ਦਿੱਲੀ ਦੂਰ ਨਹੀਂ : ਕਿਸਾਨਾਂ ਦੇ ਨਾਲ-ਨਾਲ ਸਿਆਸੀ ਧਿਰਾਂ ਨੇ ਵੀ ਘੱਤੀਆਂ ਦਿੱਲੀ ਵੱਲ ਵਹੀਰਾ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਾਂਗਰਸੀ ਵਿਧਾਇਕ ਰਾਜਾ ਵੜਿੱਗ ਨੇ ਵੀ ਟਰੈਕਟਰ ’ਤੇ ਦਿੱਲੀ ਵਲ ਪਾਏ ਚਾਲੇ

MLA Amarinder Singh Raja Warig

ਚੰਡੀਗੜ੍ਹ : ਹਰਿਆਣਾ ਸਰਕਾਰ ਦੀਆਂ ਵੱਡੀਆਂ ਰੋਕਾਂ ਨੂੰ ਪਾਰ ਕਰਦਿਆਂ ਕਿਸਾਨਾਂ ਦਾ ਹੜ੍ਹ ਦਿੱਲੀ ਵੱਲ ਵਧਦਾ ਜਾ ਰਿਹਾ ਹੈ। ਕਿਸਾਨਾਂ ਦੇ ਉਮੜੇ ਜਨ-ਸੈਲਾਬ ਨੇ ਹਰਿਆਣਾ ਪੁਲਿਸ ਪ੍ਰਸ਼ਾਸਨ ਦੇ ਕੀਤੇ ਵੱਡੇ ਪ੍ਰਬੰਧਾਂ ਨੂੰ ਤਹਿਸ-ਨਹਿਸ ਕਰ ਦਿਤਾ ਹੈ। ਕਿਸਾਨੀ ਨੂੰ ਮਿਲ ਰਹੇ ਹਰ ਵਰਗ ਦੇ ਸਾਥ ਨੇ ਇਸ ਘੋਲ ਨੂੰ ਇਤਿਹਾਸਕ ਬਣਾ ਦਿਤਾ ਹੈ। ਨੌਜਵਾਨੀ ਸਮੇਤ ਜਿਹੜੀਆਂ ਧਿਰਾਂ ਨੂੰ ਸੰਘਰਸ਼ਾਂ ਦੌਰਾਨ ਮੂਹਰਲੀਆਂ ਸਫ਼ਾ ’ਚ ਨਾ ਵਿਚਰਣ ਦੇ ਤਾਅਨੇ ਮਾਰੇ ਜਾਂਦੇ ਸਨ, ਇਸ ਵਾਰ ਉਨ੍ਹਾਂ ਨੇ ਵੀ ਸਾਰੇ ਮਿਹਣੇ ਧੋ ਸੁੱਟੇ ਹਨ। ਖ਼ਾਸ ਕਰ ਕੇ ਕਿਸਾਨੀ ਘੋਲ ’ਚ ਨੌਜਵਾਨ ਵਰਗ ਦੀ ਸ਼ਮੂਲੀਅਤ ਨੇ ਸਭ ਦਾ ਧਿਆਨ ਖਿੱਚਿਆ ਹੈ। 

ਸੂਤਰਾਂ ਮੁਤਾਬਕ ਭਾਵੇਂ ਕਿਸਾਨ ਜਥੇਬੰਦੀਆਂ ਦੇ ਆਗੂ ਹਰਿਆਣਾ ਸਰਕਾਰ ਦੀਆਂ ਜ਼ਬਰਦਸਤ ਰੋਕਾਂ ਨੂੰ ਵੇਖਦਿਆਂ ਹਰਿਆਣਾ ਬਾਰਡਰ ’ਤੇ ਧਰਨੇ ’ਤੇ ਬੈਠਣ ਬਾਰੇ ਸੋਚ ਰਹੇ ਸਨ ਪਰ ਨੌਜਵਾਨਾਂ ਦੇ ਜੋਸ਼ ਅਤੇ ਹੌਂਸਲੇ ਸਾਹਮਣੇ ਵੱਡੀਆਂ ਰੋਕਾਂ ਵੀ ਤਾਸ਼ ਦੇ ਪੱਤਿਆਂ ਵਾਂਗ ਖਿਲਰਣ ਬਾਅਦ ਕਿਸਾਨਾਂ ਦੇ ਹੌਂਸਲੇ ਹੋਰ ਬੁਲੰਦ ਹੋ ਗਏ ਹਨ ਅਤੇ ਉਹ ਵੱਡੀਆਂ ਰੋਕਾਂ ਨੂੰ ਪਾਰ ਕਰਦਿਆਂ ਦਿੱਲੀ ਵੱਲ ਵੱਧ ਰਹੇ ਹਨ। 

