ਰਾਜ ਸਭਾ ਮੈਂਬਰ ਬਣਨ ਮਗਰੋਂ ਭੱਜੀ ਦਾ ਪਹਿਲਾ ਟਵੀਟ, ‘ਹਮੇਸ਼ਾ ਦੀ ਤਰ੍ਹਾਂ ਸੂਬੇ ਤੇ ਦੇਸ਼ ਦੀ ਸੇਵਾ ਜਾਰੀ ਰਹੇਗੀ’

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਤੋਂ ਰਾਜ ਸਭਾ ਮੈਂਬਰ ਬਣੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਭੱਜੀ ਨੇ ਪਹਿਲੀ ਪ੍ਰਤੀਕਿਰਿਆ ਦਿੱਤੀ ਹੈ।

Harbhajan Singh


ਚੰਡੀਗੜ੍ਹ: ਪੰਜਾਬ ਤੋਂ ਰਾਜ ਸਭਾ ਮੈਂਬਰ ਬਣੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਭੱਜੀ ਨੇ ਪਹਿਲੀ ਪ੍ਰਤੀਕਿਰਿਆ ਦਿੱਤੀ ਹੈ। ਹਰਭਜਨ ਸਿੰਘ ਨੇ ਲਿਖਿਆ ਕਿ ਆਪਣੀ ਨਵੀਂ ਭੂਮਿਕਾ ਵਿਚ ਉਹ ਆਪਣੇ ਸੂਬੇ ਅਤੇ ਦੇਸ਼ ਦੀ ਸੇਵਾ ਕਰਨ ਲਈ ਤਿਆਰ ਹਨ। ਉਹਨਾਂ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਘਵ ਚੱਢਾ ਦਾ ਧੰਨਵਾਦ ਕੀਤਾ।

Harbhajan Singh

ਹਰਭਜਨ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ, ਅਰਵਿੰਦ ਕੇਜਰੀਵਾਲ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨਾਲ ਤਸਵੀਰ ਸਾਂਝੀ ਕਰਦਿਆਂ ਉਹਨਾਂ ਲਿਖਿਆ, “ਹਮੇਸ਼ਾ ਦੀ ਤਰ੍ਹਾਂ ਮੇਰੇ ਵਲੋਂ ਸੂਬੇ ਅਤੇ ਦੇਸ਼ ਦੀ ਸੇਵਾ ਜਾਰੀ ਰਹੇਗੀ। ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਅਤੇ ਰਾਘਵ ਚੱਢਾ ਵਲੋਂ ਮੈਨੂੰ ਪ੍ਰਦਾਨ ਕੀਤੀ ਗਈ ਨਵੀਂ ਭੂਮਿਕਾ ਲਈ ਉਹਨਾਂ ਦਾ ਧੰਨਵਾਦ। ਨਵੀਂ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਵਾਂਗਾ”।

Tweet

ਉਹਨਾਂ ਦੇ ਟਵੀਟ 'ਤੇ ਪਹਿਲੀ ਪ੍ਰਤੀਕਿਰਿਆ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਵਲੋਂ ਆਈ ਹੈ। ਪਾਰਟੀ ਦੇ ਬੁਲਾਰੇ ਪ੍ਰਿਤਪਾਲ ਸਿੰਘ ਬੱਲੀਏਵਾਲ ਨੇ ਪੁੱਛਿਆ ਕਿ ਕੀ ਉਹਨਾਂ ਨੂੰ ਆਈ.ਪੀ.ਐੱਲ. ਤੋਂ ਸਮਾਂ ਮਿਲ ਗਿਆ? ਉਹਨਾਂ ਅੱਗੇ ਕਿਹਾ ਕਿ ਹਰਭਜਨ ਸਿੰਘ ਨੇ ਨਵਜੋਤ ਸਿੱਧੂ ਦਾ ਧੰਨਵਾਦ ਕਿਉਂ ਨਹੀਂ ਕੀਤਾ। ਇਸ ਦੇ ਨਾਲ ਹੀ ਉਹਨਾਂ ਪੁੱਛਿਆ ਕਿ ਪੰਜਾਬ ਕਾਂਗਰਸ ਦੇ ਖਜ਼ਾਨਚੀ ਗੁਲਜ਼ਾਰ ਇੰਦਰ ਚਾਹਲ ਉਹਨਾਂ ਦਾ ਸਰਟੀਫਿਕੇਟ ਲੈਣ ਕਿਉਂ ਗਏ ਸੀ? ਉਹਨਾਂ ਕਿਹਾ ਕਿ ਇਸ ਤੋਂ ਪਤਾ ਚੱਲਦਾ ਹੈ ਕਿ ਹਰਭਜਨ ਸਿੰਘ ਨੂੰ ਆਮ ਆਦਮੀ ਪਾਰਟੀ ਦੇ ਵਲੰਟੀਅਰ ਉੱਤੇ ਕੋਈ ਭਰੋਸਾ ਨਹੀਂ ਹੈ।

Harbhajan Singh

ਦੱਸ ਦੇਈਏ ਕਿ ਕ੍ਰਿਕਟਰ ਹਰਭਜਨ ਸਿੰਘ ਜਲੰਧਰ ਦੇ ਰਹਿਣ ਵਾਲੇ ਹਨ। ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਆਪਣੇ ਸਿਆਸੀ ਕਰੀਅਰ ਦੀ ਇਕ ਸੁਰੱਖਿਅਤ ਸ਼ੁਰੂਆਤ ਕਰਦੇ ਹੋਏ ਹਰਭਜਨ ਸਿੰਘ ਨੇ 'ਆਪ' ਨੂੰ ਚੁਣਿਆ। 'ਆਪ' ਨੇ ਉਹਨਾਂ ਨੂੰ ਪੰਜਾਬ ਤੋਂ ਰਾਜ ਸਭਾ ਮੈਂਬਰ ਬਣਾਇਆ ਹੈ। ਪੰਜਾਬ ਵਿਚ ‘ਆਪ’ ਦੇ 117 ਵਿਚੋਂ 92 ਵਿਧਾਇਕ ਹੋਣ ਕਾਰਨ ਉਹਨਾਂ ਦੀ ਜਿੱਤ ਯਕੀਨੀ ਸੀ। ਇਸ ਕਾਰਨ 31 ਮਾਰਚ ਨੂੰ ਹੋਣ ਵਾਲੀ ਚੋਣ ਤੋਂ ਪਹਿਲਾਂ ਹੀ ਪੰਜ ਮੈਂਬਰਾਂ ਨੂੰ ਬਿਨ੍ਹਾਂ ਮੁਕਾਬਲਾ ਜੇਤੂ ਕਰਾਰ ਦਿੱਤਾ ਗਿਆ।