ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ 24 ਦਸੰਬਰ ਨੂੰ ਹੋਵੇਗੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਕਾਲੀ ਨੇਤਾ ਦੇ ਕਤਲ ਦੇ ਮਾਮਲੇ ਵਿਚ ਡੀ.ਜੀ.ਪੀ. ਨਾਲ ਮੁਲਾਕਾਤ ਅੱਜ, ਕੇਂਦਰੀ ਗ੍ਰਹਿ ਮੰਤਰੀ ਨੂੰ ਵੀ ਅਕਾਲੀ ਵਫ਼ਦ ਮਿਲੇਗਾ

SGPC

ਚੰਡੀਗੜ੍ਹ  (ਐਸ.ਐਸ. ਬਰਾੜ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ 24 ਦਸੰਬਰ ਨੂੰ ਕਰਾਉਣ ਦਾ ਅਹਿਮ ਫ਼ੈਸਲਾ ਅੱਜ ਇਥੇ ਹੋਈ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਵਿਚ ਲਿਆ ਗਿਆ। ਅਕਾਲੀ ਦਲ ਦੇ ਕੁਲ 600 ਡੈਲੀਗੇਟ ਹਨ। ਪ੍ਰੰਤੂ ਇਸ ਵਾਰ ਕੁੱਝ ਤਬਦੀਲੀਆਂ ਕੀਤੀਆਂ ਗਈਆਂ ਹਨ। ਅਕਾਲੀ ਦਲ ਨੇ ਅਪਣੀ ਮੈਂਬਰਸ਼ਿਪ ਦਾ ਕੰਮ ਇਕ ਮਹੀਨਾ ਪਹਿਲਾਂ ਹੀ ਮੁਕੰਮਲ ਕੀਤਾ ਹੈ ਅਤੇ ਪ੍ਰਧਾਨ ਦੀ ਚੋਣ ਕਰਾਉਣ ਦਾ ਏਜੰਡਾ ਅੱਜ ਇਥੇ ਹੋਈ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਵਿਚ ਵਿਚਾਰਿਆ ਗਿਆ।

ਅਕਾਲੀ ਦਲ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ 24 ਦਸੰਬਰ ਨੂੰ ਅੰਮ੍ਰਿਤਸਰ ਵਿਖੇ ਡੈਲੀਗੇਟ ਇਜਲਾਸ ਹੋਵੇਗਾ ਅਤੇ ਡੈਲੀਗੇਟ ਪ੍ਰਧਾਨ ਦੀ ਚੋਣ ਕਰਨਗੇ। ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੀ ਮੁੜ ਪ੍ਰਧਾਨ ਚੁਣੇ ਜਾਣਾ ਲਗਭਗ ਤਹਿ ਹੈ ਕਿਉਂਕਿ ਉਨ੍ਹਾਂ ਦੀ ਅਗਵਾਈ ਵਿਚ ਹੀ ਭਰਤੀ ਹੋਈ ਹੈ ਅਤੇ ਡੈਲੀਗੇਟ ਵੀ ਉਨ੍ਹਾਂ ਦੇ ਨਾਲ ਹਨ। ਕੋਰ ਕਮੇਟੀ ਦੀ ਮੀਟਿੰਗ ਵਿਚ ਇਕ ਹੋਰ ਅਹਿਮ ਫ਼ੈਸਲਾ ਪਿਛਲੇ ਦਿਨੀਂ ਹੋਏ ਅਕਾਲੀ ਦਲ ਨੇਤਾ ਦੇ ਕਤਲ ਦੇ ਮਾਮਲੇ ਵਿਚ ਲਿਆ ਗਿਆ।

26 ਦਸੰਬਰ ਨੂੰ ਅਕਾਲੀ ਦਲ ਦੇ ਵਿਧਾਇਕਾ ਦਾ ਇਕ ਵਫ਼ਦ ਪੰਜਾਬ ਦੇ ਡੀ.ਜੀ.ਪੀ. ਨੂੰ ਮਿਲ ਕੇ ਮੰਗ ਪੱਤਰ ਦੇਵੇਗਾ ਅਤੇ ਮੰਗ ਕਰੇਗਾ ਕਿ ਦੋਸ਼ੀਆਂ ਵਿਰੁਧ ਤੁਰਤ ਕਾਰਵਾਈ ਕੀਤੀ ਜਾਵੇ। ਮੀਟਿੰਗ ਵਿਚ ਇਹ ਚਰਚਾ ਹੋਈ ਕਿ ਕਤਲ ਪਿਛੇ ਕਾਂਗਰਸੀ ਮੰਤਰੀ ਦਾ ਹੱਥ ਹੈ ਅਤੇ ਪੁਲਿਸ ਉਸ ਨੂੰ ਬਚਾਉਣ ਵਿਚ ਲੱਗੀ ਹੋਈ ਹੈ। ਇਨਸਾਫ਼ ਨਾ ਮਿਲਣ 'ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਵੀ ਖੜਕਾਇਆ ਜਾਵੇਗਾ।

