ਲੁਧਿਆਣਾ: ਚੱਲਦੀ ਕਾਰ ’ਚ ਲੱਗੀ ਅੱਗ, ਸਾਬਕਾ ਸਰਪੰਚ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮ੍ਰਿਤਕ ਦੀ ਸ਼ਨਾਖ਼ਤ ਹਰਨੇਕ ਸਿੰਘ ਵਜੋਂ ਹੋਈ

Car Caughts fire in Ludhiana

ਲੁਧਿਆਣਾ: ਲੁਧਿਆਣਾ ਦੇ ਮੁੱਲਾਂਪੁਰ ਦਾਖ਼ਾ ਦੀ ਦਾਣਾ ਮੰਡੀ ਨੇੜੇ ਇਕ ਚੱਲਦੀ ਕਾਰ ਨੂੰ ਅਚਾਨਕ ਅੱਗ ਲੱਗ ਜਾਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ, ਕਾਰ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਲੋਕ ਵੀ ਅੱਗ ਲੱਗੀ ਕਾਰ ਦੇ ਨੇੜੇ ਜਾਣ ਤੋਂ ਘਬਰਾ ਰਹੇ ਸਨ। ਅੱਗ ਦੀਆਂ ਲਪਟਾਂ ਦੂਰ-ਦੂਰ ਤੱਕ ਵੇਖੀਆਂ ਜਾ ਸਕਦੀਆਂ ਸੀ।

ਹਾਦਸੇ ’ਚ ਮ੍ਰਿਤਕ ਕਾਰ ਚਾਲਕ ਦੀ ਸ਼ਨਾਖ਼ਤ ਹਰਨੇਕ ਸਿੰਘ ਹਿੱਸੋਵਾਲ ਵਜੋਂ ਹੋਈ ਹੈ। ਹਰਨੇਕ ਸਿੰਘ ਪਿੰਡ ਹਿੱਸੋਵਾਲ ਦੇ ਸਾਬਕਾ ਸਰਪੰਚ ਸਨ। ਕਾਰ ਨੂੰ ਲੱਗੀ ਅੱਗ ਵੇਖ ਕੇ ਮੌਕੇ ’ਤੇ ਮੌਜੂਦ ਲੋਕਾਂ ਨੇ ਪਹਿਲਾਂ ਤਾਂ ਪਾਣੀ ਦੀਆਂ ਬਾਲਟੀਆਂ ਨਾਲ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਤੇ ਨਾਲ ਹੀ ਪੁਲਿਸ ਨੂੰ ਵੀ ਇਸ ਬਾਰੇ ਸੂਚਨਾ ਦਿਤੀ। ਅੱਗ ਇੰਨੀ ਜ਼ਿਆਦਾ ਫੈਲ ਚੁੱਕੀ ਸੀ ਕਿ ਲੋਕਾਂ ਲਈ ਅੱਗ ’ਤੇ ਕਾਬੂ ਪਾਉਣਾ ਮੁਸ਼ਕਿਲ ਹੋ ਗਿਆ ਸੀ,

ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਵੀ ਬੁਲਾਇਆ ਗਿਆ ਪਰ ਉਹ ਸਮੇਂ ਸਿਰ ਨਾ ਪਹੁੰਚ ਸਕੇ। ਇਸ ਮਗਰੋਂ ਪੁਲਿਸ ਨੇ ਪਟਰੌਲ ਪੰਪਾਂ ਤੋਂ ਅੱਗ ਬੁਝਾਊ ਯੰਤਰ ਮੰਗਵਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਕਾਰ ਸਵਾਰ ਦੀ ਮੌਤ ਹੋ ਚੁੱਕੀ ਸੀ। ਇਸ ਘਟਨਾ ਨੂੰ ਵੇਖ ਕੇ ਆਸਪਾਸ ਦੇ ਲੋਕ ਹੈਰਾਨ ਸਨ ਇਹ ਸੋਚ ਕੇ ਕਿ ਅਚਾਨਕ ਕਾਰ ਨੂੰ ਕਿਵੇਂ ਅੱਗ ਲੱਗ ਗਈ। ਘਟਨਾ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਫ਼ਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਕੇ ਪਤਾ ਲਗਾ ਰਹੀ ਹੈ ਕਿ ਆਖ਼ਰ ਕਾਰ ਨੂੰ ਅੱਗ ਲੱਗੀ ਕਿਵੇਂ।