ਪੰਜਾਬੀਆਂ ਨਾਲ ਹੋਰ ਧੱਕਾ ਬਰਦਾਸ਼ਤ ਨਹੀਂ, ਦਿੱਲੀ ਦੇ ਤਖ਼ਤ ਹਿਲਾ ਕੇ ਪਰਤਾਂਗੇ : ਗੁਰਨੂਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬੀ ਕੌਮ ਅਪਣੀ ਆਈ ’ਤੇ ਆ ਜਾਵੇ ਤਾਂ ਇਸ ਸਾਹਮਣੇ ਕੋਈ ਨਹੀਂ ਟਿਕ ਸਕਦਾ

Delhi March

ਸ਼ੰਭੂ ਬਾਰਡਰ (ਹਰਦੀਪ ਸਿੰਘ ਭੋਗਲ) : ਕਿਸਾਨਾਂ ਦੇ ਦਿੱਲੀ ਕੂਚ ਪ੍ਰੋਗਰਾਮ ਅੱਗੇ ਹਰਿਆਣਾ ਸਰਕਾਰ ਦੀ ਰੋਕਾਂ ਤਾਸ਼ ਦੇ ਪੱਤਿਆਂ ਵਾਂਗ ਬਿਖਰ ਚੁੱਕੀਆਂ ਹਨ ਅਤੇ ਵੱਡੀ ਗਿਣਤੀ ਕਿਸਾਨ ਸ਼ੰਭੂ ਬਾਰਡਰ ਤੋਂ ਹਰਿਆਣਾ ਸਰਕਾਰ ਅੰਦਰ ਦਾਖ਼ਲ ਹੋ ਚੁੱਕੇ ਹਨ। ਦਿੱਲੀ ਕੂਚ ਪ੍ਰੋਗਰਾਮ ’ਚ ਪੰਜਾਬ ਭਰ ’ਚੋਂ ਸ਼ਾਮਲ ਵੱਡੀ ਗਿਣਤੀ ਨੌਜਵਾਨਾਂ ਨਾਲ ਸਪੋਕਸਮੈਨ ਟੀਵੀ ਵਲੋਂ ਰਾਬਤਾ ਕਾਇਮ ਕੀਤਾ ਗਿਆ। ਲੁਧਿਆਣਾ ਤੋਂ ਪਹੁੰਚੇ ਨੌਜਵਾਨ ਆਗੂ ਪ੍ਰੋ. ਕੋਮਲ ਗੁਰਨੂਰ ਨਾਲ ਵੀ  ਸਪੋਕਸਮੈਨ ਟੀਵੀ ਦੇ ਪੱਤਰਕਾਰ ਹਰਪਾਲ ਸਿੰਘ ਭੋਗਲ ਵਲੋਂ ਗੱਲਬਾਤ ਕੀਤੀ ਗਈ। ਵੱਡੀਆਂ ਰੋਕਾਂ ਨੂੰ ਪਾਰ ਕਰਨ ਅਤੇ ਅਗਲੇਰੇ ਕਦਮਾਂ ਸਬੰਧੀ ਪੁਛੇ ਜਾਣ ’ਤੇ ਗੁਰਨੂਰ ਨੇ ਕਿਹਾ ਕਿ ਪੰਜਾਬੀ ਕੌਮ ਜਦੋਂ ਆਪਣੀ ਆਈ ’ਤੇ ਆ ਜਾਂਦੀ ਹੈ ਤਾਂ ਇਸ ਸਾਹਮਣੇ ਕੋਈ ਵੀ ਟਿੱਕ ਨਹੀਂ ਸਕਦਾ। 