ਇਹ ਵੀ ਫ਼ੈਸਲਾ ਹੋਇਆ ਕਿ ਅਕਾਲੀ ਦਲ ਦਾ ਇਕ ਵਫ਼ਦ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰ ਕੇ ਮੰਗ ਪੱਤਰ ਦੇਵੇਗਾ। ਮੰਗ ਕੀਤੀ ਜਾਵੇਗੀ ਇਸ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਵੇ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮਰਹੂਮ ਅਕਾਲੀ ਨੇਤਾ ਦੇ ਭੋਗ ਵਿਚ ਸ਼ਾਮਲ ਹੋਣਗੇ। ਕੋਰ ਕਮੇਟੀ ਦੀ ਮੀਟਿੰਗ ਵਿਚ ਇਕ ਹੋਰ ਅਹਿਮ ਮਾਮਲਾ ਪੰਜਾਬ ਦੀ ਆਰਥਕ ਸਥਿਤੀ ਦਾ ਵਿਚਾਰਿਆ ਗਿਆ।

ਮੀਟਿੰਗ ਵਿਚ ਦਸਿਆ ਗਿਆ ਕਿ ਪੰਜਾਬ ਦੀ ਗੰਭੀਰ ਆਰਥਕ ਹਾਲਤ ਲਈ ਸਰਕਾਰ ਜ਼ਿੰਮੇਵਾਰ ਹੈ ਜਿਸ ਨੇ ਅਪਣੇ ਮਾਲੀਏ ਨੂੰ ਵਧਾਉਣ ਲਈ ਕੋਈ ਯਤਨ ਨਹੀਂ ਕੀਤੇ। ਪਿਛਲੇ ਸਾਲ ਨਾਲੋਂ ਵੀ ਮਾਲੀਆ ਘੱਟ ਇਕੱਤਰ ਹੋਇਆ ਹੈ। ਇਹ ਵੀ ਚਰਚਾ ਕੀਤੀ ਗਈ ਹੈ ਕਿ ਜਦ ਇਕ ਸਾਲ ਬਾਅਦ ਜੀ.ਐਸ.ਟੀ. ਦੀ ਭਰਪਾਈ ਬੰਦ ਹੋ ਗਈ ਤਾਂ ਪੰਜਾਬ ਦੀ ਕੀ ਬਣੇਗਾ ਕਿਉਂਕਿ ਪੰਜਾਬ ਦਾ ਮਾਲੀਆ ਤਾਂ ਲਗਾਤਾਰ ਹੇਠਾਂ ਵਲ ਜਾ ਰਿਹਾ ਹੈ। ਕੋਰ ਕਮੇਟੀ ਵਲੋਂ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕਰਨ ਲਈ ਪਾਰਟੀ ਵਲੋਂ ਧਰਨੇ ਅਤੇ ਮੁਜ਼ਾਹਰੇ ਕਰਨ ਦਾ ਫ਼ੈਸਲਾ ਵੀ ਕੀਤਾ ਗਿਆ।
 

ਭਾਈ ਲੌਂਗੋਵਾਲ ਦੇ ਮੁੜ ਪ੍ਰਧਾਨ ਚੁਣੇ ਦੀ ਸੰਭਾਵਨਾ
ਸੁਖਬੀਰ ਬਾਦਲ ਭਲਕੇ ਖੋਲ੍ਹਣਗੇ ਪ੍ਰਧਾਨਗੀ ਦੇ ਪੱਤੇ
ਬਹੁਤੇ ਮੈਂਬਰਾਂ ਨੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਰੋਲ ਦੀ ਪ੍ਰਸ਼ੰਸਾ ਕੀਤੀ
 ਬੀਬੀ ਜਗੀਰ ਕੌਰ ਦੇ ਹੱਕ 'ਚ ਵੀ ਕਾਫ਼ੀ ਮੈਂਬਰਾਂ ਨੇ ਰਾਏ ਦਿਤੀ

