7 ਬਰਫ਼ੀਲੇ ਤੁਫ਼ਾਨਾਂ ਅਤੇ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਦਿਆਂ ਵੀ ਨਾ ਡੋਲਿਆ ਇਹ ਪੰਜਾਬੀ
ਮਾਊਂਟ ਐਵਰੈਸਟ ਦੇ ਬੇਸ ਕੈਂਪ ਤਕ ਦੀ 5335 ਮੀਟਰ ਦੀ ਉਚਾਈ ਕੀਤੀ ਸਰ
ਕੋਟਕਪੂਰਾ (ਗੁਰਿੰਦਰ ਸਿੰਘ) : ਸਥਾਨਕ ਫੇਰੂਮਾਨ ਚੌਂਕ 'ਚ ਮੁਹੱਲਾ ਹਰਨਾਮਪੁਰਾ ਦੇ ਵਸਨੀਕ ਐਡਵੋਕੇਟ ਵਿਨੋਦ ਮੈਣੀ ਦੇ ਪੁੱਤਰ ਅਸ਼ੀਸ਼ ਮੈਣੀ ਨੇ ਮਹਿਜ 18 ਸਾਲ ਦੀ ਉਮਰ 'ਚ ਮਾਊਂਟ ਐਵਰੈਸਟ ਦੀ ਚੋਟੀ ਦੇ ਬੇਸ ਕੈਂਪ ਤਕ ਪਹੁੰਚ ਕੇ ਤਿਰੰਗਾ ਝੰਡਾ ਲਹਿਰਾਉਣ 'ਚ ਸਫ਼ਲਤਾ ਹਾਸਲ ਕੀਤੀ ਹੈ। ਅਪਣੀ ਰਿਹਾਇਸ਼ 'ਤੇ ਬੁਲਾਈ ਪ੍ਰੈਸ ਕਾਨਫਰੰਸ ਦੌਰਾਨ ਯਾਤਰਾ ਦੇ ਤਜ਼ਰਬੇ ਸਾਂਝੇ ਕਰਦਿਆਂ ਅਤੇ ਅਪਣੇ ਕੈਮਰੇ 'ਚ ਰਿਕਾਰਡ ਕੀਤੇ ਯਾਤਰਾ ਦੇ ਔਖੇ ਪੈਂਡਿਆਂ ਨੂੰ ਦਿਖਾਉਂਦਿਆਂ
ਉਸ ਨੇ ਦਸਿਆ ਕਿ ਜਦੋਂ ਉਹ ਐਵਰੈਸਟ ਦੇ ਬੇਸ ਕੈਂਪ ਦੀ 5335 ਮੀਟਰ ਉਚਾਈ 'ਤੇ ਪੁੱਜਾ ਤਾਂ ਮੌਸਮ ਖ਼ਰਾਬ ਹੋਣ ਕਾਰਨ ਉਸ ਨੂੰ ਅੱਗੇ ਜਾਣ ਦੀ ਇਜਾਜ਼ਤ ਨਾ ਮਿਲੀ। ਪੇਸ਼ੇ ਵਜੋਂ ਵਕੀਲ ਪਿਤਾ ਵਿਨੋਦ ਮੈਣੀ ਅਤੇ ਸਰਕਾਰੀ ਅਧਿਆਪਕ ਮਾਤਾ ਅਨੁਰਾਧਾ ਮੈਣੀ ਦਾ ਪਿਛਲੇ ਮਹੀਨੇ ਅਸ਼ੀਰਵਾਦ ਲੈ ਕੇ ਉਸ ਨੇ ਅਪਣੀ ਯਾਤਰਾ ਭਾਰਤ ਤੋਂ ਸ਼ੁਰੂ ਕੀਤੀ ਤੇ ਅਪਣਾ ਪਾਸਪੋਰਟ ਲੈ ਕੇ ਉਹ ਨੇਪਾਲ ਦੇ ਕਾਠਮੰਡੂ ਵਿਚ ਪਹੁੰਚਿਆ, ਉਥੇ ਇਕ ਕੰਪਨੀ ਤੋਂ ਪੈਕੇਜ ਲੈਣ ਉਪਰੰਤ ਉਸ ਨੂੰ ਰਸਤੇ 'ਚ ਮਦਦ ਲਈ ਇਕ ਗਾਈਡ ਮਿਲਿਆ, ਜੋ ਕਾਫੀ ਤਜ਼ਰਬੇਕਾਰ ਸੀ।
