ਕਿਸਾਨਾਂ ਨੇ ਮਸ਼ੀਨਾਂ ਨਾਲ ਸ਼ੁਰੂ ਕੀਤੀ ਝੋਨੇ ਦੀ ਲੁਆਈ
ਝੋਨੇ ਦੀ ਲਵਾਈ 'ਚ ਦੇਰੀ ਦੇ ਮੱਦੇਨਜ਼ਰ ਕਿਸਾਨਾਂ ਦਾ ਰੁਝਾਨ ਹੁਣ ਮਸ਼ੀਨਾਂ ਨਾਲ ਝੋਨਾ ਲਗਵਾਉਣ ਵੱਲ ਵਧਣ ਲੱਗਾ ਹੈ। ਇਸੇ ਕੜੀ ਤਹਿਤ ਸਮਾਣਾ ਨੇੜਲੇ......
ਸਮਾਣਾ : ਝੋਨੇ ਦੀ ਲਵਾਈ 'ਚ ਦੇਰੀ ਦੇ ਮੱਦੇਨਜ਼ਰ ਕਿਸਾਨਾਂ ਦਾ ਰੁਝਾਨ ਹੁਣ ਮਸ਼ੀਨਾਂ ਨਾਲ ਝੋਨਾ ਲਗਵਾਉਣ ਵੱਲ ਵਧਣ ਲੱਗਾ ਹੈ। ਇਸੇ ਕੜੀ ਤਹਿਤ ਸਮਾਣਾ ਨੇੜਲੇ ਪਿੰਡ ਜੋੜਾਮਾਜਰਾ ਦੇ ਅਗਾਂਹ ਵਧੂ ਕਿਸਾਨ ਸਰਬਜੀਤ ਸਿੰਘ ਮਾਨ ਵੱਲੋਂ ਝੋਨੇ ਦੀ ਬਿਜਾਈ ਮਸ਼ੀਨ ਨਾਲ ਕੀਤੀ ਜਾ ਰਹੀ ਹੈ। ਇਲਾਕੇ ਦੇ ਕਿਸਾਨਾਂ ਨੂੰ ਇਸ ਪ੍ਰਨਾਲੀ ਰਾਹੀ ਝੋਨੇ ਦੀ ਬਿਜਾਈ ਹੁੰਦੀ ਵਿਖਾਉਣ ਲਈ ਮੌਕੇ ਪਹੁੰਚੇ ਖੇਤੀਬਾੜੀ ਅਫਸਰ ਸਮਾਣਾ ਡਾ: ਇੰਦਰਪਾਲ ਸਿੰਘ ਸੰਧੂ ਨੇ ਕਿਸਾਨਾਂ ਨੂੰ ਜਾਗਰੂਕ ਕਰਦਿਆਂ ਆਖਿਆ ਕਿ ਪੈਡੀ ਟਰਾਂਸਪਲਾਂਟਰ (ਝੋਨੇ ਵਾਲੀ ਮਸ਼ੀਨ) ਨਾਲ ਲਾਇਆ ਝੋਨਾ ਖਾਦਾਂ ਦੀ ਇਕਸਾਰ ਵੰਡ ਅਤੇ ਦਵਾਈਆਂ ਦੀ ਘੱਟ ਮਿਕਦਾਰ ਸਹੀ ਢੰਗ ਨਾਲ ਕੀਤਾ ਜਾ ਸਕੇਗਾ।
ਇਸ ਤਰ੍ਹਾਂ ਕਰਨ ਨਾਲ ਜਿਥੇ ਫਸਲ ਦਾ ਝਾੜ ਵਧੇਗਾ ਉਥੇ ਝੋਨੇ ਦੀ ਗੁਣਵੱਤਾ ਚ ਵੱਡੀ ਤਬਦੀਲੀ ਆਵੇਗੀ ਇਸ ਵਿਧੀ ਨਾਲ ਜਿਥੇ ਕਿਸਾਨਾਂ ਦਾ ਖਰਚ ਅਤੇ ਸਮਾਂ ਘਟੇਗਾ ਉਥੇ ਝਾੜ ਵੀ ਵਧ ਨਿਕਲੇਗਾ। ਇਸ ਮੋਕੇ ਕਿਸਾਨ ਸਰਬਜੀਤ ਸਿੰਘ ਮਾਨ ਨੇ ਦੱਸਿਆ ਕਿ ਹੱਥੀ ਲੈਬਰ ਨਾਲ ਲੱਗੇ ਨਵੀਆਂ ਕਿਸਮਾਂ ਦੇ ਝੋਨੇ ਦਾ ਝਾੜ 28 ਕੁਇੰਟਲ ਦੇ ਕਰੀਬ ਨਿਕਲਦਾ ਹੈ ਪਰ ਮਸ਼ੀਨ ਨਾਲ ਹੋਈ ਬਜਾਈ ਵਾਲੇ ਝੋਨੇ ਦਾ ਝਾੜ 34-35 ਕੁਇੰਟਲ ਨਿਕਲਦਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਝੋਨਾ ਲਗਾਉਣ ਵਾਲੀਆਂ ਮਸ਼ੀਨਾਂ 'ਤੇ 75 ਤੋਂ 90 ਫ਼ੀ ਸਦੀ ਤਕ ਸਬਸਿਡੀ ਦਿਤੀ ਜਾਵੇ ਤਾਂ ਜੋ ਕਿਸਾਨ ਇਸ ਵਿਧੀ ਨੂੰ ਪੂਰਨ ਤੌਰ 'ਤੇ ਅਪਣਾ ਸਕਣ।