CM ਮਾਨ ਦੀ ਮੰਤਰੀਆਂ ਨੂੰ ਚੇਤਾਵਨੀ- ਰਿਸ਼ਤੇਦਾਰਾਂ ਨੂੰ ਸਰਕਾਰੀ ਕੰਮਕਾਜ ਤੋਂ ਰੱਖਿਆ ਜਾਵੇ ਦੂਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੀਐਮ ਮਾਨ ਨੇ ਵਿਭਾਗਾਂ ਤੋਂ ਫੀਡਬੈਕ ਲਈ ਸੀ। ਜਿਸ ਵਿਚ ਪਤਾ ਲੱਗਿਆ ਕਿ ਕੁਝ ਮੰਤਰੀਆਂ ਦੀਆਂ ਪਤਨੀਆਂ, ਪੁੱਤਰ, ਭਤੀਜੇ ਤੇ ਭਾਣਜੇ ਸਰਕਾਰੀ ਕੰਮ 'ਚ ਦਖਲਅੰਦਾਜ਼ੀ ਕਰ ਰਹੇ ਹਨ

CM Mann warns ministers

 

ਚੰਡੀਗੜ੍ਹ: ਸਿਹਤ ਮੰਤਰੀ ਡਾਕਟਰ ਵਿਜੇ ਸਿੰਗਲਾ ਨੂੰ ਬਰਖ਼ਾਸਤ ਕਰਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਹੋਰ ਮੰਤਰੀਆਂ ਨੂੰ ਵੀ ਚੇਤਾਵਨੀ ਦਿੱਤੀ ਹੈ। ਸੀਐਮ ਮਾਨ ਨੇ ਮੰਤਰੀਆਂ ਨੂੰ ਰਿਸ਼ਤੇਦਾਰਾਂ ਨੂੰ ਆਪਣੇ ਕੰਮ ਤੋਂ ਦੂਰ ਰੱਖਣ ਲਈ ਕਿਹਾ ਹੈ। ਦਰਅਸਲ ਸੀਐਮ ਮਾਨ ਨੇ ਵਿਭਾਗਾਂ ਤੋਂ ਫੀਡਬੈਕ ਲਈ ਸੀ। ਜਿਸ ਵਿਚ ਪਤਾ ਲੱਗਿਆ ਕਿ ਕੁਝ ਮੰਤਰੀਆਂ ਦੀਆਂ ਪਤਨੀਆਂ, ਪੁੱਤਰ ਅਤੇ ਭਤੀਜੇ ਅਤੇ ਭਾਣਜੇ ਸਰਕਾਰੀ ਕੰਮ ਵਿਚ ਦਖਲਅੰਦਾਜ਼ੀ ਕਰ ਰਹੇ ਹਨ। ਇਸ ਦੇ ਮੱਦੇਨਜ਼ਰ ਮਾਨ ਨੇ ਦੋ ਮੰਤਰੀਆਂ ਨੂੰ ਬੁਲਾ ਕੇ ਵਿਸ਼ੇਸ਼ ਹਦਾਇਤ ਜਾਰੀ ਕੀਤੀ ਹੈ।

CM Mann

ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਪੱਧਰ 'ਤੇ ਮੰਤਰੀਆਂ ਦੇ ਵਿਭਾਗ ਦੇ ਅਧਿਕਾਰੀਆਂ ਤੋਂ ਫੀਡਬੈਕ ਲਈ। ਜਿਸ ਵਿਚ ਪਤਾ ਲੱਗਿਆ ਕਿ ਇਕ ਮੰਤਰੀ ਦੀ ਪਤਨੀ ਸਰਕਾਰੀ ਕੰਮ ਵਿਚ ਬਹੁਤ ਜ਼ਿਆਦਾ ਦਖਲ ਦੇ ਰਹੀ ਹੈ। ਇਕ ਮੰਤਰੀ ਦਾ ਭਤੀਜਾ ਵੀ ਸਰਕਾਰੀ ਮੀਟਿੰਗ ਵਿਚ ਸ਼ਾਮਲ ਹੋ ਕੇ ਆਪਣੀ ਸਲਾਹ ਦੇ ਰਿਹਾ ਹੈ। ਇਕ ਮੰਤਰੀ ਦਾ ਪੁੱਤਰ ਆਪਣੇ ਨਾਂ 'ਤੇ ਲੋਕਾਂ ਨੂੰ ਮਿਲ ਰਿਹਾ ਹੈ। ਇਸ ਨੂੰ ਦੇਖਦੇ ਹੋਏ ਮਾਨ ਨੇ ਚਿਤਾਵਨੀ ਦਿੱਤੀ ਕਿ ਉਹਨਾਂ ਦਾ ਵੀ ਸਟਿੰਗ ਆਪ੍ਰੇਸ਼ਨ ਹੋ ਸਕਦਾ ਹੈ। ਜਿਸ ਕਾਰਨ ਉਹਨਾਂ ਦੀ ਕੁਰਸੀ ਵੀ ਉਸੇ ਤਰ੍ਹਾਂ ਚਲੀ ਜਾਵੇਗੀ, ਜਿਵੇਂ ਸਿਹਤ ਮੰਤਰੀ ਵਿਜੇ ਸਿੰਗਲਾ ਦੀ ਗਈ।

Vijay Singla and Bhagwant Mann

ਸਿਹਤ ਮੰਤਰੀ ਡਾਕਟਰ ਵਿਜੇ ਸਿੰਗਲਾ ਦੀ ਕੁਰਸੀ ਖੁੱਸਣ ਦਾ ਮੁੱਖ ਕਾਰਨ ਉਹਨਾਂ ਦਾ ਭਾਣਜਾ ਪ੍ਰਦੀਪ ਗੋਇਲ ਬਣਿਆ ਹੈ। ਪ੍ਰਦੀਪ ਨੂੰ ਸਿੰਗਲਾ ਨੇ ਆਪਣਾ ਓ.ਐਸ.ਡੀ. ਬਣਾਇਆ ਸੀ। ਪ੍ਰਦੀਪ ਨੇ ਸੁਪਰਡੈਂਟ ਇੰਜੀਨੀਅਰ ਤੋਂ 1% ਕਮਿਸ਼ਨ ਮੰਗਿਆ ਸੀ, ਜਿਸ ਦੀ ਰਿਕਾਰਡਿੰਗ ਹੋ ਗਈ। ਜਿਸ ਤੋਂ ਬਾਅਦ ਮਾਨ ਨੇ ਸਿੰਗਲਾ ਨੂੰ ਬਰਖਾਸਤ ਕਰ ਦਿੱਤਾ। ਸਿੰਗਲਾ ਦੇ ਨਾਲ-ਨਾਲ ਭਤੀਜੇ ਪ੍ਰਦੀਪ ਨੂੰ ਵੀ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਮੁੱਖ ਦੋਸ਼ੀ ਬਣਾਇਆ ਗਿਆ ਹੈ।