ਇਸੇ ਦੌਰਾਨ ਸਿਰਫ਼ ‘ਟਰੈਕਟਰੀ ਝੂਟੇ’ ਲੈਣ ਦੇ ਦੋਸ਼ਾਂ ਦਾ ਸਾਹਮਣਾ ਕਰਨ ਵਾਲੇ ਸਿਆਸੀ ਆਗੂ ਵੀ ਦੋ ਕਦਮ ਅੱਗੇ ਵਧਦੇ ਪ੍ਰਤੀਤ ਹੁੰਦੇ ਹਨ। ਪੰਜਾਬ ਦੇ ਬਹੁਤ ਸਾਰੇ ਆਗੂ ਔਖੇ ਪੈਂਦਿਆਂ ਨੂੰ ਤੈਅ ਕਰਦਿਆਂ ਦਿੱਲੀ ਪਹੁੰਚਣ ਵਿਚ ਕਾਮਯਾਬ ਹੋ ਗਏ ਹਨ। ਇਨ੍ਹਾਂ ’ਚ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ, , ਲੋਕ ਇਨਸਾਫ ਪਾਰਟੀ ਦੇ ਆਗੂ ਸਿਮਰਜੀਤ ਸਿੰਘ ਬੈਂਸ, ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਢੀਂਡਸਾ ਸਮੇਤ ਖਹਿਰਾ ਧੜੇ ਦੇ ਕਈ ਵਿਧਾਇਕ ਸ਼ਾਮਲ ਹਨ। 

ਇਸ ਤੋਂ ਇਲਾਵਾ ਪੰਜਾਬ ਦੀਆਂ ਬਾਕੀ ਸਿਆਸੀ ਧਿਰਾਂ ਤੋਂ ਇਲਾਵਾ ਵੱਖ-ਵੱਖ ਸੂਬਿਆਂ ਦੇ ਵਿਦਿਆਰਥੀ ਅਤੇ ਕਿਸਾਨ ਆਗੂਆਂ ਸਮੇਤ ਵੱਖ ਵੱਖ ਵਰਗਾਂ ਦੇ ਵੱਡੀ ਗਿਣਤੀ ਆਗੂ ਵੀ ਦਿੱਲੀ ਪਹੁੰਚਣ ’ਚ ਕਾਮਯਾਬ ਹੋਏ ਹਨ। ਸੁਖਪਾਲ ਖਹਿਰਾ ਮੁਤਾਬਕ ਦਿੱਲੀ ਪੁਲਿਸ ਨੇ ਹਰਿਆਣਾ ਅਤੇ ਦਿੱਲੀ ਵਿਚ ਦਾਖ਼ਲ ਹੋਣ ’ਚ ਕਾਮਯਾਬ ਹੋਏ ਵੱਖ ਵੱਖ ਆਗੂਆਂ ਨੂੰ ਹਿਰਾਸਤ ’ਚ ਲੈ ਕੇ ਵੱਖ-ਵੱਖ ਥਾਈ ਬਣਾਏ ਕੈਂਪਾਂ ’ਚ ਵੱਖੋਂ-ਵੱਖ ਰੱਖਿਆ ਜਾ ਰਿਹਾ ਹੈ। 

ਇਸੇ ਦੌਰਾਨ ਪੰਜਾਬ ’ਚੋਂ ਵੀ ਕੁੱਝ ਵਿਧਾਇਕਾਂ ਦੇ ਟਰੈਕਟਰਾਂ ’ਤੇ ਦਿੱਲੀ ਵੱਲ ਕੂਚ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਨ੍ਹਾਂ ਵਿਚ ਪੰਜਾਬ ਦੇ ਕਈ ਕਾਂਗਰਸੀ ਵਿਧਾਇਕ ਵੀ ਸ਼ਾਮਲ ਹਨ। ਪਾਰਟੀ ਸੂਤਰਾਂ ਨੇ ਅਧਿਕਾਰਤ ਤੌਰ ’ਤੇ ਕਿਹਾ ਹੈ ਕਿ ਪ੍ਰਦੇਸ਼ ਕਾਂਗਰਸ ਵਲੋਂ ਵਿਧਾਇਕਾਂ ਨੂੰ ਕੋਈ ਵੀ ਫਰਮਾਨ ਜਾਰੀ ਨਹੀਂ ਕੀਤਾ ਗਿਆ। ਦਿੱਲੀ ਵੱਲ ਕੂਚ ਕਰ ਚੁੱਕੇ ਪਾਰਟੀ ਦੇ ਸੀਨੀਅਰ ਵਿਧਾਇਕ ਰਾਜਾ ਵੜਿੰਗ ਦਾ ਕਹਿਣਾ ਸੀ ਕਿ ਇਸ ਸਮੇਂ ਰਾਜਨੀਤਕ ਪਾਰਟੀਆਂ ਦਾ ਨੈਤਿਕ ਫਰਜ਼ ਬਣਦਾ ਹੈ ਕਿ ਉਹ ਕਿਸਾਨਾਂ ਦਾ ਸਮਰਥਨ ਕਰਨ।