ਹੈਪੇਟਾਈਟਸ ਸੀ ਪੀੜਤ ਕੈਦੀਆਂ ਦੇ ਇਲਾਜ ਲਈ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿਹਤ ਵਿਭਾਗ ਵਲੋਂ ਫ਼ਾਊਂਡੇਸ਼ਨ ਆਫ਼ ਇਨੋਵੇਟਿਵ ਨਿਊ ਡਾਇਗਨੋਸਟਿਕਸ ਨਾਲ ਸਮਝੌਤਾ ਸਹੀਬੱਧ

Punjab launches dedicated programme to identify & treat Hepatitis C cases in Central Jails

ਚੰਡੀਗੜ੍ਹ : ਦੇਸ਼ ਦਾ ਮੋਹਰੀ ਸੂਬਾ ਬਣਦਿਆਂ ਪੰਜਾਬ ਸਰਕਾਰ ਵਲੋਂ ਅੱਜ ਕੇਂਦਰੀ ਜੇਲਾਂ ਵਿਚ ਹੈਪੇਟਾਈਟਸ ਸੀ ਦੇ ਕੇਸਾਂ ਦੀ ਪਛਾਣ ਅਤੇ ਇਲਾਜ ਲਈ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਸੂਬਾ ਸਰਕਾਰ ਹੈਪੇਟਾਈਟਸ ਸੀ ਦੇ ਟੈਸਟਾਂ ਦੀ ਉਸ ਲਾਗਤ ਦਾ ਖਰਚਾ ਵੀ ਉਠਾ ਰਹੀ ਹੈ, ਜਿਸ ਲਈ ਪਹਿਲਾਂ ਮਰੀਜ ਨੂੰ 881 ਰੁਪਏ ਦੇਣੇ ਪੈ ਰਹੇ ਸਨ। ਇਸ ਸਬੰਧੀ ਸਿਹਤ ਤੇ ਪਰਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵਿਸ਼ਵ ਹੈਪੇਟਾਈਟਸ ਦਿਵਸ ਮੌਕੇ ਪੰਜਾਬ, ਭਾਰਤ ਅਤੇ ਵਿਸ਼ਵ ਵਿਚ ਹੈਪੇਟਾਈਟਸ ਸੀ ਦੀ ਮੌਜੂਦਾ ਸਥਿਤੀ ਦੀ ਜਾਂਚ ਲਈ ਨੈਸ਼ਨਲ ਵਾਈਰਲ ਹੈਪੇਟਾਈਟਸ ਕੰਟਰੋਲ ਪ੍ਰੋਗਰਾਮ ਤਹਿਤ ਕੀਤੀ ਗਈ ਪ੍ਰੀ-ਕਾਨਫ਼ਰੰਸ ਦੌਰਾਨ ਦਿਤੀ ਤਾਂ ਜੋ ਇਸ ਵਧੇਰੇ ਸੰਕਰਮਣ ਬਿਮਾਰੀ ਦੇ ਖ਼ਾਤਮੇ ਲਈ ਰੋਕਥਾਮ ਤੇ ਸੰਭਾਲ ਸਬੰਧੀ ਪ੍ਰਭਾਵਸ਼ਾਲੀ ਕਦਮ ਚੁੱਕੇ ਜਾ ਸਕਣ।

