ਨੇਪਾਲ ਪ੍ਰਸ਼ਾਸਨ ਨੇ ਮਾਊਂਟ ਐਵਰੇਸਟ ਤੋਂ ਸਾਫ ਕੀਤਾ 11 ਟਨ ਕੂੜਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਨੇਪਾਲ ਸਰਕਾਰ ਨੇ ਸੋਮਵਾਰ ਨੂੰ ਮਾਊਂਟ ਐਵਰੇਸਟ ‘ਤੇ ਸਫਾਈ ਮੁਹਿੰਮ ਨੂੰ ਪੂਰਾ ਕਰ ਲਿਆ ਹੈ।

Mount Everest Clean-Up

ਕਾਠਮੰਡੂ: ਨੇਪਾਲ ਸਰਕਾਰ ਨੇ ਸੋਮਵਾਰ ਨੂੰ ਮਾਊਂਟ ਐਵਰੇਸਟ ‘ਤੇ ਸਫਾਈ ਮੁਹਿੰਮ ਨੂੰ ਪੂਰਾ ਕਰ ਲਿਆ ਹੈ। ਨੇਪਾਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਸ ਨੇ ਲਗਭਗ 11 ਟਨ ਕੂੜਾ ਜਮ੍ਹਾਂ ਕੀਤਾ ਹੈ ਜੋ ਕਿ ਦਹਾਕਿਆਂ ਤੋਂ ਚੋਟੀ ‘ਤੇ ਇਕੱਠਾ ਹੋਇਆ ਸੀ। ਇਹ ਸਫਾਈ ਮੁਹਿੰਮ ਅਪ੍ਰੈਲ ਮਹੀਨੇ ਦੇ ਅੱਧ ਵਿਚ ਸ਼ੁਰੂ ਕੀਤੀ ਗਈ ਸੀ। ਇਸ ਦੇ ਲਈ ਉਚੀ ਚੜਾਈ ਵਿਚ ਮਾਹਿਰ 12 ਲੋਕਾਂ ਦੀ ਇਕ ਵਿਸ਼ੇਸ਼ ਟੀਮ ਤਿਆਰ ਕੀਤੀ ਗਈ ਸੀ। ਇਸ ਟੀਮ ਨੇ ਇਕ ਮਹੀਨੇ ਤੋਂ ਜ਼ਿਆਦਾ ਸਮੇਂ ਵਿਚ ਸਾਰਾ ਕੂੜਾ ਇਕੱਠਾ ਕਰ ਲਿਆ ਹੈ।

ਨਿਊਜ਼ ਏਜੰਸੀ ਅਨੁਸਾਰ, ਨੇਪਾਲ ਦੇ ਸੈਰ ਸਪਾਟਾ ਵਿਭਾਗ ਦੇ ਡਾਇਰੈਕਟਰ ਜਨਰਲ ਡਾਂਡੂ ਰਾਜ ਘਿਮਿਰੇ ਨੇ ਕਿਹਾ ਕਿ ਕੂੜੇ ਤੋਂ ਇਲਾਵਾ ਉਹਨਾਂ ਨੇ ਮਾਊਂਟ ਐਵਰੇਸਟ ਦੀ ਚੋਟੀ ‘ਤੇ ਚਾਰ ਲਾਸ਼ਾਂ ਵੀ ਜਮ੍ਹਾਂ ਕੀਤੀਆਂ, ਜਿਨ੍ਹਾਂ ਨੂੰ ਪਿਛਲੇ ਹਫਤੇ ਕਾਠਮੰਡੂ ਲਿਆਂਦਾ ਗਿਆ ਸੀ। ਰਾਜ ਘਿਮਿਰੇ ਅਨੁਸਾਰ ਸਫਾਈ ਮੁਹਿੰਮ ਵਿਚ ਲਗਭਗ 2.30 ਕਰੋੜ ਰੁਪਏ ਦੀ ਲਾਗਤ ਆਈ ਹੈ। ਉਹਨਾਂ ਕਿਹਾ ਕਿ ਚੀਨ ਨੇ ਵੀ ਦੁਨੀਆ ਦੀ ਸਭ ਤੋਂ ਉਚੀ ਚੋਟੀ ਦੇ ਉਤਰੀ ਹਿੱਸੇ ਦੀ ਸਫਾਈ ਲਈ ਇਸੇ ਤਰ੍ਹਾਂ ਦੀ ਮੁਹਿੰਮ ਲਾਂਚ ਕੀਤੀ ਹੈ।

ਉਹਨਾਂ ਨੇ ਕਿਹਾ ਹੈ ਕਿ ਅੰਤਰਰਾਸ਼ਟਰੀ ਭਾਈਚਾਰੇ ਵੱਲੋਂ ਵਾਤਾਵਰਨ ਸਬੰਧੀ ਵੱਡੀਆਂ ਚਿੰਤਾਵਾਂ ਅਤੇ ਅਲੋਚਨਾਵਾਂ ਹੋ ਰਹੀਆਂ ਹਨ ਕਿ ਨੇਪਾਲ ਨੇ ਐਵਰੇਸਟ ਦੀ ਸੁੰਦਰਤਾ ਨੂੰ ਕਾਇਮ ਰੱਖਣ ਪ੍ਰਤੀ ਕੋਈ ਗੰਭੀਰਤਾ ਨਹੀਂ ਦਿਖਾਈ ਹੈ। ਸਾਗਰਮਥਾ ਪ੍ਰਦੂਸ਼ਣ ਕੰਟਰੋਲ ਕਮੇਟੀ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਐਵਰੇਸਟ ਬੇਸਡ ਕੈਂਪ ਅਤੇ ਉਚਾਈ ‘ਤੇ ਸਥਿਤ ਕੈਂਪਾਂ ਤੋਂ ਲਗਭਗ 7 ਟਨ ਕੂੜਾ ਇਕੱਠਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਬਾਕੀ ਚਾਰ ਟਨ ਕੂੜਾ ਐਵਰੇਸਟ ਦੇ ਨਾਲ ਲਗਦੇ ਪਿੰਡਾਂ ਤੋਂ ਇਕੱਠਾ ਕੀਤਾ ਗਿਆ ਹੈ।