ਸਰੂਪਾਂ ਦੀ ਸਾਂਭ ਸੰਭਾਲ ਅਤੇ ਰਾਖੀ ਕਰਨਾ ਸ਼੍ਰੋਮਣੀ ਕਮੇਟੀ ਦੀ ਜ਼ਿੰਮੇਵਾਰੀ : ਭਾਈ ਮੰਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲਾਪਤਾ ਹੋਏ ਸਰੂਪਾਂ ਬਾਰੇ ਸ਼੍ਰੋਮਣੀ ਕਮੇਟੀ ਸਮੁੱਚੀ ਸਿੱਖ ਕੌਮ ਨੂੰ ਸਹੀ ਜਾਣਕਾਰੀ ਦੇਵੇ

Bhai Dhian singh mand

ਫ਼ਿਰੋਜ਼ਪੁਰ: ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਸਾਂਭ ਸੰਭਾਲ, ਹਿਸਾਬ ਕਿਤਾਬ ਰਖਣਾ ਅਤੇ ਹਰ ਤਰ੍ਹਾਂ ਨਾਲ ਰਾਖੀ ਕਰਨਾ ਸ਼੍ਰੋਮਣੀ ਕਮੇਟੀ ਦੀ ਜ਼ਿੰਮੇਵਾਰੀ ਹੈ ਜਿਸ ਤੋਂ ਇਹ ਜਥੇਬੰਦੀ ਕਦੇ ਵੀ ਨਹੀਂ ਭੱਜ ਸਕਦੀ ਅਤੇ ਜੇਕਰ ਇਕ ਵੀ ਸਰੂਪ ਗਾਇਬ ਹੋ ਜਾਵੇ ਤਾਂ ਬਹੁਤ ਵੱਡੀ ਕੁਤਾਹੀ ਕਹੀ ਜਾਵੇਗੀ।

ਪ੍ਰੰਤੂ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪਾਂ ਦਾ ਗਾਇਬ ਹੋਣਾ ਅਤੀ ਨਿੰਦਣਯੋਗ ਅਤੇ ਗ਼ੈਰਜ਼ਿੰਮੇਵਾਰਾਨਾ ਕਾਰਵਾਈ ਹੈ ਜਿਸ ਲਈ ਸ਼੍ਰੋਮਣੀ ਕਮੇਟੀ ਦੀ ਪੂਰੀ ਜ਼ਿੰਮੇਵਾਰੀ ਬਣਦੀ ਸੀ ਕਿ ਇਸ ਮਾਮਲੇ 'ਤੇ ਜੋ ਵੀ ਜ਼ਿੰਮੇਵਾਰ ਹੋਵੇ ਉਸ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।

ਇਹ ਵਿਚਾਰ ਅੱਜ ਅਪਣੇ ਗ੍ਰਹਿ ਵਿਖੇ ਇਕ ਪੱਤਰਕਾਰ ਸੰਮੇਲਨ ਵਿਚ ਜ਼ਾਹਰ ਕਰਦਿਆਂ ਭਾਈ ਧਿਆਨ ਸਿੰਘ ਮੰਡ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਮੁੱਚੀ ਸਿੱਖ ਕੌਮ ਨੂੰ ਇਸ ਦਾ ਤਸੱਲੀਬਖ਼ਸ਼ ਜਵਾਬ ਦੇਵੇ ਅਤੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕੀਤਾ ਜਾਵੇ।

ਭਾਈ ਰਣਜੀਤ ਸਿੰਘ ਢਡਰੀਆਂਵਾਲੇ ਬਾਰੇ ਅਕਾਲ ਤਖ਼ਤ ਤੋਂ ਕੀਤੀ ਗਈ ਟਿਪਣੀ ਬਾਰੇ ਪੁਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਇਹ ਅਸਲ ਵਿਚ ਸਿੱਖ ਕੌਮ ਦਾ ਅੰਦਰੂਨੀ ਮਸਲਾ ਹੈ ਅਤੇ ਇਸ ਨੂੰ ਆਪਸ ਵਿਚ ਬੈਠ ਕੇ ਹਰ ਸ਼ਿਕਵਾ ਜਾਂ ਗਿਲਾ ਦੂਰ ਕਰਨਾ ਚਾਹੀਦਾ ਹੈ ਨਾ ਕਿ ਸਟੇਜਾਂ ਰਾਹੀਂ ਬੋਲ ਕੇ।