ਇਥੋਂ ਹਵਾਈ ਯਾਤਰਾ ਰਾਹੀਂ ਉਹ ਲੁਕਲਾ ਪਹੁੰਚਿਆ, ਜੋ ਦੁਨੀਆਂ ਦੇ ਸਭ ਤੋਂ ਖ਼ਤਰਨਾਕ ਹਵਾਈ ਅੱਡੇ (ਏਅਰਪੋਰਟ) ਵਜੋਂ ਜਾਣਿਆ ਜਾਂਦਾ ਹੈ। ਇਥੋਂ ਚੜ੍ਹਾਈ ਦਾ ਟਰੈਕ ਸ਼ੁਰੂ ਹੁੰਦਾ ਹੈ। ਰਸਤੇ ਵਿਚ ਕਰੀਬ 11 ਖਤਰਨਾਕ ਪੁਲਾਂ ਰਾਹੀਂ ਛੋਟੇ-ਛੋਟੇ ਪਿੰਡਾਂ ਵਿਚ ਹੁੰਦਾ ਹੋਇਆ ਇਹ ਨੌਜਵਾਨ 4500 ਮੀਟਰ ਦੀ ਉਚਾਈ ਮਗਰੋਂ ਜਿੱਥੇ ਦਰੱਖਤ, ਬੂਟੇ ਖਤਮ ਹੋ ਜਾਣ 'ਤੇ ਮਨੁੱਖ ਨੂੰ ਸਾਹ ਲੈਣਾ ਔਖਾ ਹੋ ਜਾਂਦਾ ਹੈ ਪਰ ਇਸ ਦਾ ਜਜ਼ਬਾ ਘੱਟ ਨਹੀ ਹੋਇਆ।
ਅਸ਼ੀਸ਼ ਦੀ ਯਾਤਰਾ ਦੌਰਾਨ 7 ਬਰਫ਼ੀਲੇ ਤੂਫ਼ਾਨਾਂ ਦਾ ਉਸ ਨੂੰ ਸਾਹਮਣਾ ਕਰਨਾ ਪਿਆ। ਇਸ ਦੌਰਾਨ ਨੈਸ਼ਨਲ ਜੌਗਰਾਫ਼ਿਕ ਵਲੋਂ ਉਸ ਦੀ ਯਾਤਰਾ ਨੂੰ ਅਪਣੇ ਚੈਨਲ 'ਚ ਪ੍ਰਸਾਰਤ ਅਤੇ ਮੈਗਜ਼ੀਨ 'ਚ ਪ੍ਰਕਾਸ਼ਤ ਕਰਨ ਬਾਰੇ ਦਸਿਆ ਗਿਆ। ਅਸ਼ੀਸ਼ ਨੇ ਦੱਸਿਆ ਕਿ ਉੱਪਰ ਗਲੇਸ਼ੀਅਰ ਦਾ ਪਾਣੀ ਪੀਣ ਨੂੰ ਮਿਲਦਾ ਹੈ ਤੇ ਸੋਲਰ ਲਾਈਟ ਦਾ ਪ੍ਰਬੰਧ ਹੈ। ਜੇਕਰ ਕਈ ਦਿਨ ਸੂਰਜ ਨਾ ਨਿਕਲੇ ਤਾਂ ਉੱਥੋਂ ਦੇ ਲੋਕ ਹਨੇਰੇ 'ਚ ਹੀ ਗੁਜ਼ਾਰਾ ਕਰਦੇ ਹਨ। ਉਨ੍ਹਾਂ ਦੀ ਰਿਹਾਇਸ਼ 'ਤੇ ਅੱਜ ਬਾਬੂ ਲਾਲ ਮੈਣੀ, ਸ਼ਕੁੰਤਲਾ ਦੇਵੀ, ਪਵਨ ਕੁਮਾਰ, ਪਦਮ ਕੁਮਾਰ ਆਦਿ ਵੀ ਹਾਜ਼ਰ ਸਨ।