ਚੰਡੀਗੜ੍ਹ, 25 ਨਵੰਬਰ (ਐਸ.ਐਸ. ਬਰਾੜ): ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨਾਲ ਬੇਸ਼ਕ ਪਿਛਲੇ ਦੋ ਦਿਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨਗੀ ਦੇ ਮਾਮਲੇ ਵਿਚ ਵਿਚਾਰ ਵਟਾਂਦਰਾ ਕੀਤਾ ਅਤੇ ਉਨ੍ਹਾਂ ਦੀ ਰਾਏ ਜਾਣੀ। ਪ੍ਰੰਤੂ ਮਿਲੀ ਜਾਣਕਾਰੀ ਅਨੁਸਾਰ ਮੌਜੂਦਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਹੀ ਇਕ ਹੋਰ ਸਾਲ ਲਈ ਪ੍ਰਧਾਨ ਚੁਣੇ ਜਾਣ ਦੀ ਸੰਭਾਵਨਾ ਹੈ। ਕੁੱਝ ਮੈਂਬਰਾਂ ਨਾਲ ਇਸ ਮੁੱਦੇ 'ਤੇ ਜਦ ਗੱਲ ਹੋਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅਪਣੀ ਰਾਏ ਦਸ ਦਿਤੀ ਹੈ, ਬਾਕੀ ਫ਼ੈਸਲਾ ਤਾਂ ਪਾਰਟੀ ਪ੍ਰਧਾਨ ਨੇ ਹੀ ਕਰਨਾ ਹੈ।

ਇਸ ਸਮੇਂ ਪ੍ਰਧਾਨਗੀ ਲਈ ਚਾਰ ਨਾਵਾਂ ਦੀ ਚਰਚਾ ਚਲ ਰਹੀ ਹੈ। ਮੌਜੂਦਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਬਲਬੀਰ ਸਿੰਘ ਘੁੰਣਸ ਅਤੇ ਜਥੇਦਾਰ ਤੋਤਾ ਸਿੰਘ। ਸੁਖਬੀਰ ਬਾਦਲ ਨੇ ਪਿਛਲੇ ਦਿਨ ਵੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨਾਲ ਪ੍ਰਧਾਨਗੀ ਉਮੀਦਵਾਰ ਸਬੰਧੀ ਵਿਚਾਰ ਚਰਚਾ ਕੀਤੀ ਅਤੇ ਉਨ੍ਹਾਂ ਦੀ ਉਮੀਦਵਾਰਾਂ ਸਬੰਧੀ ਰਾਹੇ ਜਾਣੀ। ਅੱਜ ਵੀ ਸ਼ਾਮ ਸਾਢੇ 5 ਵਜੇ ਤਕ ਬਾਕੀ ਮੈਂਬਰਾਂ ਦੀ ਰਾਏ ਜਾਨਣ ਲਈ ਵਿਚਾਰ ਚਰਚਾ ਚਲਦੀ ਰਹੀ ਅਤੇ ਉਸ ਤੋਂ ਬਾਅਦ ਕੋਰ ਕਮੇਟੀ ਦੀ ਮੀਟਿੰਗ ਆਰੰਭ ਹੋ ਗਈ।

ਅਕਾਲੀ ਦਲ ਦੇ ਕੁੱਝ ਸੀਨੀਅਰ ਆਗੂਆਂ ਨਾਲ ਇਸ ਮੁੱਦੇ 'ਤੇ ਗੱਲ ਹੋਈ ਤਾਂ ਉਨ੍ਹਾਂ ਸਪਸ਼ਟ ਕੀਤਾ ਕਿ ਜ਼ਿਆਦਾ ਮੈਂਬਰ ਗੋਬਿੰਦ ਸਿੰਘ ਲੌਂਗੋਵਾਲ ਨੂੰ ਹੀ ਮੁੜ ਪ੍ਰਧਾਨ ਬਣਾਏ ਜਾਣ ਦੇ ਹੱਕ ਵਿਚ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ ਇਕ ਸਾਲ ਵਿਚ ਕਈ ਗੰਭੀਰ ਮੁੱਦੇ ਉਠੇ ਅਤੇ ਗੋਬਿੰਦ ਸਿੰਘ ਲੌਂਗੋਵਾਲ ਨੇ ਬੜੀ ਨਰਮੀ ਨਾਲ ਸਾਰੇ ਵਿਵਾਦਾਂ ਨੂੰ ਹੱਲ ਕੀਤਾ। ਅਕਾਲੀ ਦਲ ਨੂੰ ਕਿਸੀ ਸੰਕਟ ਵਿਚ ਨਹੀਂ ਫਸਾਇਆ।

ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਮਾਗਮ ਵੀ ਅਕਾਲੀ ਦਲ ਲਈ ਤਸਲੀਬਖ਼ਸ਼ ਰਹੇ ਅਤੇ ਸਰਕਾਰ ਨਾਲ ਖਿਚੋਤਾਣ ਦੇ ਬਾਵਜੂਦ ਕੋਈ ਸੰਕਟ ਨਹੀਂ ਖੜਾ ਹੋਣ ਦਿਤਾ। ਸੂਝ-ਬੂਝ ਨਾਲ ਮਸਲੇ ਹੱਲ ਕੀਤੇ ਗਏ। ਇਹ ਵੀ ਜਾਣਕਾਰੀ ਮਿਲੀ ਹੈ ਕਿ ਕਾਫ਼ੀ ਮੈਂਬਰਾਂ ਨੇ ਬੀਬੀ ਜਗੀਰ ਕੌਰ ਦੇ ਕੰਮਕਾਜ ਦੀ ਵੀ ਪ੍ਰਸ਼ੰਸਾ ਕੀਤੀ। ਖ਼ਾਸ ਕਰ ਕੇ ਪ੍ਰਕਾਸ਼ ਪੁਰਬ ਮਾਮਲੇ ਵਿਚ ਉਨ੍ਹਾਂ ਨੇ ਵੀ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਦੀ ਧਾਰਮਕ ਮਾਮਲਿਆਂ ਉਪਰ ਪਕੜ ਅਤੇ ਸ਼੍ਰੋਮਣੀ ਕਮੇਟੀ ਦੇ ਕੰਮਕਾਜ ਨੂੰ ਚਲਾਉਣ ਦੀ ਕੁਸ਼ਲਤਾ ਦਾ ਵੀ ਕਾਫ਼ੀ ਮੈਂਬਰਾਂ ਨੇ ਜ਼ਿਕਰ ਕੀਤਾ।

ਜਿਨ੍ਹਾਂ ਅਕਾਲੀ ਆਗੂਆਂ ਨਾਲ ਗੱਲ ਹੋਈ ਉਨ੍ਹਾਂ ਸਪਸ਼ਟ ਕੀਤਾ ਕਿ ਮੈਂਬਰਾਂ ਨੇ ਅਪਣੀ ਰਾਏ ਪਾਰਟੀ ਪ੍ਰਧਾਨ ਨੂੰ ਦੇ ਦਿਤੀ ਹੈ। ਵੈਸੇ ਉਹ ਖ਼ੁਦ ਵੀ ਹਰ ਉਮੀਦਵਾਰ ਬਾਰੇ ਚੰਗੀ ਤਰ੍ਹਾਂ ਜਾਣਦੇ ਹਨ। ਇਸ ਲਈ ਪ੍ਰਧਾਨਗੀ ਕਿਸ ਨੂੰ ਮਿਲੇ ਇਸ ਦਾ ਫ਼ੈਸਲਾ ਪਾਰਟੀ ਪ੍ਰਧਾਨ ਵਲੋਂ ਹੀ ਲਿਆ ਜਾਣਾ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਸੁਖਬੀਰ ਬਾਦਲ 26 ਨਵੰਬਰ ਅੰਮ੍ਰਿਤਸਰ ਪੁੱਜ ਕੇ ਪ੍ਰਧਾਨ ਦੀ ਚੋਣ ਸਬੰਧੀ ਮੀਟਿੰਗ ਕਰਨਗੇ ਅਤੇ 27 ਨਵੰਬਰ ਦੁਪਹਿਰ ਬਾਅਦ ਪ੍ਰਧਾਨ ਦੀ ਚੋਣ ਹੋਵੇਗੀ। ਇਹ ਵੀ ਜਾਣਕਾਰੀ ਮਿਲੀ ਹੈ ਗੋਬਿੰਦ ਸਿੰਘ ਲੌਂਗੋਵਾਲ ਦੇ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਜਾਣ ਦੀ ਸੰਭਾਵਨਾ ਹੈ।