CEO ਵੱਲੋਂ ਚੋਣਾਂ ਦੌਰਾਨ ਅਧਿਆਪਕਾਂ ਦੀਆਂ ਸੇਵਾਵਾਂ ਨੂੰ ਸਨਮਾਨ ਦੇਣ ਲਈ ਮਨਾਇਆ ਜਾਵੇਗਾ ਅਧਿਆਪਕ ਦਿਵਸ

ਏਜੰਸੀ

ਖ਼ਬਰਾਂ, ਪੰਜਾਬ

ਚੋਣ ਪ੍ਰਕ੍ਰਿਆ ਵਿਚ ਅਧਿਆਪਕਾਂ ਦੇ ਵੱਡਮੁੱਲੇ ਯੋਗਦਾਨ ਨੂੰ ਮਾਨਤਾ ਦੇਣ ਲਈ, CEO ਪੰਜਾਬ ਵੱਲੋਂ ਅਧਿਆਪਕ ਦਿਵਸ ਨੂੰ ਵਿਸ਼ੇਸ਼ ਢੰਗ ਨਾਲ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ।

CEO, Punjab

ਚੰਡੀਗੜ੍ਹ: ਚੋਣ ਪ੍ਰਕ੍ਰਿਆ ਵਿਚ ਅਧਿਆਪਕਾਂ ਦੇ ਵੱਡਮੁੱਲੇ ਯੋਗਦਾਨ ਨੂੰ ਮਾਨਤਾ ਦੇਣ ਲਈ, ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਪੰਜਾਬ ਵੱਲੋਂ ਅਧਿਆਪਕ ਦਿਵਸ ਨੂੰ ਵਿਸ਼ੇਸ਼ ਢੰਗ ਨਾਲ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਇਕ ਵਿਸ਼ੇਸ਼ ਸਮਾਗਮ ਆਯੋਜਿਤ ਕਰਨ ਦੀ ਯੋਜਨਾ ਬਣਾਈ ਗਈ ਹੈ ਜਿਸ ਵਿਚ ਪੰਜਾਬ ਦੇ ਸਾਰੇ 22 ਜ਼ਿਲ੍ਹਿਆਂ ਵਿਚਲੇ ਸਰਕਾਰੀ ਸਕੂਲਾਂ, ਕਾਲਜਾਂ, ਆਈ.ਟੀ.ਆਈਜ਼, ਪੌਲੀਟੈਕਨਿਕਲਾਂ ਦੇ ਨਾਲ ਨਾਲ ਸਰਕਾਰੀ ਸਹਾਇਤਾ ਪ੍ਰਾਪਤ ਸੰਸਥਾਵਾਂ ਦੇ ਸਮੂਹ ਅਧਿਆਪਨ ਸਟਾਫ਼ ਲਈ ਇਕ ਮੁਕਾਬਲਾ ਆਯੋਜਿਤ ਕੀਤਾ ਜਾਵੇਗਾ ਜਿਨ੍ਹਾਂ ਨੇ ਪਿਛਲੇ ਸਮੇਂ ਦੀਆਂ ਚੋਣਾਂ ਦੌਰਾਨ ਪ੍ਰੀਜਾਈਡਿੰਗ ਅਫਸਰਾਂ / ਪੋਲਿੰਗ ਅਫ਼ਸਰਾਂ / ਬਲਾਕ ਪੱਧਰੀ ਅਧਿਕਾਰੀਆਂ / ਸੁਪਰਵਾਈਜ਼ਰਾਂ / ਮਾਸਟਰ ਟ੍ਰੇਨਰਾਂ ਆਦਿ ਦੇ ਤੌਰ 'ਤੇ ਆਪਣੀ ਸੇਵਾਵਾਂ ਦਿੱਤੀਆਂ ਸਨ ਜਾਂ ਇਸ ਸਮੇਂ ਚੋਣ ਪ੍ਰਕਿਰਿਆ ਦੌਰਾਨ ਆਪਣੀਆਂ ਸੇਵਾਵਾਂ ਦੇ ਰਹੇ ਹਨ।

ਰਾਈਟ ਅਪ ਲਈ ਹੇਠ ਦਿੱਤੇ ਤਿੰਨ ਵਿਸ਼ਿਆਂ (ਕਿਸੇ ਵੀ 'ਤੇ 500 ਸ਼ਬਦਾਂ ਤੋਂ ਵੱਧ ਨਾ ਹੋਵੇ) ਸਬੰਧੀ ਐਂਟਰੀਆਂ ਲਈ ਬਿਨੈ ਕੀਤਾ ਜਾ ਸਕਦਾ ਹੈ:

1. “ਚੋਣਾਂ ਦੌਰਾਨ ਤਜ਼ਰਬੇ”,

2. “ਚੋਣ ਡਿਊਟੀ ਨੂੰ ਵਧੇਰੇ ਸੁਖਾਵਾਂ ਬਣਾਉਣ ਲਈ ਸੁਝਾਅ”,

3. “ਕੋਵਿਡ -19 ਦੌਰਾਨ ਚੋਣਾਂ ਵਿਚ ਡਿਊਟੀ ਕਰਨ ਸਬੰਧੀ ਚੁਣੌਤੀਆਂ”

ਬੁਲਾਰੇ ਨੇ ਦੱਸਿਆ ਕਿ 22 ਜਿਲ੍ਹਿਆਂ ਵਿਚੋਂ ਹਰੇਕ ਦੀ ਸਰਬੋਤਮ ਐਂਟਰੀ ਨੂੰ ਇਕ ਸਰਟੀਫਿਕੇਟ ਦਿੱਤਾ ਜਾਵੇਗਾ ਅਤੇ ਸਾਰੇ 22 ਜ਼ਿਲ੍ਹਿਆਂ ਵਿਚੋਂ ਚੁਣੀਆਂ ਗਈਆਂ  ਉੱਤਮ ਐਂਟਰੀਆਂ ਵਿਚੋਂ ਪਹਿਲੀਆਂ ਤਿੰਨ ਸਰਬੋਤਮ ਐਂਟਰੀਆਂ ਨੂੰ ਨਕਦ ਇਨਾਮ ਅਤੇ ਇਕ-ਇਕ ਸਰਟੀਫਿਕੇਟ ਦਿੱਤਾ ਜਾਵੇਗਾ। 25 ਜਨਵਰੀ ਨੂੰ ਰਾਸ਼ਟਰੀ ਵੋਟਰ ਦਿਵਸ ਮੌਕੇ ਰਾਜ ਪੱਧਰੀ ਜੇਤੂਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।ਉਨ੍ਹਾਂ ਅੱਗੇ ਕਿਹਾ ਕਿ ਇਸ ਵਿਚ ਹਿੱਸਾ ਲੈਣ ਵਾਲੇ ਆਪਣੀਆਂ ਐਂਟਰੀਆਂ 31 ਅਗਸਤ, 2020 ਤੱਕ ਜ਼ਿਲ੍ਹਾ ਸਵੀਪ ਨੋਡਲ ਅਫ਼ਸਰਾਂ ਕੋਲ ਜਮ੍ਹਾ ਕਰਵਾਉਣਗੇ।