ਉਨ੍ਹਾਂ ਕਿਹਾ ਕਿ ਪੰਜਾਬੀ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਨ। ਹਕੂਮਤਾਂ ਨੇ ਪਹਿਲਾਂ ਪੰਜਾਬ ਤੋਂ ਪੰਜਾਬੀ ਬੋਲਦੇ ਇਲਾਕੇ ਖੋਹੇੇ, ਫਿਰ ਪੰਜਾਬ ਦੇ ਪਾਣੀਆਂ ’ਤੇ ਡਾਕਾ ਮਾਰਿਆ ਅਤੇ ਹੁਣ ਪੰਜਾਬ ਦੀਆਂ ਜ਼ਮੀਨਾਂ  ਨੂੰ ਵੀ ਕਾਲੇ ਕਾਨੂੰਨਾਂ ਜ਼ਰੀਏ ਹਥਿਆਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ ਜਿਨ੍ਹਾਂ ਨੂੰ ਪੰਜਾਬੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰਨਗੇ। ਹੁਣ ਤਾਂ ਕੇਂਦਰ ਸਰਕਾਰ ਨੇ ਪੰਜਾਬ ਦੀ ਰੂਹ ’ਤੇ ਹਮਲਾ ਕਰ ਦਿਤਾ ਹੈ। ਖੇਤੀ ਪ੍ਰਧਾਨ ਸੂਬਾ ਹੋਣ ਕਾਰਨ ਕਿਸਾਨੀ ਪੰਜਾਬ ਦੀ ਆਤਮਾ ਹੈ, ਜਦੋਂ ਸਾਡੀ ਰੂਹ ਹੀ ਮਰ ਗਈ ਤਾਂ ਪਿੱਛੇ ਕੀ ਰਹਿ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਅਪਣੀ ਹੋਂਦ ਦੀ ਲੜਾਈ ਨੂੰ ਹਰ ਹਾਲ ਜਿੱਤ ਕੇ ਰਹਾਂਗੇ।

ਕੇਂਦਰ ਵਲੋਂ ਪੰਜਾਬ ਨਾਲ ਧੱਕਾ ਕਰਨ ਦੀ ਕੀਤੀ ਭੁੱਲ ਸਬੰਧੀ ਪੁਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਅਸੀਂ ਤਾਂ ਹੋਰਾਂ ਨੂੰ ਹੱਕ ਦਿਵਾਉਣ ਲਈ ਉਠ ਖੜ੍ਹੇ ਹੁੰਦੇ ਹਨ, ਇੱਥੇ ਤਾਂ ਖੁਦ ਸਾਡੇ ਹੀ ਹੱਕ ਮਾਰੇ ਜਾ ਰਹੇ ਹਨ। ਅਸੀਂ ਇਨ੍ਹਾਂ ਹਕੂਮਤੀ ਰੋਕਾਂ ਦੇ ਰੋਕਿਆ ਨਹੀਂ ਰੁਕਣਾ, ਸਗੋਂ ਸਾਰੀਆਂ ਰੋਕਾਂ ਤੋੜ ਕੇ ਦਿੱਲੀ ਦਾ ਤਖ਼ਤ ਹਿਲਾ ਕੇ ਰੱਖ ਦੇਵਾਂਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇਸ਼ ਦੇ ਸੰਘੀ ਢਾਂਚੇ ਨੂੰ ਵੀ ਸੱਟ ਮਾਰ ਰਹੀ ਹੈ। ਖੇਤੀ ਕਾਨੂੰਨ ਸੂਬਿਆਂ ਦੇ ਅਧਿਕਾਰ ਖੇਤਰ ਹੇਠ ਆਉਂਦੇ ਹਨ, ਪਰ ਕੇਂਦਰ ਨੇ ਚਲਾਕੀ ਨਾਲ ਕਾਨੂੰਨ ਪਾਸ ਕਰ ਦਿਤੇ ਹਨ।

