ਟਕਸਾਲੀਆਂ ਦਾ ਸੁਖਬੀਰ ਬਾਦਲ 'ਤੇ ਵੱਡਾ ਹਮਲਾ!

ਏਜੰਸੀ

ਖ਼ਬਰਾਂ, ਪੰਜਾਬ

ਸੁਖਬੀਰ ਦੀ ਅਕਾਲੀ ਦਲ ਲਈ ਕੋਈ ਕੁਰਬਾਨੀ ਨਹੀਂ

file photo

ਚੰਡੀਗੜ੍ਹ : ਅਕਾਲੀ ਧੜਿਆਂ ਵਿਚਾਲੇ ਸ਼ਬਦੀ ਜੰਗ ਹੋਰ ਸਿਖਰ 'ਤੇ ਪਹੁੰਚਣ ਦੇ ਅਸਾਰ ਬਣਦੇ ਜਾ ਰਹੇ ਹਨ। ਪਿਛਲੇ ਦਿਨਾਂ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਟਕਸਾਲੀ ਅਕਾਲੀ ਆਗੂਆਂ ਵਿਰੁਧ ਬਿਆਨ ਦਿਤੇ ਜਾ ਰਹੇ ਸਨ। ਸੁਖਬੀਰ ਬਾਦਲ ਦਾ ਕਹਿਣਾ ਸੀ ਕਿ ਜਿਹੜੇ ਟਕਸਾਲੀ ਅਕਾਲੀ ਅਪਣੀ ਪਾਰਟੀ ਦੇ ਨਹੀਂ ਬਣੇ, ਉਹ ਲੋਕਾਂ ਦੇ ਕੀ ਬਣਨਗੇ?' ਇਸ ਤੋਂ ਇਲਾਵਾ ਸੁਖਬੀਰ ਨੇ ਟਕਸਾਲੀਆਂ ਨੂੰ ਕਾਂਗਰਸ 'ਬੀ' ਟੀਮ ਹੋਣ ਦਾ ਖ਼ਿਤਾਬ ਵੀ ਦਿਤਾ ਸੀ। ਇਸ ਦੇ ਜਵਾਬ 'ਚ ਟਕਸਾਲੀ ਆਗੂਆਂ ਨੇ ਸੁਖਬੀਰ 'ਤੇ ਵੱਡਾ ਸ਼ਬਦੀ ਹਮਲਾ ਬੋਲਿਆ ਹੈ।

ਟਕਸਾਲੀ ਆਗੂਆਂ ਦਾ ਕਹਿਣਾ ਹੈ ਕਿ ਬਾਦਲ ਪਰਵਾਰ ਦੇ ਭ੍ਰਿਸ਼ਟਾਚਾਰ ਤੇ ਪੰਥ ਵਿਰੋਧੀ ਸੋਚ ਨੂੰ ਬੇਪਰਦ ਕਰਨ ਵਾਲਾ ਹਰ ਆਗੂ ਬਾਦਲਾਂ ਨੂੰ ਕਾਂਗਰਸ ਦੀ 'ਬੀ' ਟੀਮ ਦਾ ਮੈਂਬਰ ਹੀ ਲਗਦਾ ਹੈ।

ਟਕਸਾਲੀ ਅਕਾਲੀ ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੌਣ ਅਕਾਲੀ ਤੇ ਕੌਣ ਕਾਂਗਰਸੀ ਸਬੰਧੀ ਸੁਖਬੀਰ ਕੋਲੋਂ ਸਰਟੀਫ਼ਿਕੇਟ ਲੈਣ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦੱਸਣ ਕਿ ਉਨ੍ਹਾਂ ਦੀ ਅਕਾਲੀ ਦਲ ਲਈ ਕੀ ਕੁਰਬਾਨੀ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਨੇ ਸਿਰਫ਼ ਅਪਣੀ ਸੋਚ ਨੂੰ ਪੰਜ ਤਾਰਾ ਹੋਟਲ, ਸਿਆਸੀ ਤਾਕਤ ਹਥਿਆਉਣ ਤਕ ਸੀਮਤ ਕਰ ਕੇ ਅਪਣੇ ਚਹੇਤਿਆਂ ਨੂੰ ਰੇਤ, ਲੈਂਡ ਮਾਫੀਆ ਵਰਗੇ ਕੰਮਾਂ ਵਿਚ ਸਫ਼ਲ ਬਣਾਉਣ ਲਈ ਪੰਥਕ ਕਦਰਾਂ ਕੀਮਤਾਂ ਅਤੇ ਅਕਾਲੀ ਸਿਧਾਂਤਾਂ ਨੂੰ ਛਿੱਕੇ ਟੰਗਿਆ ਹੈ।

