ਮੁੱਖ ਮੰਤਰੀ ਵੱਲੋਂ ਬਿਨ੍ਹਾਂ ਕੱਟ ਕਿਸਾਨਾਂ ਨੂੰ 8 ਘੰਟੇ ਬਿਜਲੀ ਮੁਹੱਈਆ ਕਰਵਾਉਣ ਦੇ ਹੁਕਮ
ਲੋੜ ਪੈਣ ’ਤੇ ਬਿਜਲੀ ਦੀ ਖ਼ਰੀਦ ਬਾਹਰੋਂ ਕਰਨ ਦੇ ਦਿਤੇ ਹੁਕਮ
ਚੰਡੀਗੜ੍ਹ (ਸੱਤੀ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ( Captain Amarinder Singh) ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਡ ( Punjab State Power Corporation Limited) (ਪੀ.ਐਸ.ਪੀ.ਐਸ.ਐਲ.) ਨੂੰ ਕਿਸਾਨਾਂ ਲਈ ਬਿਜਲੀ ਦੀ ਅੱਠ ਘੰਟੇ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਦੇ ਹੁਕਮ ਦਿਤੇ ਹਨ। ਮੁੱਖ ਮੰਤਰੀ ਨੇ ਬਿਜਲੀ ਦੀ ਕਮੀ ਪੂਰੀ ਕਰਨ ਲਈ ਕਿਸੇ ਵੀ ਕੀਮਤ ਉਤੇ ਸੂਬੇ ਤੋਂ ਬਾਹਰੋਂ ਬਿਜਲੀ ਖ਼ਰੀਦਣ ਦੇ ਆਦੇਸ਼ ਦਿਤੇ ਹਨ ਤਾਕਿ ਬਿਜਾਈ ਦੇ ਚਲ ਰਹੇ ਸੀਜ਼ਨ ਵਿਚ ਬਿਜਲੀ ਸਪਲਾਈ ਵਿਚ ਕੋਈ ਵਿਘਨ ਨਾ ਪੈਣ ਦਿਤਾ ਜਾਵੇ।
ਸਾਉਣੀ ਦੇ ਚਲ ਰਹੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਬਿਜਲੀ ਸਪਲਾਈ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਉਚ ਪਧਰੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਮੁੱਖ ਮੰਤਰੀ ਨੇ ਵਿੱਤ ਵਿਭਾਗ ਨੂੰ ਹਦਾਇਤ ਕੀਤੀ ਕਿ ਪੀ.ਐਸ.ਪੀ.ਸੀ.ਐਲ. ਨੂੰ 500 ਕਰੋੜ ਰੁਪਏ ਜਾਰੀ ਕੀਤੇ ਜਾਣ ਤਾਂ ਮਹਾਂਮਾਰੀ ਦੇ ਮੱਦੇਨਜ਼ਰ ਪੈਦਾ ਹੋਏ ਵਿੱਤੀ ਸੰਕਟ ਨਾਲ ਨਿਪਟਿਆ ਜਾ ਸਕੇ।
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ( Manpreet Singh Badal) ਜੋ ਮੀਟਿੰਗ ਵਿਚ ਹਾਜ਼ਰ ਸਨ, ਨੇ ਭਰੋਸਾ ਦਿਤਾ ਕਿ ਉਨ੍ਹਾਂ ਦਾ ਵਿਭਾਗ ਇਹ ਫ਼ੰਡ ਬਿਨਾਂ ਕਿਸੇ ਦੇਰੀ ਤੋਂ ਜਾਰੀ ਕਰੇਗਾ। ਇਸ ਤੋਂ ਪਹਿਲਾਂ ਪੀ.ਐਸ.ਪੀ.ਸੀ.ਐਲ. ਨੇ ਮੀਟਿੰਗ ਦੌਰਾਨ ਜਾਣਕਾਰੀ ਦਿਤੀ ਕਿ ਕੋਰੋਨਾ ਮਹਾਂਮਾਰੀ ਦੇ ਸੰਕਟ ਦੌਰਾਨ ਬੀਤੇ ਇਕ ਸਾਲ ਵਿਚ ਖਪਤ ਅਤੇ ਮਾਲੀਏ ਦੀ ਉਗਰਾਹੀ ਵਿਚ ਕਮੀ ਆਉਣ ਕਰ ਕੇ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ: ਐਤਵਾਰ ਦੇ ਮੁਕੰਮਲ ਕਰਫ਼ਿਊ ਸਮੇਤ ਪੰਜਾਬ ਵਿਚ ਪਾਬੰਦੀਆਂ 30 ਜੂਨ ਤਕ ਵਧੀਆਂ
ਪੰਜਾਬ ਵਿਚ ਫ਼ਸਲਾਂ ਦੀ ਬਿਜਾਈ ਲਈ ਕਿਸਾਨਾਂ ( Farmers) ਨੂੰ ਅੱਠ ਘੰਟੇ ਸਪਲਾਈ ਜਾਰੀ ਰੱਖਣ ਲਈ ਅਪਣੀ ਸਰਕਾਰ ਦੀ ਵਚਨਬੱਧਤਾ ਜ਼ਾਹਰ ਕਰਦੇ ਹੋਏ ਮੁੱਖ ਮੰਤਰੀ ਨੇ ਪੀ.ਐਸ.ਪੀ.ਸੀ.ਐਲ. ਨੂੰ ਬਿਜਲੀ ਦੀ ਕਮੀ ਪੂਰੀ ਕਰਨ ਲਈ ਲੋੜ ਪੈਣ ਉਤੇ ਸੂਬੇ ਤੋਂ ਬਾਹਰੋਂ ਕਿਸੇ ਵੀ ਕੀਮਤ ਉਤੇ ਬਿਜਲੀ ਖ਼ਰੀਦਣ ਦੇ ਹੁਕਮ ਦਿਤੇ ਹਨ ਤਾਕਿ ਸਰਕਾਰ ਕਿਸਾਨਾਂ ਨਾਲ ਕੀਤੀ ਗਈ ਵਚਨਬੱਧਤਾ ਨਿਭਾ ਸਕੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਬਿਜਲੀ ਸਪਲਾਈ ਵਿਚ ਕੋਈ ਵਿਘਨ ਨਹੀਂ ਪੈਣਾ ਚਾਹੀਦਾ।
ਇਹ ਵੀ ਪੜ੍ਹੋ - ਮੁੰਬਈ 'ਚ 2000 ਲੋਕਾਂ ਨੂੰ ਲਾਇਆ ਗਿਆ ਨਕਲੀ ਕੋਰੋਨਾ ਟੀਕਾ, 10 ਲੋਕ ਗ੍ਰਿਫਤਾਰ