ਸਿਹਤ ਵਿਭਾਗ ਨੇ ਫਾਊਂਡੇਸ਼ਨ ਆਫ਼ ਇਨੋਵੇਟਿਵ ਨਿਊ ਡਾਇਗਨੋਸਟਿਕਸ ਨਾਲ ਕੇਂਦਰੀ ਜੇਲਾਂ ਵਿਚ ਹੈਪੇਟਾਈਟਸ ਸੀ ਦੇ ਕੇਸਾਂ ਦੀ ਪਛਾਣ ਅਤੇ ਇਲਾਜ ਲਈ ਸਮਝੌਤਾ ਸਹੀਬੱਧ ਕੀਤਾ। ਸਿੱਧੂ ਨੇ ਦਸਿਆ ਕਿ ਪੰਜਾਬ ਸਰਕਾਰ ਅਗਸਤ 2019 ਦੌਰਾਨ 9 ਕੇਂਦਰੀ ਜੇਲਾਂ ਵਿਚ ਹੈਪੇਟਾਈਟਸ ਸੀ ਦੇ ਟੈਸਟ ਕਰਨ ਦੀ ਪ੍ਰਕਿਰਿਆ ਆਰੰਭ ਰਹੀ ਹੈ। ਇਸ ਤੋਂ ਇਲਾਵਾ ਹੈਪੇਟਾਈਟਸ ਸੀ ਦੀ ਟੈਸਟਿੰਗ ਤੇ ਮੈਨੇਜਮੈਂਟ ਲਈ ਬਾਕੀ ਜੇਲਾਂ ਨੂੰ ਵੀ ਇਹਨਾਂ 9 ਕੇਂਦਰੀ ਜੇਲਾਂ ਨਾਲ ਜੋੜ ਕੇ ਇਸ ਪ੍ਰਕਿਰਿਆ ਨੂੰ ਪੜਾਅਵਾਰ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇਗਾ। ਸੂਬੇ ਵਿਚ ਹੈਪੇਟਾਈਟਸ ਸੀ ਦੀ ਇਲਾਜ ਦਰ 'ਤੇ ਚਾਨਣਾ ਪਾਉਂਦਿਆਂ ਸਿਹਤ ਮੰਤਰੀ ਨੇ ਦਸਿਆ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਸਟਾਫ ਦੇ ਅਣਥੱਕ ਯਤਨਾਂ ਨਾਲ ਹੈਪੇਟਾਈਟਸ ਸੀ 67,000 ਤੋਂ ਵੱਧ ਮਰੀਜਾਂ ਦਾ ਇਲਾਜ ਚੱਲ ਰਿਹਾ ਹੈ।

ਉਹਨਾਂ ਕਿਹਾ ਕਿ ਹੈਪੇਟਾਈਟਸ ਸੀ ਦੇ ਇਹਨਾਂ ਮਾਮਲਿਆਂ ਦੀ ਇਲਾਜ ਦੁਆਰਾ ਠੀਕ ਹੋਣ ਦੀ ਦਰ ਤਕਰੀਬਨ 93 ਫ਼ੀਸਦ ਹੈ ਅਤੇ ਨੈਸ਼ਨਲ ਵਾਈਰਲ ਹੈਪੇਟਾਈਟਸ ਕੰਟਰੋਲ ਪ੍ਰੋਗਰਾਮ ਤਹਿਤ ਪੰਜਾਬ ਦੇਸ਼ ਦੇ ਹੋਰਨਾਂ ਸੂਬਿਆਂ ਲਈ ਮਾਡਲ ਸੂਬੇ ਵਜੋਂ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਤਰਨਤਾਰਨ ਅਤੇ ਸੰਗਰੂਰ ਜ਼ਿਲ੍ਹਿਆਂ ਵਿਚ ਅਜੇ ਵੀ ਵਧੇਰੇ ਧਿਆਨ ਦੇਣ ਦੀ ਲੋੜ ਹੈ ਜਿਥੇ ਕਿ ਹੋਰਨਾਂ ਜ਼ਿਲ੍ਹਿਆਂ ਨਾਲੋਂ ਹੈਪੇਟਾਈਟਸ ਸੀ ਦੇ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ।ਸਿੱਧੂ ਨੇ ਕਿਹਾ ਕਿ ਸੂਬਾ ਸਰਕਾਰ ਹੈਪੇਟਾਈਟਸ ਸੀ ਦੇ ਟੈਸਟਾਂ ਦੀ ਲਾਗਤ ਦਾ ਖਰਚਾ ਵੀ ਉਠਾ ਰਹੀ ਹੈ, ਜਿਸ ਲਈ ਪਹਿਲਾਂ ਮਰੀਜ ਨੂੰ 881 ਰੁਪਏ ਦੇਣੇ ਪੈ ਰਹੇ ਸਨ। ਇਸ ਦੇ ਨਾਲ  ਹੀ ਹੈਪੇਟਾਈਟਸ ਸੀ ਦੇ ਇਲਾਜ ਲਈ ਦਵਾਈਆਂ ਇਹਨਾਂ ਹਸਪਤਾਲਾਂ ਵਿਚ ਪਹਿਲਾਂ ਹੀ ਮਰੀਜਾਂ ਨੂੰ ਮੁਫਤ ਦਿੱਤੀਆਂ ਜਾ ਰਹੀਆਂ ਹਨ।