ਉਨ੍ਹਾਂ ਕਿਹਾ ਕਿ ਹੁਣ ਤਕ ਜਿੰਨੇ ਵੀ ਅਕਾਲੀ ਦਲ ਦੇ ਪ੍ਰਧਾਨ ਰਹੇ ਹਨ, ਉਨ੍ਹਾਂ ਦਾ ਪਿਛੋਕੜ ਤੇ ਮੌਜੂਦਾ ਪ੍ਰਧਾਨ ਦਾ ਪਿਛੋਕੜ ਜੱਗ ਜਾਹਰ ਹੈ। ਆਗੂਆਂ ਨੇ ਕਿਹਾ ਕਿ ਉਨ੍ਹਾਂ ਦੀ ਲੜਾਈ ਸਿਧਾਂਤਕ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਾਂਗਰਸ ਦੀ 'ਬੀ' ਟੀਮ ਦੱਸਣ ਵਾਲੇ ਸੁਖਬੀਰ ਬਾਦਲ, ਕੈਪਟਨ ਅਮਰਿੰਦਰ ਸਿੰਘ ਦੀ ਸ਼ਹਿ ਕਾਰਨ ਹੀ ਬੇਅਦਬੀ, ਨਸ਼ਾ ਅਤੇ ਰੇਤ ਮਾਫ਼ੀਆ ਵਰਗੇ ਗੁਨਾਹਾਂ ਤੋਂ ਬਚੇ ਹੋਏ ਹਨ।

ਉਨ੍ਹਾਂ ਦੋਸ਼ ਲਾਇਆਂ ਕਿ ਕੈਪਟਨ ਅਮਰਿੰਦਰ ਸਿੰਘ ਦੀ ਮਿਹਰਬਾਨੀ ਸਦਕਾ ਹੀ ਜੀਜੇ-ਸਾਲੇ ਨੂੰ ਵੱਡੀ ਗਿਣਤੀ ਗੰਨਮੈਨ ਮਿਲੇ ਹੋਏ ਹਨ। ਸੀਨੀਅਰ ਪੁਲਿਸ ਅਧਿਕਾਰੀ ਇਨ੍ਹਾਂ ਦੇ ਕਾਫ਼ਲਿਆਂ ਨੂੰ ਸੜਕਾਂ 'ਤੇ ਖੜ੍ਹ ਕੇ ਲੰਘਾਉਂਦੇ ਹਨ। ਇਸ ਸਭ 'ਤੇ ਕੈਪਟਨ ਵਜ਼ਾਰਤ ਦੇ ਮੰਤਰੀ ਵੀ ਸਵਾਲ ਉਠਾ ਚੁਕੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਚੁਪੀ ਤੋਂ ਸਾਬਤ ਹੁੰਦਾ ਹੈ ਕਿ ਬਾਦਲ ਤੇ ਮਜੀਠੀਆ ਪਰਵਾਰ ਦਾ ਕੈਪਟਨ ਪਰਵਾਰ ਨਾਲ ਅੰਦਰੋਂ ਅੰਦਰੀ ਸਮਝੌਤਾ ਹੋ ਚੁੱਕਾ ਹੈ। ਇਨ੍ਹਾਂ ਦਾ ਮਕਸਦ ਸਿਰਫ਼ ਰਲ ਮਿਲ ਕੇ ਸੱਤਾਂ 'ਤੇ ਕਾਬਜ਼ ਹੋਣਾ ਹੈ।