ਆਪਰੇਸ਼ਨ ਬਲੂ ਸਟਾਰ ਦੇ ਰੋਸ ਵਜੋਂ ਅਹੁਦਾ ਛੱਡਣ ਵਾਲੇ ਸਿਮਰਨਜੀਤ ਸਿੰਘ ਮਾਨ ਬਣੇ ਸੰਗਰੂਰ ਦੇ ਨਵੇਂ MP

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਉਹ 1989 ਵਿਚ ਤਰਨ ਤਾਰਨ ਅਤੇ 1999 ਵਿਚ ਸੰਗਰੂਰ ਤੋਂ ਐਮਪੀ ਰਹਿ ਚੁੱਕੇ ਹਨ।

All you need to know about Simranjit Singh Mann


ਸੰਗਰੂਰ: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁਖੀ ਸਿਮਰਨਜੀਤ ਸਿੰਘ ਮਾਨ ਪੰਜਾਬ ਦੀ ਸੰਗਰੂਰ ਲੋਕ ਸਭਾ ਸੀਟ ਤੋਂ ਨਵੇਂ ਸੰਸਦ ਮੈਂਬਰ ਬਣੇ ਹਨ। ਮਾਨ ਆਪਣੇ ਸਿਆਸੀ ਜੀਵਨ ਵਿਚ ਤੀਜੀ ਵਾਰ ਸੰਸਦ ਮੈਂਬਰ ਚੁਣੇ ਗਏ ਹਨ। ਉਹ 1989 ਵਿਚ ਤਰਨ ਤਾਰਨ ਅਤੇ 1999 ਵਿਚ ਸੰਗਰੂਰ ਤੋਂ ਐਮਪੀ ਰਹਿ ਚੁੱਕੇ ਹਨ।  77 ਸਾਲਾ ਸਿਮਰਨਜੀਤ ਸਿੰਘ ਮਾਨ ਨੇ ਜ਼ਿਮਨੀ ਚੋਣ ਵਿਚ ਸੱਤਾਧਾਰੀ ਪਾਰਟੀ 'ਆਪ' ਦੇ ਉਮੀਦਵਾਰ ਗੁਰਮੇਲ ਸਿੰਘ ਨੂੰ ਹਰਾ ਕੇ ਜ਼ਬਰਦਸਤ ਜਿੱਤ ਦਰਜ ਕੀਤੀ ਹੈ। ਸਿਮਰਨਜੀਤ ਸਿੰਘ ਮਾਨ ਤੀਜੀ ਵਾਰ ਭਾਰਤ ਦੀ ਲੋਕ ਸਭਾ ਵਿਚ ਦਾਖ਼ਲ ਹੋਣਗੇ। ਸੰਗਰੂਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਗ੍ਰਹਿ ਜ਼ਿਲ੍ਹਾ ਹੈ ਅਤੇ ਇਹ ਸੀਟ ਉਹਨਾਂ ਦੇ ਅਸਤੀਫੇ ਤੋਂ ਬਾਅਦ ਹੀ ਖਾਲੀ ਹੋਈ ਸੀ।

Simranjit Singh Mann

ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਆਈਪੀਐਸ ਅਧਿਕਾਰੀ ਰਹੇ ਹਨ। ਮਾਨ ਨੇ 1966 ਵਿਚ ਸਿਵਲ ਸੇਵਾਵਾਂ ਦੀ ਪ੍ਰੀਖਿਆ ਦਿੱਤੀ ਅਤੇ ਉਸ ਤੋਂ ਬਾਅਦ 1967 ਵਿਚ ਉਹ ਭਾਰਤੀ ਪੁਲਿਸ ਸੇਵਾ (ਆਈਪੀਐਸ) ਲਈ ਚੁਣੇ ਗਏ। ਉਹਨਾਂ ਨੂੰ ਪੰਜਾਬ ਕੇਡਰ ਮਿਲਿਆ। ਇਸ ਦੌਰਾਨ ਉਹ ਲੁਧਿਆਣਾ ਵਿਚ ਏਐਸਪੀ ਰਹੇ। ਫਿਰ ਉਹ ਫਿਰੋਜ਼ਪੁਰ ਅਤੇ ਫਰੀਦਕੋਟ ਵਿਚ ਐਸਐਸਪੀ ਰਹੇ। ਇਸ ਤੋਂ ਬਾਅਦ ਉਹ ਮੁੰਬਈ ਵਿਚ ਸੀਆਈਐਸਐਫ ਦੇ ਗਰੁੱਪ ਕਮਾਂਡੈਂਟ ਸਨ।

