਾਲ ਰਿਸ਼ਤਾ ਜੁੜਲ ਸਮੇਂ ਮਜੀਠੀਆ ਪਰਵਾਰ ਬੁਰੀ ਤਰ੍ਹਾਂ ਕਰਜ਼ੇ ਵਿਚ ਡੁੱਬਿਆ ਹੋਇਆ ਸੀ ਪਰ ਅੱਜ ਉਨ੍ਹਾਂ ਦੇ ਕਾਰਖਾਨਿਆਂ ਤੇ ਉਦਯੋਗਾਂ ਦੀ ਕੋਈ ਗਿਣਤੀ ਨਹੀਂ। ਉਨ੍ਹਾਂ ਇਹ ਵੀ ਕਿਹਾ ਕਿ ਜੌਹਲ ਪ੍ਰਵਾਰ ਪਿਛਲੇ 40-50 ਸਾਲਾਂ ਤੋਂ ਪੰਜਾਬ ਦੀ ਸਿਆਸਤ ਵਿਚ ਸਰਗਰਮ ਹੈ ਪ੍ਰੰਤੂ ਜਦੋਂ ਦੀ ਮਨਪ੍ਰੀਤ ਸਿੰਘ ਬਾਦਲ ਨਾਲ ਰਿਸ਼ਤੇਦਾਰੀ ਜੁੜੀ ਹੈ, ਉਨ੍ਹਾਂ ਵਲੋਂ ਕੋਈ ਲਾਭ ਦਾ ਅਹੁੱਦਾ ਹਾਸਲ ਨਹੀਂ ਕੀਤਾ ਗਿਆ। 

ਦੂਜੇ ਪਾਸੇ ਮਜੀਠੀਆ ਪਰਵਾਰ ਨੂੰ ਬਾਦਲ ਪ੍ਰਵਾਰ ਨਾਲ ਜੁੜਣ ਤੋਂ ਪਹਿਲਾਂ ਕੋਈ ਵਿਅਕਤੀ ਸਿਆਸੀ ਤੌਰ 'ਤੇ ਜਾਣਦਾ ਵੀ ਨਹੀਂ ਸੀ। ਜਿਸਦੇ ਚੱਲਦੇ ਮਜੀਠਿਆ ਪ੍ਰਵਾਰ ਨੇ ਜੋ ਕੁੱਝ ਹਾਸਲ ਕੀਤਾ ਹੈ, ਉਹ ਬਾਦਲ ਪ੍ਰਵਾਰ ਨਾਲ ਜੁੜਣ ਤੋਂ ਬਾਅਦ ਹੀ ਕੀਤਾ ਹੈ। ਕਾਫ਼ੀ ਨਰਾਜ਼ ਦਿਖ਼ਾਈ ਦੇ ਰਹੇ ਜੈਜੀਤ ਸਿੰਘ ਜੌਹਲ ਨੇ ਹਰਸਿਮਰਤ ਕੌਰ ਦੀ ਵਿਦਿਅਕ ਯੋਗਤਾ ਉਪਰ ਵੀ ਸਵਾਲ ਚੁੱਕੇ।

ਉਨ੍ਹਾਂ ਕਿਹਾ ਕਿ ਅਸਲ ਵਿਚ ਅਕਾਲੀ ਦਲ ਪੰਜਾਬ ਦੇ ਮੁੱਦਿਆਂ ਤੇ ਬੋਲਣਾਂ ਹੀ ਨਹੀਂ ਚਾਹੁੰਦਾ ਕਿਉਂਕਿ ਦਸ ਸਾਲਾਂ 'ਚ ਅਕਾਲੀ ਦਲ ਨੇ ਪੰਜਾਬ ਨੂੰ ਬਰਬਾਦੀ ਦੇ ਕੰਢੇ ਲਿਆ ਖੜਾ ਕੀਤਾ ਹੈ ਹੁਣ ਅਕਾਲੀ ਆਗੂ ਆਪਣੀਆਂ ਕਮਜ਼ੋਰੀਆਂ ਤੇ ਪਰਦਾ ਪਾਉਣ ਲਈ ਘਟੀਆ ਪੱਧਰ ਦੀ ਬਿਆਨਬਾਜੀ ਕਰ ਰਹੇ ਹਨ।