ਹੈਪੇਟਾਈਟਸ ਸੀ ਦੇ ਕੰਟਰੋਲ ਲਈ ਅਧਿਕਾਰੀਆਂ ਦੀ ਸ਼ਲਾਘਾਯੋਗ ਕਾਰਗੁਜ਼ਾਰੀ ਲਈ ਵਧਾਈ  ਦਿੰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਉਹ ਸਰਕਾਰੀ ਮੈਡੀਕਲ ਕਾਲਜਾਂ ਅਤੇ ਜ਼ਿਲ੍ਹਾ ਹਸਪਤਾਲਾਂ ਵਿਚ ਕੰਮ ਕਰਦੇ ਮੈਡੀਕਲ ਸਪੈਸ਼ਲਿਸਟਾਂ, ਜ਼ਿਲ੍ਹਾ ਐਪੀਡੈਮਿਓਲੋਜਿਸਟ ਅਤੇ ਉਹਨਾਂ ਦੀਆਂ ਟੀਮਾਂ, ਪੰਜਾਬ ਸਟੇਟ ਏਡਜ ਕੰਟਰੋਲ ਸੁਸਾਇਟੀ ਦੇ ਸਟਾਫ, ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਅਤੇ ਆਈ.ਡੀ.ਐਸ.ਪੀ ਦੀ ਸਟੇਟ ਟੀਮ ਦੇ ਅਣਥੱਕ ਯਤਨਾਂ ਲਈ ਉਹਨਾਂ ਦੀ ਸ਼ਲਾਘਾ ਕਰਦੇ ਹਨ। 

ਇਸ ਮੌਕੇ ਅਨੁਰਾਗ ਅਗਰਵਾਲ ਪ੍ਰਮੁੱਖ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਨੇ ਕਿਹਾ ਕਿ ਫਾਊਂਡੇਸ਼ਨ ਆਫ਼ ਇਨੋਵੇਟਿਵ ਨਿਊ ਡਾਇਗਨੋਸਟਿਕਸ ਦੇ ਸਹਿਯੋਗ ਨਾਲ ਸਿਹਤ ਵਿਭਾਗ ਨੇ ਹੈਪੇਟਾਈਟਸ ਸੀ ਲਈ 18000 ਤੋਂ ਵੱਧ ਐਚ.ਆਈ.ਵੀ. ਮਰੀਜ਼ਾਂ ਦੀ ਮੁਫਤ ਜਾਂਚ ਕੀਤੀ ਹੈ। ਉਹਨਾਂ ਅੱਗੇ ਕਿਹਾ ਕਿ ਕਲਿੰਟਨ ਹੈਲਥ ਐਕਸੈਸ ਇਨੀਸ਼ੀਏਟਿਵ, ਐਕਟੈਂਸ਼ਨ ਆਫ ਹੈਲਥ ਕੇਅਰ ਆਊਟਕਮ ਅਤੇ ਪੀ.ਜੀ.ਆਈ ਹੈਪੇਟਾਈਟਸ ਸੀ ਸਬੰਧੀ ਜਾਣਕਾਰੀ ਦੇ ਪ੍ਰਸਾਰ ਲਈ ਸਿਹਤ ਵਿਭਾਗ ਦਾ ਸਹਿਯੋਗ ਦੇ ਰਹੀ ਹੈ। ਅਨੁਰਾਗ ਅਗਰਵਾਲ ਨੇ ਦਸਿਆ ਕਿ ਪੀ.ਜੀ.ਆਈ ਦੇ ਸਹਿਯੋਗ ਨਾਲ ਨਸ਼ਾ ਛਡਾਊ ਕੇਂਦਰਾਂ ਵਿਚ ਆਈ.ਵੀ.ਡੀ.ਯੂਜ਼ (ਇਨਟਰਾਵੇਨਸ ਡਰੱਗ ਯੂਜਰਜ਼) ਦਰਮਿਆਨ ਹੈਪੇਟਾਈਟਸ ਸੀ ਦੀ ਸਕਰੀਨਿੰਗ ਅਤੇ ਟੈਸਟਿੰਗ ਲਈ ਇਕ ਵਿਸ਼ੇਸ਼ ਪ੍ਰੋਗਰਾਮ ਵੀ ਲਾਂਚ ਕੀਤਾ ਜਾਵੇਗਾ।