ਸਿੱਧੂ ਨੇ ਕਿਸਾਨਾਂ ਦੀ ਕੀਤੀ ਸ਼ਲਾਘਾ, ਕਿਹਾ- “ਪਗੜੀ ਸੰਭਾਲ ਜੱਟਾ” ਅੰਦੋਲਨ ਵਾਂਗ ਛੱਡੀ ਅਮਿਟ ਛਾਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਵਜੋਤ ਸਿੱਧੂ ਨੇ ਕਿਹਾ ਇਸ ਅੰਦੋਲਨ ਨੇ ਸਭ ਨੂੰ ਜਵਾਬਦੇਹੀ ਬਣਾਇਆ ਅਤੇ ਜ਼ਲਮ ਸਰਕਾਰਾਂ ਨੂੰ ਵਖ਼ਤ ਪਾ ਕੇ ਦਿਖਾਇਆ ਕਿ ਲੋਕਤੰਤਰ ਦੀ ਤਾਕਤ ਕੀ ਹੈ।

Navjot Sidhu

ਅੰਮ੍ਰਿਤਸਰ: ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਸਾਨ ਅੰਦੋਲਨ ਦੀ ਪਹਿਲੀ ਵਰ੍ਹੇਗੰਢ ਮੌਕੇ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਉਹਨਾਂ ਨੇ ਕਿਸਾਨਾਂ ਦੇ ਸੰਘਰਸ਼ ਦੀ ਲਗਾਤਾਰਤਾ ਨੂੰ ਸਮਾਜਿਕ ਲਹਿਰ ਦੱਸਿਆ ਅਤੇ ਕਿਹਾ ਇਸ ਅੰਦੋਲਨ ਨੇ ਪਗੜੀ ਸੰਭਾਲ ਜੱਟਾ ਅੰਦੋਲਨ ਵਾਂਗ ਅਮਿਟ ਛਾਪ ਛੱਡੀ ਹੈ। ਸਿੱਧੂ ਨੇ ਕਿਹਾ ਕਿ ਅੱਜ ਇਸ ਪਵਿੱਤਰ ਸੰਘਰਸ਼ ਦੀ ਦ੍ਰਿੜਤਾ ਨੂੰ ਨਮਨ ਕਰਨ ਦਾ ਦਿਨ ਹੈ। ਇਸ ਅੰਦੋਲਨ ਨੇ ਸਭ ਨੂੰ ਜਵਾਬਦੇਹੀ ਬਣਾਇਆ ਅਤੇ ਜ਼ਲਮ ਸਰਕਾਰਾਂ ਨੂੰ ਵਖ਼ਤ ਪਾ ਕੇ ਦਿਖਾਇਆ ਕਿ ਲੋਕਤੰਤਰ ਦੀ ਤਾਕਤ ਕੀ ਹੈ।

ਸਿੱਧੂ ਨੇ ਕਿਹਾ ਕਿ ਦਸਤਾਰ ਸੰਭਾਲ ਲਹਿਰ ਤੋਂ ਬਾਅਦ ਇਹ ਸੰਘਰਸ਼ ਸੁਨਹਿਰੀ ਅੱਖਰਾਂ 'ਚ ਲਿਖਿਆ ਜਾਵੇਗਾ। ਕਿਸੇ ਵੀ ਸਿਆਸੀ ਆਗੂ ਨੂੰ ਇਸ ਸੰਘਰਸ਼ ਦਾ ਸਿਹਰਾ ਨਹੀਂ ਲੈਣਾ ਚਾਹੀਦਾ। ਇਸ ਦੀ ਅਸਲ ਜਿੱਤ ਉਦੋਂ ਹੋਵੇਗੀ, ਜਿਸ ਦਿਨ ਇਹ ਸਮਾਜਿਕ ਅੰਦੋਲਨ ਕਿਸਾਨਾਂ ਦੀ ਆਰਥਿਕ ਤਾਕਤ ਬਣ ਕੇ ਉੱਭਰੇਗਾ। ਉਹਨਾਂ ਕਿਹਾ ਕਿ ਕਿਸਾਨ ਇੱਜ਼ਤ ਦੀ ਰੋਟੀ ਲਈ ਲੜ ਰਿਹਾ ਹੈ। ਇਹ ਬਹੁਤ ਵੱਡਾ ਅੰਦੋਲਨ ਹੈ ਜੋ ਬਦਲਾਅ ਦੀਆਂ ਹਵਾਵਾਂ ਲੈ ਕੇ ਆਇਆ ਹੈ।

