ਕਾਂਗਰਸ ਪਾਰਟੀ ਲਕਛਮਣ ਰੇਖਾ ਖਿੱਚੇ ਤਾਂ ਕਿ ਕੋਈ ਉਸ ਨੂੰ ਪਾਰ ਕਰਨ ਦੀ ਹਿੰਮਤ ਨਾ ਕਰੇ: ਜਾਖੜ

ਏਜੰਸੀ

ਖ਼ਬਰਾਂ, ਪੰਜਾਬ

ਉੱਥੇ ਹੀ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਨੇ ਪਾਰਟੀ...

Sunil Jakhar said action should be taken against those who break the discipline

ਚੰਡੀਗੜ੍ਹ: ਕਾਂਗਰਸ ਵਿਚ ਲੈਟਰ ਬੰਬ ਤੋਂ ਬਾਅਦ ਭਾਵੇਂ ਹੀ ਪਾਰਟੀ ਦੀ ਕਮਾਨ ਸੋਨੀਆ ਗਾਂਧੀ ਦੇ ਹੱਥ ਵਿਚ ਹੀ ਰਹੀ ਪਰ ਦਿੱਲੀ ਦੀ ਇਸ ਘਟਨਾ ਦਾ ਅਸਰ ਆਉਣ ਵਾਲੇ ਸਮੇਂ ਵਿਚ ਪੰਜਾਬ ਤੇ ਸਾਫ਼-ਸਾਫ਼ ਦਿਖਾਈ ਦੇਵੇਗਾ। ਪਾਰਟੀ ਦੇ ਸੂਤਰਾਂ ਅਨੁਸਾਰ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਦੀਆਂ ਪਰੇਸ਼ਾਨੀਆਂ ਵੱਧ ਸਕਦੀਆਂ ਹਨ।

ਉੱਥੇ ਹੀ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਨੇ ਪਾਰਟੀ ਹਾਈਕਮਾਨ ਤੋਂ ਮੰਗ ਕੀਤੀ ਹੈ ਕਿ ਇਕ ਲਕਛਮਣ ਰੇਖਾ ਖਿੱਚ ਦਿੱਤੀ ਜਾਵੇ ਤਾਂ ਕਿ ਫਿਰ ਕੋਈ ਉਸ ਨੂੰ ਪਾਰ ਕਰਨ ਦੀ ਹਿੰਮਤ ਨਾ ਕਰ ਸਕੇ। ਜਾਖੜ ਦਾ ਇਹ ਬਿਆਨ ਉਸ ਸਮੇਂ ਆਇਆ ਜਦੋਂ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਵਿਚ ਅੰਬਿਕਾ ਸੋਨੀ ਪੱਤਰ ਲਿਖਣ ਵਾਲੇ ਆਗੂਆਂ ਖਿਲਾਫ ਅਨੁਸ਼ਾਸ਼ਨਾਤਮਕ ਕਾਰਵਾਈ ਦੀ ਮੰਗ ਕਰ ਚੁੱਕੀ ਹੈ।

ਦਸ ਦਈਏ ਕਿ ਪਾਰਟੀ ਆਗੂਆਂ ਵਿਚ ਬਦਲਾਅ ਨੂੰ ਲੈ ਕੇ ਪੱਤਰ ਲਿਖਣ ਵਾਲੇ 23 ਸੀਨੀਅਰ ਕਾਂਗਰਸ ਆਗੂਆਂ ਵਿਚ ਪੰਜਾਬ ਦੇ ਦੋ ਆਗੂ ਮਨੀਸ਼ ਤਿਵਾਰੀ ਅਤੇ ਰਾਜਿੰਦਰ ਕੌਰ ਭੱਠਲ ਸ਼ਾਮਲ ਸਨ। ਜਾਖੜ ਨੇ ਕਿਹਾ ਕਿ ਰਾਜਿੰਦਰ ਕੌਰ ਭੱਠਲ ਤੋਂ ਅਜਿਹੀ ਉਮੀਦ ਨਹੀਂ ਸੀ। ਕਿਉਂ ਕਿ ਉਹ ਪਾਰਟੀ ਦੇ ਸੀਨੀਅਰ ਆਗੂ ਹਨ ਅਤੇ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਵੀ ਸੰਭਾਲ ਚੁੱਕੇ ਹਨ। ਜਾਖੜ ਨੇ ਸੋਨੀਆ ਗਾਂਧੀ ਦਾ ਨਾਮ ਲਏ ਬਗੈਰ ਟਵੀਟ ਕੀਤਾ ਕਿ ‘ਮੇਰੇ ਦਿਲ ਵਿਚ ਕਿਸੇ ਲਈ ਕੋਈ ਮਾੜੀ ਇੱਛਾ ਨਹੀਂ ਹੈ।