ਇਸੇ ਤਰ੍ਹਾਂ ਵਿੱਦਿਆ ਸਮੇਤ ਹੋਰ ਕਈ ਮੁੱਦੇ ਹਨ ਜੋ ਸੂਬਿਆਂ ਦੇ ਅਧਿਕਾਰ ਖੇਤਰ ਹੇਠ ਆਉਂਦੇ ਹਨ ਪਰ ਕੇਂਦਰ ਸਰਕਾਰ ਬਹੁਗਿਣਤੀ ਦੇ ਦਮ ’ਤੇ ਦੇਸ਼ ਦੇ ਸੰਘੀ ਢਾਂਚੇ ਨੂੰ ਮਲੀਆਮੇਟ ਕਰਨ ’ਤੇ ਤੁਲੀ ਹੋਈ ਹੈ। ਉਨ੍ਹਾਂ ਕਿਹਾ ਕਿ ਸਾਰੇ ਸੂਬਿਆਂ ਨੂੰ ਮਿਲਾ ਕੇ ਭਾਰਤ ਬਣਦਾ ਹੈ ਨਾ ਕਿ ਭਾਰਤ ਕਾਰਨ ਸੂਬੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਤਾਨਾਸ਼ਾਹੀ ਰਵੱਈਏ ਤਹਿਤ ਫ਼ਤਵੇ ਜਾਰੀ ਕਰ ਰਹੀ ਹੈ ਜੋ ਉਸ ਨੂੰ ਭਾਰੀ ਪੈਣ ਵਾਲੇ ਹਨ।

ਸੂਬਿਆਂ ਨੂੰ ਵੱਧ ਅਧਿਕਾਰ ਦੇਣ ਦੀ ਥਾਂ ਮੋਦੀ ਸਰਕਾਰ ਵਲੋਂ ਕੇਂਦਰੀਕਰਨ ਤਹਿਤ ਚੁੱਕੇ ਜਾ ਰਹੇ ਕਦਮਾਂ ਸਬੰਧੀ ਪੁਛਣ ’ਤੇ ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਸੂਬਿਆਂ ਦੇ ਅਧਿਕਾਰਾਂ ਨੂੰ ਅਣਗੌਲਣ ਤੋਂ ਸਾਰੇ ਸੂੁਬੇ ਦੁਖੀ ਹਨ। ਜੀਐਸਟੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਮਨਸ਼ਾ ਸਾਰੇ ਸੂਬਿਆਂ ਨੂੰ ਆਰਥਿਕ ਤੌਰ ’ਤੇ ਅਪਣੇ ਗੁਲਾਮ ਬਣਾਉਣ ਦੀ ਹੈ ਤਾਂ ਜੋ ਉਹ ਸੂਬਿਆਂ ਨੂੰ ਅਪਣੀਆਂ ਉਂਗਲੀਆਂ ’ਤੇ ਨਚਾ ਸਕੇ।

ਦਿੱਲੀ ਕੂਚ ਪ੍ਰੋਗਰਾਮ ’ਚ ਸਿਆਸਤਦਾਨਾਂ ਦੀ ਘੱਟ ਸ਼ਮੂਲੀਅਤ ਸਬੰਧੀ ਪੁਛੇ ਸਵਾਲ ਦੇ ਜਵਾਬ ’ਚ ਨੌਜਵਾਨ ਆਗੂ ਨੇ ਕਿਹਾ ਕਿ ਦਿੱਲੀ ਕੂਚ ਪ੍ਰੋਗਰਾਮ ਵਿਚ ਬਹੁਤ ਸਾਰੇ ਆਗੂਆਂ ਦੇ ਸ਼ਾਮਲ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਕਈ ਆਗੂ ਦਿੱਲੀ ਵਿਚ ਗਿ੍ਰਫ਼ਤਾਰ ਵੀ ਹੋ ਚੁੱਕੇ ਹਨ ਅਤੇ ਕਈ ਆਗੂ ਪੰਜਾਬ ਵਿਚੋਂ ਰਵਾਨਾ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਾਰੇ ਆਗੂਆਂ ਨੂੰ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਸੀ ਪਰ ਜਿਹੜੇ ਆਗੂ ਨਹੀਂ ਆਏ, ਉਨ੍ਹਾਂ ਦੇ ਨਾ ਆਉਣ ਦਾ ਸਾਨੂੰ ਦੁੱਖ ਵੀ ਹੈ। ਉਨ੍ਹਾਂ ਕਿ ਉਹ ਲੋਕਾਂ ਨੂੰ ਪ੍ਰੇਰਿਤ ਕਰਦੇ ਰਹਿੰਦੇ ਹਨ ਕਿ ਸਿਆਸਤਦਾਨ ਲੋਕਾਂ ਨੂੰ ਵਰਤ ਦੇ ਸਿਆਸਤ ਦੀਆਂ ਪੌੜੀਆਂ ਚੜ੍ਹਦੇ ਹਨ ਪਰ ਲੋਕਾਂ ਨੂੰ ਜਾਗਰੂਕ ਹੁੰਦਿਆਂ ਇਨ੍ਹਾਂ ਲੀਡਰਾਂ ਨੂੰ ਹੀ ਟੂਲ ਵਜੋਂ ਵਰਤਣਾ ਚਾਹੀਦਾ ਹੈ, ਤਾਂ ਹੀ ਇਨ੍ਹਾਂ ਨੂੰ ਲੋਕਾਂ ਦੀ ਤਾਕਤ ਦਾ ਅਹਿਸਾਸ ਹੋਵੇਗਾ। 