ਸਿੱਧੂ ਨੇ ਕਿਹਾ ਕਿ ਜੇਕਰ ਕਿਸੇ ਕੋਲ ਕਿਸਾਨੀ ਨੂੰ ਉਸਾਰਨ ਦਾ ਕੋਈ ਰੋਡਮੈਪ ਹੈ ਤਾਂ ਦੱਸੇ ਕਿਉਂਕਿ ਮੈਂ ਇਕ ਸਾਲ ਤੋਂ ਦੱਸਦਾ ਆ ਰਿਹਾ ਹੈ। ਉਹਨਾਂ ਕਿਹਾ ਕਿ ਜੋ ਵਿਅਕਤੀ ਬਾਬੇ ਨਾਨਕ ਦਾ ਭਾਈ ਲਾਲੋ ਬਣ ਕੇ ਸਾਨੂੰ ਹੱਕ-ਹਲਾਲ ਦੀ ਰੋਟੀ ਦਿੰਦਾ ਹੈ, ਉਸ ਦੇ ਚਰਨਾਂ ਵਿਚ ਪ੍ਰਣਾਮ ਕਰਨਾ ਚਾਹੀਦਾ ਹੈ। ਉਸ ਦੇ ਭਵਿੱਖ ਨਾਲ ਪੰਜਾਬ ਦਾ ਭਵਿੱਖ ਜੁੜਿਆ ਹੋਇਆ ਹੈ। ਸਿੱਧੂ ਨੇ ਅੱਗੇ ਕਿਹਾ ਕਿ 2017  ਵਿਚ ਕਾਂਗਰਸ ਦੀ ਸਰਕਾਰ ਬਣਨ ਅਤੇ ਮੁੱਖ ਮੰਤਰੀ ਬਦਲਣ ਲਈ ਦੋ ਮੁੱਦੇ ਆਧਾਰ ਸਨ। ਇਹਨਾਂ ਨੂੰ ਜ਼ੁਬਾਨੀ ਰੱਖਣਾ ਮੇਰਾ ਫਰਜ਼ ਅਤੇ ਧਰਮ ਹੈ। ਇਹ ਮੁੱਦੇ ਹਨ ਗੁਰੂ ਸਾਹਿਬ ਦੀ ਬੇਅਦਬੀ ਅਤੇ ਨਸ਼ੇ ਦਾ ਮੁੱਦਾ।

 

ਉਹਨਾਂ ਕਿਹਾ ਕਿ ਇਸ ਸਬੰਧੀ ਹਾਈ ਕੋਰਟ ਵੱਲੋਂ ਤਿੰਨ ਵਾਰ ਨਿਰਦੇਸ਼ ਦਿੱਤੇ ਜਾ ਚੁੱਕੇ ਹਨ। 2021 'ਚ ਹਾਈ ਕੋਰਟ ਨੇ ਸਪੱਸ਼ਟ ਕਿਹਾ ਸੀ ਕਿ ਡਰੱਗ ਮਾਫੀਆ ਨੂੰ ਸਿਆਸੀ ਸੁਰੱਖਿਆ ਹਾਸਲ ਹੈ ਅਤੇ ਕਾਰਵਾਈ ਛੋਟੀਆਂ ਮੱਛੀਆਂ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜਦੋਂ 12 ਲੱਖ ਟਰਾਮਾਡੋਲ ਗੋਲੀਆਂ ਫੜੀਆਂ ਗਈਆਂ ਸਨ ਤਾਂ ਹਾਈ ਕੋਰਟ ਨੇ ਕਿਹਾ ਸੀ ਕਿ ਸਿਆਸੀ ਲੋਕ ਜਾਣਬੁੱਝ ਕੇ ਡਰੱਗ ਮਾਫੀਆ ਨੂੰ ਸਰਪ੍ਰਸਤੀ ਦਿੰਦੇ ਹਨ। ਐਨਡੀਪੀਐਸ ਦੀ ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਨਸ਼ਿਆਂ ਨਾਲ ਸਬੰਧਤ ਅਪਰਾਧਾਂ 'ਚ ਪੰਜਾਬ ਦੇਸ਼ ਵਿਚ ਪਹਿਲੇ ਨੰਬਰ ’ਤੇ ਹੈ।