Simranjit Singh Mann

ਸਿਮਰਨਜੀਤ ਸਿੰਘ ਮਾਨ ਨੇ 18 ਜੂਨ 1984 ਵਿਚ ਸਿੱਖ ਨਸਲਕੁਸ਼ੀ ਅਤੇ ਸ੍ਰੀ ਹਰਮਿੰਦਰ ਸਾਹਿਬ ਉੱਤੇ ਹੋਏ ਹਮਲੇ ਦੇ ਵਿਰੋਧ ਵਿਚ ਅਸਤੀਫਾ ਦੇ ਦਿੱਤਾ ਸੀ। ਮਾਨ ਨੂੰ ਭਾਰਤ-ਨੇਪਾਲ ਸਰਹੱਦ 'ਤੇ ਤਿੰਨ ਹੋਰ ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ। ਬਾਅਦ ਵਿਚ ਮਾਨ ਖਿਲਾਫ ਇੰਦਰਾ ਗਾਂਧੀ ਦੀ ਹੱਤਿਆ ਦੀ ਸਾਜ਼ਿਸ਼ ਵਿਚ ਸ਼ਾਮਲ ਹੋਣ ਨੂੰ ਲੈ ਕੇ ਦੇਸ਼ਧ੍ਰੋਹ ਤੱਕ ਕਈ ਕੇਸ ਦਰਜ ਕੀਤੇ ਗਏ ਸਨ। ਪੰਜ ਸਾਲ ਭਾਗਲਪੁਰ ਜੇਲ੍ਹ ਵਿਚ ਨਜ਼ਰਬੰਦ ਰਹੇ ਮਾਨ ਨੇ 1989 ਦੀਆਂ ਲੋਕ ਸਭਾ ਚੋਣਾਂ ਵਿਚ ਤਰਨਤਾਰਨ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਸੀ। ਉਹਨਾਂ ਨੇ 5,27,707 ਵੋਟਾਂ ਲੈ ਕੇ ਰਿਕਾਰਡ ਜਿੱਤ ਦਰਜ ਕੀਤੀ। ਉਹਨਾਂ ਦੇ ਖਿਲਾਫ ਅਜੀਤ ਸਿੰਘ ਮਾਨ (ਜ਼ਿਲ੍ਹਾ ਅੰਮ੍ਰਿਤਸਰ ਕਾਂਗਰਸ ਪ੍ਰਧਾਨ) ਨੇ ਕਾਂਗਰਸ ਦੇ ਉਮੀਦਵਾਰ ਵਜੋਂ ਚੋਣ ਲੜੀ ਸੀ। ਚੋਣਾਂ ਵਿਚ ਕਾਂਗਰਸੀ ਉਮੀਦਵਾਰ ਦੀ ਜ਼ਮਾਨਤ ਜ਼ਬਤ ਹੋ ਗਈ ਸੀ। ਉਹਨਾਂ ਨੂੰ ਤਰਨਤਾਰਨ ਤੋਂ ਲੋਕ ਸਭਾ ਮੈਂਬਰ ਬਣਨ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਸੀ।