ਅਜਿਹਾ ਕਹਿਣ ਲਈ ਵੱਡਾ ਦਿਲ ਅਤੇ ਪਰਿਪੱਕਤਾ ਦੀ ਜ਼ਰੂਰਤ ਹੁੰਦੀ ਹੈ। ਉਹ ਵੀ ਅਲੋਚਨਾ ਸੁਣਨ ਅਤੇ ਝੱਲਣ ਤੋਂ ਬਾਅਦ। ਲੀਡਰਸ਼ਿਪ ਇਸੇ ਦਾ ਹੀ ਨਾਮ ਹੈ।’ ਖਾਸ ਗੱਲ ਇਹ ਹੈ ਕਿ ਲੈਟਰ ਬੰਬ ਸਾਹਮਣੇ ਆਉਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ ਅਤੇ ਫਿਰ ਬ੍ਰਹਮ ਮੋਹਿੰਦਰਾ ਗਾਂਧੀ ਪਰਿਵਾਰ ਦੇ ਸਮਰਥਨ ਲਈ ਆ ਗਏ ਸਨ।

ਉੱਥੇ ਹੀ ਪ੍ਰਦੇਸ਼ ਕਾਂਗਰਸ ਦੇ ਇਕ ਵੱਡੇ ਵਰਗ ਵਿਚ ਇਸ ਗੱਲ ਨੂੰ ਲੈ ਕੇ ਗੁੱਸਾ ਹੈ ਕਿ ਪੱਤਰ ਲਿਖਣ ਵਾਲਿਆਂ ਵਿਚ ਪੰਜਾਬ ਦੇ ਦੋ ਆਗੂ ਸ਼ਾਮਲ ਹਨ। ਕਾਂਗਰਸ ਸੂਤਰਾਂ ਦੀ ਮੰਨੀਏ ਤਾਂ ਆਉਣ ਵਾਲੇ ਸਮੇਂ ਵਿਚ ਭੱਠਲ ਦੀ ਪਰੇਸ਼ਾਨੀ ਵਧ ਸਕਦੀ ਹੈ, ਕਿਉਂ ਕਿ ਕਾਂਗਰਸ ਸਰਕਾਰ ਨੇ ਭੱਠਲ ਨੂੰ ਐਡਜਸਟ ਕਰਨ ਲਈ ਨਾ ਸਿਰਫ ਉਹਨਾਂ ਨੂੰ ਚੇਅਰਪਰਸਨ ਬਣਾਇਆ ਬਲਕਿ ਕੈਬਨਿਟ ਨੇ ਉਹਨਾਂ ਦੀ ਕੋਠੀ ਦਾ 80 ਲੱਖ ਕਿਰਾਇਆ ਵੀ ਮੁਆਫ਼ ਕੀਤਾ।

ਜਿਸ ਨੂੰ ਲੈ ਕੇ ਕਾਂਗਰਸ ਨੂੰ ਹਮੇਸ਼ਾ ਹੀ ਵਿਰੋਧੀਆਂ ਦੀ ਅਲੋਚਨਾ ਸਹਿਣੀ ਪੈਂਦੀ ਹੈ। ਜਾਖੜ ਅਜੇ ਮਨੀਸ਼ ਤਿਵਾਰੀ ਦੇ ਸਬੰਧ ਵਿਚ ਕੁੱਝ ਨਹੀਂ ਬੋਲ ਰਹੇ ਪਰ ਜਿਸ ਸਮੇਂ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੁਲੋਂ ਨੇ ਜ਼ਹਿਰੀਲੀ ਸ਼ਰਾਬ ਮਾਮਲੇ ਵਿਚ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ ਤਾਂ ਜਾਖੜ ਪਹਿਲਾ ਆਗੂ ਸੀ ਜਿਹਨਾਂ ਨੇ ਇਹਨਾਂ ਦੋਵਾਂ ਰਾਜਸਭਾ ਮੈਂਬਰਾਂ ਨੂੰ ਪਾਰਟੀ ਤੋਂ ਬਰਖ਼ਾਸਤ ਕਰਨ ਦੀ ਮੰਗ ਕੀਤੀ ਸੀ।

ਹੁਣ ਜਾਖੜ ਦੀ ਲਕਛਮਣ ਰੇਖਾ ਖਿੱਚਣ ਦੀ ਮੰਗ ਨੂੰ ਇਸ ਲਈ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਕਿਉਂ ਕਿ ਬਾਜਵਾ ਅਤੇ ਦੁਲੋਂ ਤੋਂ ਬਾਅਦ ਹੁਣ ਮਨੀਸ਼ ਤਿਵਾਰੀ ਅਤੇ ਭੱਠਲ ਦੇ ਨਾਮ ਵੀ ਸ਼ਾਮਲ ਹੋ ਗਏ ਹਨ।