ਨਵਜੋਤ ਸਿੰਘ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ’ਤੇ ਹਮਲਾ ਬੋਲਦਿਆਂ ਕਿਹਾ ਕਿ 4 ਹਫਤਿਆਂ 'ਚ ਨਸ਼ਾ ਖਤਮ ਕਰਨ ਦਾ ਦਾਅਵਾ ਕੌਣ ਕਰਦਾ ਸੀ? ਇਹ ਉਸ ਦੀ ਅਸਲੀਅਤ ਹੈ। ਸਿੱਧੂ ਨੇ ਕਿਹਾ ਕਿ ਉਹ ਤੱਥਾਂ ਦੇ ਅਧਾਰ ’ਤੇ ਗੱਲ਼ ਕਰਦੇ ਹਨ। ਸਿੱਧੂ ਨੇ ਦੱਸਾ ਕਿ ਨਵੰਬਰ 2017 'ਚ ਹਾਈ ਕੋਰਟ ਦੇ ਨਿਰਦੇਸ਼ਾਂ 'ਤੇ ਨਸ਼ੇ ਦੀ ਰਿਪੋਰਟ ਐੱਸਟੀਐੱਫ ਨੂੰ ਸੌਂਪੀ ਗਈ ਸੀ। ਐੱਸਟੀਐੱਫ ਦੀ ਰਿਪੋਰਟ ਫਰਵਰੀ 2018 'ਚ ਹਾਈ ਕੋਰਟ 'ਚ ਦਾਇਰ ਕੀਤੀ ਗਈ ਸੀ। ਦੋਵੇਂ ਸਮੇਂ ਹਾਈ ਕੋਰਟ ਨੇ ਹਦਾਇਤ ਕੀਤੀ ਹੈ ਕਿ ਕਾਨੂੰਨ ਨੂੰ ਧਿਆਨ ਵਿਚ ਰੱਖਦਿਆਂ ਕਾਰਵਾਈ ਕੀਤੀ ਜਾਵੇ। ਉਹਨਾਂ ਕਿਹਾ ਕਿ ਮੈਨੂੰ ਸਮਝ ਨਹੀਂ ਆਉਂਦੀ ਕਿ ਸਾਨੂੰ ਸਮੱਸਿਆ ਕੀ ਹੈ। ਕਿਸ ਦਾ ਡਰ ਹੈ, ਕੌਣ ਰੋਕ ਰਿਹਾ ਹੈ?

ਬੇਅਦਬੀ ਮਾਮਲੇ ਵਿਚ ਕਾਰਵਾਈ ਬਾਰੇ ਸਿੱਧੂ ਨੇ ਕਿਹਾ ਕਿ ਕਾਰਵਾਈ ਕਿਵੇਂ ਹੋ ਸਕਦੀ ਹੈ ਜਦੋਂ ਮੁੱਖ ਦੋਸ਼ੀ ਸੁਮੇਧ ਸਿੰਘ ਸੈਣੀ ਨੂੰ ਬਲੈਂਕੇਟ ਬੇਲ ਦਿਵਾ ਦਿੱਤੀ ਜਾਵੇ। ਉਹਨਾਂ ਕਿਹਾ ਕਿ ਲੋਕ ਪੁੱਛ ਰਹੇ ਹਨ ਕਿ ਸਰਕਾਰ ਦੀ ਮਨਸ਼ਾ ਕੀ ਹੈ। ਜਦੋਂ ਸੈਣੀ ਨੂੰ ਬਲੈਂਕੇਟ ਬੇਲ ਮਿਲ ਗਈ ਤਾਂ ਕੀ ਸਰਕਾਰ ਨੇ ਐੱਸਐੱਲਪੀ ਪਾਈ? 10 ਸਤੰਬਰ ਨੂੰ ਬਲੈਂਕੇਟ ਬੇਲ ਮਿਲੀ, ਬਲੈਂਕੇਟ ਬੇਲ ਮਿਲੇ ਤਿੰਨ ਮਹੀਨੇ ਹੋ ਗਏ, ਜੇਕਰ ਇਸ ਦੌਰਾਨ ਸਰਕਾਰ ਨੇ ਐੱਲਐੱਲਪੀ ਪਾਈ ਹੁੰਦੀ ਤਾਂ ਅਸੀਂ ਮੰਨਦੇ ਕਿ ਸਰਕਾਰ ਦੀ ਮਨਸ਼ਾ ਸਹੀ ਸੀ। ਇਸ ਦੌਰਾਨ ਨਵਜੋਤ ਸਿੱਧੂ ਨੇ ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਸੁਨਿਲ ਜਾਖੜ ’ਤੇ ਵੀ ਹਮਲਾ ਬੋਲਿਆ।