ਦਿੱਲੀ ਕੂਚ ਪ੍ਰੋਗਰਾਮ ਵਿਚ ਵੱਡੀ ਗਿਣਤੀ ਨੌਜਵਾਨਾਂ ਦੀ ਸ਼ਮੂਲੀਅਤ ਸਬੰਧੀ ਪੁਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਪੰਜਾਬ ਦਾ ਨੌਜਵਾਨ ਹੁਣ ਜਾਗਰੂਕ ਹੋ ਚੁੱਕਾ ਹੈ। ਜਿਹੜੇ ਸੂਬੇ ਦਾ ਨੌਜਵਾਨ ਜਾਗ ਗਿਆ, ਉਸ ਦੇ ਬੇਈਮਾਨ ਆਗੂਆਂ ਨੂੰ ਭਾਜੜਾ ਪੈਣਾ ਤੈਅ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਜਾਗਰੂਕ ਹੋ ਚੁੱਕਾ ਨੌਜਵਾਨ ਹੁਣ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਊਧਮ ਸਿੰਘ ਵਰਗੇ ਸ਼ਹੀਦਾਂ ਦੀ ਸੋਚ ’ਤੇ ਪਹਿਰਾ ਦੇਣ ਲੱਗਾ ਹੈ। ਪੰਜਾਬੀਆਂ ਅਤੇ ਪੰਜਾਬ ਦੀ ਧਰਤੀ ਦਾ ਗੌਰਵਮਈ ਇਤਿਹਾਸ ਹੈ। ਪੰਜਾਬੀਆਂ ਨੇ ਇਸ ਧਰਤੀ ਨੂੰ ਖੁਸ਼ਹਾਲ ਬਣਾਉਣ ਲਈ ਅਪਣਾ ਲਹੂ ਡੋਲ੍ਹਿਆ ਹੈ। ਹੁਣ ਪੰਜਾਬ ਦਾ ਨੌਜਵਾਨ ਇਕ ਵਾਰ ਫਿਰ ਜਾਗਰੂਕ ਹੋ ਚੁੱਕਾ ਅਤੇ ਹੁਣ ਸਾਰੇ ਨੌਜਵਾਨ ਭਗਤ ਸਿੰਘ ਬਣਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਹੁਣ ਸਾਨੂੰ ਕੋਈ ਨਹੀਂ ਦਬਾ ਸਕਦਾ ਅਤੇ ਅਸੀਂ ਅਪਣੇ ਹੱਕ ਹਰ ਹਾਲ ਵਿਚ ਲੈ ਕੇ ਰਹਾਂਗੇ।   

https://www.youtube.com/watch?v=L5BRGn0WxX4&feature=youtu.be