ਮਰਹੂਮ MP ਸੰਤੋਖ ਸਿੰਘ ਚੌਧਰੀ ਦੀ ਹੋਈ ਅੰਤਿਮ ਅਰਦਾਸ, ਸਮੂਹ ਕਾਂਗਰਸ ਲੀਡਰਸ਼ਿਪ ਨੇ ਦਿੱਤੀ ਸ਼ਰਧਾਂਜਲੀ 

ਏਜੰਸੀ

ਖ਼ਬਰਾਂ, ਪੰਜਾਬ

ਸੰਤੋਖ ਸਿੰਘ ਚੌਧਰੀ ਦਾ ਫਿਲੌਰ ਵਿਖੇ ਭਾਰਤ ਜੋੜੋ ਯਾਤਰਾ ਦੌਰਾਨ 14 ਜਨਵਰੀ ਨੂੰ ਦਿਲ ਦਾ ਦੌਰਾ ਪੈਣ ਕਰਕੇ ਦੇਹਾਂਤ ਹੋ ਗਿਆ ਸੀ।  

The last prayer of the late MP Santokh Singh Chaudhary

ਜਲੰਧਰ - ਜਲੰਧਰ ਤੋਂ ਲੋਕ ਸਭਾ ਮੈਂਬਰ ਮਰਹੂਮ ਸੰਤੋਖ ਸਿੰਘ ਚੌਧਰੀ ਦੀ ਅੱਜ ਅੰਤਿਮ ਅਰਦਾਸ ਖਾਲਸਾ ਕਾਲਜ ਵਿਖੇ ਹੋਈ। ਇਸ ਦੌਰਾਨ ਕਾਂਗਰਸ ਦੀ ਸਮੂਹ ਲੀਡਰਸ਼ਿਪ ਨੇ ਸੰਤੋਖ ਸਿੰਘ ਚੌਧਰੀ ਨੂੰ ਸ਼ਰਧਾਂਜਲੀ ਦਿੱਤੀ। ਕਾਂਗਰਸੀ ਆਗੂਆਂ ਵਿਚੋਂ ਪ੍ਰਤਾਪ ਸਿੰਘ ਬਾਜਵਾ, ਰਾਜਾ ਵੜਿੰਗ, ਮੁਹੰਮਦ ਸਦੀਕ, ਰਾਜਿੰਦਰ ਕੌਰ ਭੱਠਲ, ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਸਣੇ ਕਈ ਹਸਤੀਆਂ ਪਹੁੰਚੀਆਂ।

ਸ਼ਰਧਾਂਜਲੀ ਸਮਾਗਮ ਮੌਕੇ ਰਾਜਾ ਵੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਨੇ ਸੰਬੋਧਨ ਕਰਦੇ ਹੋਏ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਬਾਰੇ ਗੱਲ ਕੀਤੀ ਤੇ ਉਹਨਾਂ ਨੇ ਗੱਲਾਂ ਹੀ ਗੱਲਾਂ ਵਿਚ ਸੰਤੋਖ ਸਿੰਘ ਚੌਧਰੀ ਦੀ ਪਤਨੀ ਕਰਮਜੀਤ ਕੌਰ ਨੂੰ ਤਿਆਰ ਰਹਿਣ ਦੀ ਗੱਲ ਕਹੀ। ਜ਼ਿਕਰਯੋਗ ਹੈ ਕਿ ਸੰਤੋਖ ਸਿੰਘ ਚੌਧਰੀ ਦਾ ਫਿਲੌਰ ਵਿਖੇ ਭਾਰਤ ਜੋੜੋ ਯਾਤਰਾ ਦੌਰਾਨ 14 ਜਨਵਰੀ ਨੂੰ ਦਿਲ ਦਾ ਦੌਰਾ ਪੈਣ ਕਰਕੇ ਦੇਹਾਂਤ ਹੋ ਗਿਆ ਸੀ।  

 

