ਲਖਬੀਰ ਸਿੰਘ ਦੇ ਪਰਿਵਾਰ ਨੂੰ ਮਿਲਣ ਵਾਲੇ ਵਿੱਤੀ ਮੁਆਵਜ਼ੇ ਵਿਚੋਂ 4.25 ਲੱਖ ਦੀ ਪਹਿਲੀ ਕਿਸ਼ਤ ਜਾਰੀ
ਲਖਬੀਰ ਸਿੰਘ ਦੇ ਪਰਿਵਾਰ ਨੂੰ ਮਿਲਣ ਵਾਲੇ ਕੁੱਲ 8.25 ਲੱਖ ਰੁੱਪਏ ਦੇ ਵਿੱਤੀ ਮੁਆਵਜ਼ੇ ਵਿਚੋਂ ਪਹਿਲੀ ਕਿਸ਼ਤ 4.25 ਲੱਖ ਰੁਪਏ ਜਾਰੀ ਕੀਤੇ ਗਏ ਹਨ।
ਚੰਡੀਗੜ੍ਹ: ਸਿੰਘੂ ਬਾਰਡਰ 'ਤੇ ਬੇਅਦਬੀ ਦੇ ਦੋਸ਼ ਵਿਚ ਕਤਲ ਕੀਤੇ ਗਏ ਦਲਿਤ ਵਿਅਕਤੀ ਲਖਬੀਰ ਸਿੰਘ ਦੇ ਪਰਿਵਾਰ ਨੂੰ ਮਿਲਣ ਵਾਲੇ ਕੁੱਲ 8.25 ਲੱਖ ਰੁੱਪਏ ਦੇ ਵਿੱਤੀ ਮੁਆਵਜ਼ੇ ਵਿਚੋਂ ਪਹਿਲੀ ਕਿਸ਼ਤ 4.25 ਲੱਖ ਰੁਪਏ ਜਾਰੀ ਕੀਤੇ ਗਏ ਹਨ। ਇਸ ਮਾਮਲੇ ਵਿਚ ਨੈਸ਼ਨਲ ਐਸਸੀ ਕਮੀਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਨੇ ਦਖਲ ਦਿੱਤੀ ਸੀ।
ਜ਼ਿਕਰਯੋਗ ਹੈ ਕਿ ਪੀੜਤ ਪਰਿਵਾਰ ਵੱਲੋਂ ਬੀਤੇ ਦਿਨ ਦਿੱਲੀ ਵਿਖੇ ਨੈਸ਼ਨਲ ਐਸਸੀ ਕਮੀਸ਼ਨ ਦੇ ਹੈਡ ਕੁਆਰਟਰ ਵਿਚ ਚੇਅਰਮੈਨ ਵਿਜੈ ਸਾਂਪਲਾ ਨਾਲ ਮਿਲ ਕੇ ਇਨਸਾਫ ਦੀ ਮੰਗ ਕੀਤੀ ਗਈ ਸੀ। ਹਰਿਆਣਾ ਸਰਕਾਰ ਵੱਲੋਂ ਐਸਸੀ ਐਕਟ ਦੇ ਨਿਯਮਾਂ ਤਹਿਤ ਪੀੜਤ ਪਰਿਵਾਰ ਨੂੰ ਮਿਲਣ ਵਾਲੇ ਇਕ ਮੁਸ਼ਤ ਰਾਸ਼ੀ 8.25 ਲੱਖ ਰੁਪਏ ਵਿੱਚੋਂ ਐਫਆਈਆਰ ਦਰਜ ਹੋਣ ਦੇ 10 ਦਿਨ ਬਾਅਦ ਅੱਜ 4.25 ਲੱਖ ਰੁੱਪਏ ਦੀ ਪਹਿਲੀ ਕਿਸ਼ਤ ਜਾਰੀ ਕੀਤੀ ਗਈ ਹੈ।
ਸਾਂਪਲਾ ਨੇ ਕਿਹਾ ਕਿ ਐਸਸੀ ਐਕਟ ਦੇ ਨਿਯਮਾਂ ਦੇ ਤਹਿਤ ਜੋ ਵੀ ਸਹੁਲਤ ਜਿਵੇਂ ਕਿ ਲਖਬੀਰ ਸਿੰਘ ਦੀ 3 ਬੇਟੀਆਂ ਦੀ ਸਰਕਾਰੀ ਖਰਚੇ ’ਤੇ ਪੜਾਈ ਹੋਵੇ ਅਤੇ ਇਸ ਦੇ ਨਾਲ ਮ੍ਰਿਤਕ ਦੀ ਮਾਤਾ ਨੂੰ ਹਰ ਮਹੀਨੇ ਪੈਨਸ਼ਨ ਆਦਿ ਨੂੰ ਕਮੀਸ਼ਨ ਵੱਲੋਂ ਸੁਨਿਸ਼ਿਚਤ ਕਰਵਾਇਆ ਜਾਵੇਗਾ।