ਬੀਮਾਰ ਬੱਚਿਆਂ ਨੂੰ ਮਿੱਥੇ ਸਮੇਂ 'ਚ ਸਿਹਤ ਸੇਵਾਵਾਂ ਮੁਹਈਆ ਹੋਣ: ਬ੍ਰਹਮ ਮਹਿੰਦਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਨੇ ਇਕ ਆਦੇਸ਼ ਜਾਰੀ ਕਰਦਿਆਂ ਰਾਸ਼ਟਰੀ ਬਾਲ ਸਵੱਸਥਿਆ ਕਾਰਿਆਕ੍ਰਮ ਤਹਿਤ ਮੋਬਾਈਲ ਸਿਹਤ ਟੀਮਾਂ ਨੂੰ ਮਿੱਥੇ ਸਮੇਂ 'ਚ.......

Brahm Mohindra

ਚੰਡੀਗੜ੍ਹ : ਪੰਜਾਬ ਸਰਕਾਰ ਨੇ ਇਕ ਆਦੇਸ਼ ਜਾਰੀ ਕਰਦਿਆਂ ਰਾਸ਼ਟਰੀ ਬਾਲ ਸਵੱਸਥਿਆ ਕਾਰਿਆਕ੍ਰਮ ਤਹਿਤ ਮੋਬਾਈਲ ਸਿਹਤ ਟੀਮਾਂ ਨੂੰ ਮਿੱਥੇ ਸਮੇਂ 'ਚ ਗੰਭੀਰ ਬੀਮਾਰੀਆਂ ਤੋਂ ਪੀੜਤ ਬੱਚਿਆਂ ਦਾ ਇਲਾਜ ਯਕੀਨੀ ਬਣਾਉਣ ਦੇ ਹੁਕਮ ਜਾਰੀ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਤੇ ਪਰਵਾਰ ਭਲਾਈ ਵਿਭਾਗ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਮੁਢਲੀ ਜਾਂਚ, ਰੈਫ਼ਰ ਕਰਨਾ, ਬੀਮਾਰੀਆਂ ਤੋਂ ਪੀੜਤ ਬੱਚਿਆਂ ਲਈ ਢੁਕਵੇਂ ਪ੍ਰਬੰਧ ਕਰਨਾ ਅਤੇ ਇਲਾਜ ਲਈ ਪ੍ਰੇਰਿਤ ਕਰਨਾ ਆਰ.ਬੀ.ਐਸ.ਕੇ. ਦੇ ਮੁੱਖ ਅੰਸ਼ ਹਨ।

ਉਨ੍ਹਾਂ ਅੱਗੇ ਕਿਹਾ ''ਇਹ ਵੀ ਦੇਖਣ ਵਿਚ ਆਇਆ ਹੈ ਕਿ ਕਈ ਮਾਮਲਿਆਂ ਵਿਚ ਗੰਭੀਰ ਬੀਮਾਰੀਆਂ ਤੋਂ ਪੀੜਤ ਬੱਚਿਆਂ (ਨਿਊਰੋ-ਮੋਟਰ ਇੰਮਪੇਅਰਮੈਂਟ ਤੇ ਹੋਰ ਗੰਭੀਰ ਬੀਮਾਰੀਆਂ) ਨੂੰ ਇਲਾਜ ਜਲਦ ਮੁਹਈਆ ਕਰਵਾਉਣ ਲਈ ਉਨ੍ਹਾਂ ਦੇ ਮਾਪਿਆਂ ਦੀ ਵੀ ਕਾਊਂਸਲਿੰਗ ਕਰਨ ਦੀ ਲੋੜ ਪੈਂਦੀ ਹੈ ਜੋ ਮੋਬਾਈਲ ਸਿਹਤ ਟੀਮਾਂ ਦੀ ਮੁੱਖ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਅਸੀਂ ਆਰ.ਬੀ.ਐਸ.ਕੇ. ਦੀਆਂ ਮੋਬਾਈਲ ਸਿਹਤ ਟੀਮਾਂ ਨੂੰ ਸਖ਼ਤ ਆਦੇਸ਼ ਦਿਤੇ ਹਨ ਕਿ ਉਹ ਆਮ ਬੀਮਾਰੀਆਂ ਤੋਂ ਪ੍ਰਭਾਵਤ ਸ਼ੱਕੀ ਅਤੇ ਪੁਸ਼ਟੀ ਕੀਤੇ ਕੇਸਾਂ ਨੂੰ ਢੁਕਵੀਂ ਮੁਹਈਆ ਕਰਵਾਉਣਾ ਯਕੀਨੀ ਬਣਾਉਣ। 

ਉਨ੍ਹਾਂ ਅੱਗੇ ਕਿਹਾ ਕਿ ਸੂਬੇ ਦੇ ਬੱਚਿਆਂ ਦੀਆਂ ਕੀਮਤੀ ਜਾਨਾਂ ਨੂੰ ਬਚਾਉਣ ਲਈ ਬੀਮਾਰੀ ਦਾ ਪਹਿਲੇ ਪੜਾਅ ਵਿਚ ਪਤਾ ਲਗਾਉਣਾ ਅਤੀ ਜ਼ਰੂਰੀ ਹੁੰਦਾ ਹੈ ਤਾਂ ਜੋ ਬੱਚੇ ਨੂੰ ਕਿਸੇ ਵੀ ਵੱਡੇ ਨੁਕਸਾਨ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਮਾਮਲਿਆਂ ਵਿਚ ਬੀਮਾਰੀ ਦਾ ਪਤਾ ਲੱਗਣ ਵਿਚ ਸਮਾਂ ਲੱਗਦਾ ਹੈ ਜਾਂ ਫਿਰ ਇਲਾਜ ਵਿਚ ਦੇਰੀ ਹੁੰਦੀ ਹੈ ਤਾਂ ਬੱਚਿਆਂ ਦੇ ਮੁੜ ਤੰਦਰੁਸਤ ਹੋਣ ਵਿਚ ਵੀ ਕਾਫ਼ੀ ਸਮਾਂ ਲੱਗ ਜਾਂਦਾ ਹੈ।