ਇਸ ਦੇ ਨਾਲ ਹੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਇਸ ਮੌਕੇ ਸੰਬੋਧਨ ਕੀਤਾ ਤੇ ਕਿਹਾ ਕਿ ਸੰਤੋਖ ਸਿੰਘ ਚੌਧਰੀ ਦੇ ਪਰਿਵਾਰ ਨੇ ਲੋਕਾਂ ਦੀ ਬਹੁਤ ਸੇਵਾ ਕੀਤੀ ਤੇ ਸੰਤੋਖ ਸਿੰਘ ਚੌਧਰੀ ਦੇ ਜਾਣ ਨਾਲ ਇਕ ਵੱਡਾ ਘਾਟਾ ਪਿਆ ਹੈ ਕਿਉਂਕਿ ਅੱਜ ਕੱਲ ਤਾਂ ਸਾਰੇ ਜੋ ਬੰਦਾ ਸੇਵਾ ਕਰਦਾ ਹੈ ਉਸ ਨੂੰ ਹੇਠਾਂ ਡੇਗਣ ਲੱਗ ਜਾਂਦੇ ਹਨ ਪਰ ਇਸ ਪਰਿਵਾਰ ਨੇ ਲੋਕਾਂ ਦਾ ਬਹੁਤ ਭਲਾ ਕੀਤਾ ਹੈ। 

ਜ਼ਿਕਰਯੋਗ ਹੈ ਕਿ ਸੰਤੋਖ ਸਿੰਘ ਚੌਧਰੀ ਦੀ ਅਚਾਨਕ ਹੋਈ ਮੌਤ ਤੋਂ ਬਾਅਦ ਚੋਣ ਕਮਿਸ਼ਨ ਜਲੰਧਰ ਲੋਕ ਸਭਾ ਸੀਟ ’ਤੇ ਜ਼ਿਮਨੀ ਚੋਣ ਕਰਵਾ ਸਕਦਾ ਹੈ। ਲੋਕ ਸਭਾ ਸਦਨ ਮਈ 2019 ਵਿਚ ਗਠਿਤ ਹੋਇਆ ਸੀ ਅਤੇ ਸਦਨ ਦੀ ਸਮਾਂ ਮਿਆਦ ਅਜੇ 16 ਮਹੀਨੇ ਬਾਕੀ ਪਈ ਹੈ। ਜੇਕਰ ਸਦਨ ਦੀ ਸਮਾਂ ਮਿਆਦ ਸਾਲ ਤੋਂ ਘੱਟ ਰਹਿੰਦੀ ਤਾਂ ਚੋਣ ਕਮਿਸ਼ਨ ਸ਼ਾਇਦ ਇਸ ਸੀਟ ’ਤੇ ਚੋਣ ਨਾ ਕਰਵਾਉਂਦਾ ਪਰ ਸੰਵਿਧਾਨਕ ਨਿਯਮਾਂ ਮੁਤਾਬਕ ਕੋਈ ਵੀ ਲੋਕ ਸਭਾ ਸੀਟ ਇਕ ਸਾਲ ਤੋਂ ਜ਼ਿਆਦਾ ਸਮਾਂ ਖਾਲ੍ਹੀ ਨਹੀਂ ਰਹਿੰਦੀ।

 

ਚੋਣ ਕਮਿਸ਼ਨ ਇਸ ਬਾਰੇ ਜਲਦ ਫ਼ੈਸਲਾ ਲੈ ਕੇ ਚੋਣ ਕਰਵਾ ਸਕਦਾ ਹੈ। ਹਾਲਾਂਕਿ ਇਸ ਵਿਚ ਵੀ ਕੁਝ ਨਿਯਮ ਕਾਇਦੇ ਹਨ ਕਿਉਂਕਿ ਇਹ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਇਸ ਸੀਟ ਨੂੰ ਅਧਿਕਾਰਕ ਤੌਰ ’ਤੇ ਖਾਲ੍ਹੀ ਸੀਟ ਕਦੋਂ ਐਲਾਨਿਆ ਜਾਂਦਾ ਹੈ।