ਜਿਸ ਪਾਰਟੀ ਨੇ ਹੀਰੋ ਬਣਾਇਆ, ਉਸੇ ਨੂੰ ਜ਼ੀਰੋ ਦੱਸ ਰਿਹੈ ਖਹਿਰਾ : ਅਰੋੜਾ
ਆਪ ਦੇ ਵਿਧਾਇਕ ਅਮਨ ਅਰੋੜਾ ਨੇ ਪਾਰਟੀ ਤੋਂ ਬਾਗੀ ਹੋਏ ਸੁਖਪਾਲ ਸਿੰਘ ਖਹਿਰਾ ਨੂੰ ਨਸੀਹਤ ਦਿੰਦਿਆਂ........
ਚੰਡੀਗੜ੍ਹ : ਆਪ ਦੇ ਵਿਧਾਇਕ ਅਮਨ ਅਰੋੜਾ ਨੇ ਪਾਰਟੀ ਤੋਂ ਬਾਗੀ ਹੋਏ ਸੁਖਪਾਲ ਸਿੰਘ ਖਹਿਰਾ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਜਿਸ ਪਾਰਟੀ ਨੂੰ ਜ਼ੀਰੋ ਦੱਸ ਰਿਹਾ ਹੈ, ਉਸੀ ਪਾਰਟੀ ਨੇ ਉਹਨਾਂ ਨੂੰ ਹੀਰੋ ਬਣਾਇਆ ਸੀ। ਅਰੋੜਾ ਨੇ ਖਹਿਰਾ 'ਤੇ ਨਾਕਰਾਮਤਕ ਰਾਜਨੀਤੀ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਹਨਾਂ (ਅਰੋੜਾ) ਨੇ ਖਹਿਰਾ ਨੂੰ ਕਈ ਵਾਰ ਸਮਝਾਇਆ ਹੈ ਕਿ ਰਾਜਨੀਤੀ ਵਿਚ ਅੱਗੇ ਵਧਣ ਲਈ ਸਹਿਣਸ਼ੀਲਤਾ ਅਤੇ ਅਨੁਸ਼ਾਸਨ ਵਿਚ ਰਹਿਣਾ ਜ਼ਰੂਰੀ ਹੁੰਦਾ ਹੈ ਪਰ ਖਹਿਰਾ ਨੇ ਹਮੇਸ਼ਾ ਅਪਣੀ ਰਾਜਨੀਤੀ ਕੀਤੀ ਹੈ।
ਅਰੋੜਾ ਨੇ ਜਸਟਿਸ ਜ਼ੋਰਾ ਸਿੰਘ ਦਾ ਆਪ ਵਿਚ ਸ਼ਾਮਲ ਹੋਣ ਦਾ ਸਵਾਗਤ ਕਰਦਿਆਂ ਕਿਹਾ ਕਿ ਜਸਟਿਸ ਜ਼ੋਰਾ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿਚ ਬਹੁਤ ਚੰਗੀ ਰੀਪੋਰਟ ਪੇਸ਼ ਕੀਤੀ ਸੀ ਇਸੇ ਕਾਰਨ ਹੀ ਬਾਦਲ ਸਰਕਾਰ ਨੇ ਰੀਪੋਰਟ ਤੋਂ ਡਰਦਿਆਂ ਇਸ ਨੂੰ ਕਦੇ ਵੀ ਜਨਤਕ ਨਹੀਂ ਕੀਤਾ। ਉਹਨਾਂ ਕਿਹਾ ਕਿ ਖਹਿਰਾ ਜਿਸ ਪਾਰਟੀ ਦੀ ਅੱਜ ਨਿੰਦਾ ਕਰ ਰਹੇ ਹਨ ਉਸੇ ਪਾਰਟੀ ਨੇ ਹੀ ਉਹਨਾਂ ਨੂੰ ਵਿਧਾਇਕ ਬਣਾ ਕੇ ਵਿਧਾਨ ਸਭਾ ਵਿਚ ਭੇਜਿਆ ਅਤੇ ਨੇਤਾ ਵਿਰੋਧੀ ਧਿਰ ਦਾ ਅਹੁਦਾ ਦਿਤਾ ਸੀ।
ਉਹਨਾਂ ਕਿਹਾ ਕਿ ਪਦ ਤੋਂ ਹਟਾਉਂਦਿਆਂ ਹੀ ਖਹਿਰਾ ਨੇ ਸਾਰੇ ਨਿਯਮਾਂ ਨੂੰ ਛਿੱਕੇ ਟੰਗਦਿਆਂ ਅਪਣੇ ਹੀ ਨੇਤਾਵਾਂ ਖਿਲਾਫ਼ ਬੋਲਣਾ ਸ਼ੁਰੂ ਕਰ ਦਿਤਾ। ਉਹਨਾਂ ਕਿਹਾ ਕਿ ਖਹਿਰਾ ਦਾ ਪੰਜਾਬ ਪ੍ਰੇਮ ਸਿਰਫ਼ ਕੁਰਸੀ ਖ਼ਾਤਰ ਹੀ ਹੈ। ਲੀਗਲ ਵਿੰਗ ਦੇ ਸੂਬਾ ਪ੍ਰਧਾਨ ਐਡਵੋਕੇਟ ਜਸਤੇਜ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਅਤੇ ਜਸਟਿਸ ਜ਼ੋਰਾ ਸਿੰਘ ਵਰਗੇ ਸਾਫ਼ ਅਕਸ ਵਾਲੇ ਲੋਕਾਂ ਦਾ ਪਾਰਟੀ ਵਿਚ ਹਮੇਸ਼ਾ ਸਵਾਗਤ ਹੋਵੇਗਾ। ਉਹਨਾਂ ਕਿਹਾ ਕਿ ਜਸਟਿਸ ਜ਼ੋਰਾ ਸਿੰਘ ਨੇ 35 ਸਾਲ ਨਿਆਂਪਾਲਿਕਾ ਵਿਚ ਜ਼ਿੰਮੇਵਾਰੀ ਨਿਭਾਈ ਹੈ ਅਤੇ ਉਹਨਾਂ ਦੇ ਆਉਣ ਨਾਲ ਪਾਰਟੀ ਨੂੰ ਮਜ਼ਬੂਤੀ ਮਿਲੇਗੀ।