Simranjit Singh Mann

ਸਿਮਰਨਜੀਤ ਸਿੰਘ ਮਾਨ ਨੇ ਜੇਲ੍ਹ ਵਿਚ ਰਹਿੰਦਿਆਂ ਤਰਨਤਾਰਨ ਤੋਂ ਲੋਕ ਸਭਾ ਚੋਣ ਲੜੀ ਸੀ। ਚੋਣਾਂ ਵਿਚ 93.92 ਫੀਸਦੀ ਵੋਟਾਂ ਹਾਸਲ ਕਰਨ ਵਾਲੇ ਮਾਨ ਦਾ 30 ਸਾਲ ਬਾਅਦ ਵੀ ਕੋਈ ਰਿਕਾਰਡ ਨਹੀਂ ਤੋੜ ਸਕਿਆ। ਹਾਲਾਂਕਿ 25 ਸਾਲ ਬਾਅਦ ਇਸੇ ਲੋਕ ਸਭਾ ਹਲਕੇ ਤੋਂ ਚੋਣ ਲੜਨ ਤੋਂ ਬਾਅਦ ਉਹਨਾਂ ਦੀ ਜ਼ਮਾਨਤ ਜ਼ਬਤ ਹੋ ਗਈ ਸੀ। ਸਿਮਰਨਜੀਤ ਸਿੰਘ ਮਾਨ ਦਾ ਜਨਮ 20 ਮਈ 1945 ਨੂੰ ਇਕ ਸਿਆਸੀ ਪਰਿਵਾਰ ਵਿਚ ਹੋਇਆ। ਉਹਨਾਂ ਦੇ ਪਿਤਾ ਲੈਫਟੀਨੈਂਟ ਕਰਨਲ ਜੋਗਿੰਦਰ ਸਿੰਘ ਮਾਨ ਵੀ 1967 ਵਿਚ ਵਿਧਾਨ ਸਭਾ ਦੇ ਸਪੀਕਰ ਸਨ। ਮਾਨ ਨੇ 1999 ਵਿਚ ਦੂਜੀ ਵਾਰ ਲੋਕ ਸਭਾ ਚੋਣ ਜਿੱਤੀ ਸੀ। ਤਰਨ ਤਾਰਨ ਲੋਕ ਸਭਾ ਸੀਟ ਉੱਤੇ ਜਿੱਤ ਤੋਂ ਬਾਅਦ ਉਹ ਲੋਕ ਸਭਾ ਵਿਚ ਦਾਖਲ ਨਹੀਂ ਹੋਏ ਕਿਉਂਕਿ ਉਹਨਾਂ ਦੀ ਸ਼ਰਤ ਸੀ ਕਿ ਉਹ ਆਪਣੀ ਕਿਰਪਾਨ ਲੈ ਕੇ ਹੀ ਲੋਕ ਸਭਾ ਜਾਣਗੇ।

Simranjit Singh Mann

2014 ਦੀਆਂ ਲੋਕ ਸਭਾ ਚੋਣਾਂ ਵਿਚ ਸਿਮਰਨਜੀਤ ਸਿੰਘ ਮਾਨ ਨੇ ਅਕਾਲੀ ਦਲ ਅੰਮ੍ਰਿਤਸਰ ਦੀ ਵੱਲੋਂ ਹਲਕਾ ਖਡੂਰ ਸਾਹਿਬ (ਪਹਿਲਾਂ ਤਰਨਤਾਰਨ) ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਸੀ। ਚੋਣ ਵਿਚ ਕੁੱਲ 17 ਉਮੀਦਵਾਰ ਮੈਦਾਨ ਵਿਚ ਸਨ। ਮਾਨ ਨੂੰ ਚੋਣਾਂ ਵਿਚ ਸਿਰਫ਼ 13,990 ਵੋਟਾਂ ਮਿਲੀਆਂ। ਚੋਣ ਨਤੀਜਿਆਂ 'ਚ ਉਹ ਚੌਥੇ ਨੰਬਰ 'ਤੇ ਆਏ ਅਤੇ ਉਹਨਾਂ ਦੀ ਜ਼ਮਾਨਤ ਜ਼ਬਤ ਹੋ ਗਈ। 2019 ਵਿਚ ਆਮ ਚੋਣਾਂ ਦੌਰਾਨ ਉਹ ਚੋਣ ਮੈਦਾਨ ਵਿਚ ਸਨ ਅਤੇ ਹਾਰ ਗਏ ਸਨ। ਇਸ ਚੋਣ ਵਿਚ ਭਗਵੰਤ ਮਾਨ ਜੇਤੂ ਰਹੇ ਸਨ। ਇਸ ਤੋਂ ਇਲਾਵਾ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਵੀ ਸਿਮਰਨਜੀਤ ਸਿੰਘ ਮੈਦਾਨ ਅਮਰਗੜ੍ਹ ਹਲਕੇ ਤੋਂ ਚੋਣ ਮੈਦਾਨ ਵਿਚ ਸਨ ਅਤੇ ਆਮ ਆਦਮੀ ਪਾਰਟੀ ਦੇ ਜਸਵੰਤ ਸਿੰਘ ਗੱਜਣ ਮਾਜਰਾ ਤੋਂ ਹਾਰ ਗਏ ਸਨ।