ਚੰਡੀਗੜ੍ਹ ਲੋਕ ਸਭਾ ਸੀਟ ਲਈ ਕਾਂਗਰਸ 'ਚ ਛਿੜਿਆ 'ਟਿਕਟ ਯੁੱਧ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਆਪ' ਦੇ ਹਰਮੋਹਨ ਧਵਨ ਤੇ ਭਾਜਪਾ ਦੀ ਕਿਰਨ ਖੇਰ ਉਮੀਦਵਾਰ...

Congress Party

ਚੰਡੀਗੜ੍ਹ : ਚੰਡੀਗੜ੍ਹ ਲੋਕ ਸਭਾ ਸੀਟ 'ਤੇ ਕਾਂਗਰਸ ਵਿਚ ਉਮੀਦਵਾਰੀ ਨੂੰ ਲੈ ਕੇ ਪੇਚ ਫਸਦਾ ਨਜ਼ਰ ਆ ਰਿਹਾ ਹੈ। ਕਿਉਂਕਿ ਇਸ ਸੀਟ ਤੋਂ ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਅਤੇ ਸਾਬਕਾ ਵਿਧਾਇਕ ਡਾ. ਨਵਜੋਤ ਕੌਰ ਸਿੱਧੂ ਤੋਂ ਬਾਅਦ ਹੁਣ ਇਕ ਹੋਰ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਅਪਣੀ ਦਾਅਵੇਦਾਰੀ ਠੋਕ ਦਿਤੀ ਹੈ। ਮਨੀਸ਼ ਤਿਵਾੜੀ ਨੇ ਸੈਕਟਰ 35 ਸਥਿਤ ਕਾਂਗਰਸ ਭਵਨ ਵਿਚ ਆਪਣੀ ਦਾਅਵੇਦਾਰੀ ਦੀ ਅਰਜ਼ੀ ਪਾਰਟੀ ਪ੍ਰਧਾਨ ਪ੍ਰਦੀਪ ਛਾਬੜਾ ਨੂੰ ਸੌਂਪੀ।

ਇਸ ਮੌਕੇ ਮਨੀਸ਼ ਤਿਵਾੜੀ ਨੇ ਅਪਣੀ ਅਰਜ਼ੀ ਵਿਚ ਆਖਿਆ ਕਿ ਉਨ੍ਹਾਂ ਨੂੰ ਪਤਾ ਚੱਲਿਆ ਕਿ ਚੰਡੀਗੜ੍ਹ ਕਾਂਗਰਸ ਨੇ ਚੋਣਾਂ ਲਈ ਟਿਕਟ ਦਾਅਵੇਦਾਰਾਂ ਦੀਆਂ ਅਰਜ਼ੀਆਂ ਮੰਗੀਆਂ ਹਨ। ਇਸ ਲਈ ਉਨ੍ਹਾਂ ਨੇ ਇਹ ਦਾਅਵੇਦਾਰੀ ਪੇਸ਼ ਕੀਤੀ ਹੈ, ਕਿਉਂਕਿ ਉਹ ਵੀ ਚੰਡੀਗੜ੍ਹ ਤੋਂ ਚੋਣ ਲੜਨ ਦੇ ਇਛੁੱਕ ਹਨ। ਚੰਡੀਗੜ੍ਹ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਵਲੋਂ ਹਰਮੋਹਨ ਧਵਨ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਜਦਕਿ ਭਾਜਪਾ ਵਲੋਂ ਬਾਲੀਵੁੱਡ ਅਦਾਕਾਰਾ ਕਿਰਨ ਖੇਰ ਇਸ ਹਲਕੇ ਤੋਂ ਉਮੀਦਵਾਰ ਹਨ, ਜੋ ਮੌਜੂਦਾ ਮੈਂਬਰ ਪਾਰਲੀਮੈਂਟ ਵੀ ਹਨ। 

ਜ਼ਿਕਰਯੋਗ ਹੈ ਕਿ ਇਸ ਲੋਕ ਸਭਾ ਸੀਟ ਤੋਂ ਚੋਣਾਂ ਦੌਰਾਨ ਮੁਕਾਬਲਾ ਕਾਫ਼ੀ ਰੌਚਕ ਹੋਣ ਦੀ ਗੱਲ ਆਖੀ ਜਾ ਰਹੀ ਹੈ ਪਰ ਇੱਥੇ ਤਾਂ ਕਾਂਗਰਸੀ ਉਮੀਦਵਾਰ ਦੀ ਚੋਣ ਨੂੰ ਲੈ ਕੇ ਮੁਕਾਬਲਾ ਰੌਚਕ ਹੁੰਦਾ ਨਜ਼ਰ ਆ ਰਿਹਾ ਹੈ। ਭਾਵੇਂ ਕਿ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਨੇ ਬੀਤੇ ਦਿਨ ਅਪਣੀ ਦਾਅਵੇਦਾਰੀ ਪੇਸ਼ ਕਰਨ ਮਗਰੋਂ ਹੀ ਇਸ ਹਲਕੇ ਵਿਚ ਸਰਗਰਮੀਆਂ ਵੀ ਵਧਾ ਦਿਤੀਆਂ ਹਨ। ਪਰ ਦੇਖਣਾ ਹੋਵੇਗਾ ਕਿ ਕਾਂਗਰਸ ਹਾਈਕਮਾਨ ਇਸ ਸੀਟ ਤੋਂ ਕਿਸ ਆਗੂ ਨੂੰ ਅਪਣਾ ਉਮੀਦਵਾਰ ਐਲਾਨਦੀ ਹੈ।