ਕਰਤਾਰਪੁਰ ਲਾਂਘੇ ਲਈ ਜ਼ਮੀਨ ਦੇ ਕੇ ਬਟਵਾਰਾ ਕਰਨਾ ਸੌਦੇ ਦਾ ਘਾਟਾ ਨਹੀਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੁਰਦਵਾਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਪਾਕਿਸਤਾਨ ਸਾਡੇ ਕੋਲੋਂ ਓਨੀ ਹੀ ਜ਼ਮੀਨ ਲੈ ਕੇ, ਭਾਰਤ ਨੂੰ ਦੇ ਦੇਵੇ ਤਾਂ ਇਹ ਦੋਹਾਂ ਦੇਸ਼ਾਂ ਲਈ ਚੰਗਾ ਹੋਵੇਗਾ..........

Navjot Singh Sidhu

ਚੰਡੀਗੜ੍ਹ : ਗੁਰਦਵਾਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਪਾਕਿਸਤਾਨ ਸਾਡੇ ਕੋਲੋਂ ਓਨੀ ਹੀ ਜ਼ਮੀਨ ਲੈ ਕੇ, ਭਾਰਤ ਨੂੰ ਦੇ ਦੇਵੇ ਤਾਂ ਇਹ ਦੋਹਾਂ ਦੇਸ਼ਾਂ ਲਈ ਚੰਗਾ ਹੋਵੇਗਾ। ਇਥੇ ਚੇਤੇ ਕਰਵਾਇਆ ਜਾਣਾ ਬਣਦਾ ਹੈ ਕਿ ਰਾਜਗੁਰੂ, ਭਗਤ ਸਿੰਘ ਤੇ ਸੁਖਦੇਵ ਦੀ ਸਮਾਧੀ ਵਾਸਤੇ ਭਾਰਤ ਪਾਕਿ ਦੇ ਜ਼ਮੀਨੀ ਤਬਾਦਲੇ ਹੋਏ ਸਨ। ਉਸੇ ਤਰਜ਼ 'ਤੇ ਕਰਤਾਰ ਸਾਹਿਬ ਨੂੰ ਭਾਰਤ ਵਿਚ ਮਿਲਾਉਣ ਲਈ ਦੋਵਾਂ ਦੇਸ਼ਾਂ ਦੇ ਜ਼ਮੀਨੀ ਤਬਾਦਲੇ ਵਿਚ ਕੋਈ ਹਰਜ ਨਹੀਂ। ਉਧਰ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਨਵਜੋਤ ਸਿੰਘ ਸਿੱਧੂ ਨੂੰ ਕੌਮ ਵਿਰੋਧੀ ਜਾਂ ਆਈ.ਐਸ.ਆਈ ਦਾ ਏਜੰਟ ਕਹਿ ਕੇ ਭੰਡਿਆ ਹੈ।

ਆਮ ਆਦਮੀ ਪਾਰਟੀ ਨੂੰ ਵੀ ਗਵਾਰਾ ਨਹੀਂ, ਇਥੋਂ ਤਕ ਕਿ ਕਾਂਗਰਸ ਦੇ ਇਕ ਆਮ ਨੇਤਾ ਨੇ ਵੀ ਸਿੱਧੂ ਨੂੰ ਸੂਬੇ ਦੀ ਰਾਜਨੀਤੀ ਤੋਂ ਬਾਹਰ ਜਾ ਕੇ ਕੌਮਾਂਤਰੀ ਮਸਲਿਆਂ ਨੂੰ ਨਾ ਛੂਹਣ ਦੀ ਸਲਾਹ ਦਿਤੀ ਹੈ ਪਰ ਉਹ ਅਡੋਲ ਹੈ, ਹਮੇਸ਼ਾ ਦੀ ਤਰ੍ਹਾਂ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਭਾਰਤ ਦੇ ਵਿਦੇਸ਼ ਮੰਤਰੀ ਨੂੰ ਪੱਤਰ ਲਿਖ ਕੇ ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ ਗੱਲਬਾਤ ਸ਼ੁਰੂ ਕਰਨ ਦੀ ਅਪੀਲ ਕਰਨਾ, ਸਿੱਖਾਂ ਸਿਰ ਇਕ ਅਹਿਸਾਨ ਕਰਨ ਬਰਾਬਰ ਮੰਨਿਆ ਜਾ ਰਿਹਾ ਹੈ।

ਲੋਕ ਸਭਾ ਦੀਆਂ ਚੋਣਾਂ ਸਿਰ 'ਤੇ ਆ ਰਹੀਆਂ ਹਨ। ਨਵਜੋਤ ਸਿੰਘ ਸਿੱਧੂ ਦੀ ਇਹ ਪ੍ਰਾਪਤੀ ਵਿਰੋਧੀਆਂ ਦੇ ਗਲੇ ਤੋਂ ਥੱਲੇ ਨਹੀਂ ਉਤਰ ਰਹੀ। ਨਵਜੋਤ ਸਿੰਘ ਸਿੱਧੂ ਮੰਨਦੇ ਹਨ ਕਿ ਜੇ ਕੋਈ ਕਹਿੰਦਾ ਹੈ ਕਿ ਪਾਕਿ ਫ਼ੌਜ ਦੇ ਮੁਖੀ ਨੂੰ ਪਾਈ ਜੱਫੀ ਗ਼ਲਤ ਸੀ ਤਾਂ ਗੁਰਦਵਾਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਉਹ ਅੱਜ ਫਿਰ ਤੋਂ ਜੱਫੀ ਪਾਉਣ ਲਈ ਤਿਆਰ ਹਨ।