ਗੁਆਟੇਮਾਲਾ 'ਚ ਭਿਆਨਕ ਸੜਕ ਹਾਦਸਾ, 18 ਦੀ ਮੌਤ, 20 ਜ਼ਖ਼ਮੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਮ੍ਰਿਤਕਾਂ ਵਿਚ ਤਿੰਨ ਨਾਬਾਲਗ਼, ਟਰੱਕ ਡਰਾਈਵਰ ਮੌਕੇ ਤੋਂ ਫ਼ਰਾਰ

Guatemala road accident

ਗੁਆਟੇਮਾਲਾ ਸਿਟੀ :  ਗੁਆਟੇਮਾਲਾ ਵਿਚ ਇਕ ਟਰੱਕ ਚਾਲਕ ਨੇ ਲੋਕਾਂ ਦੀ ਭੀੜ ਵਿਚ ਅਪਣਾ ਟਰੱਕ ਵਾੜ ਦਿਤਾ ਜਿਸ ਨਾਲ ਵੱਡਾ ਸੜਕ ਹਾਦਸਾ ਵਾਪਰਿਆ ਅਤੇ ਕਰੀਬ 18 ਲੋਕਾਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖਮੀ ਹੋ ਗਏ। 

ਨੂਹਾਆਲਾ ਕਸਬੇ ਵਿਚ ਇਸ ਘਟਨਾ ਵਾਲੀ ਜਗ੍ਹਾ 'ਤੇ ਇਕ ਜਥੇਬੰਦੀ ਦੇ ਨੇਤਾ ਦੀ 'ਹਿਟ ਐਂਡ ਰਨ' ਮਾਮਲੇ ਵਿਚ ਮੌਤ ਹੋਈ ਸੀ ਜਿਸ ਕਾਰਨ ਲੋਕ ਇਥੇ ਇਕੱਠੇ ਹੋਏ ਸਨ। ਉਸੀ ਦੌਰਾਨ ਬੁਧਵਾਰ ਰਾਤ ਟਰੱਕ ਨੇ ਉਨ੍ਹਾਂ ਨੂੰ ਟੱਕਰ ਮਾਰੀ ਅਤੇ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਟਰੱਕ ਦੀਆਂ ਬੱਤੀਆਂ ਬੰਦ ਸਨ ਅਤੇ ਸੜਕ 'ਤੇ ਵੀ ਕੋਈ ਬੱਤੀ ਨਹੀਂ ਸੀ। ਦੇਸ਼ ਦੀ ਐਮਰਜੈਂਸੀ ਸੇਵਾ ਦੇ ਬੁਲਾਰੇ ਸੇਸਿਲੀਉ ਚਕਾਜ਼ ਨੇ ਕਿਹਾ, ''ਹੁਣ ਤਕ 18 ਲਾਸ਼ਾਂ ਦੀ ਗਿਣਤੀ ਹੋਈ ਹੈ।''

ਜ਼ਿਕਰਯੋਗ ਹੈ ਕਿ ਪਹਿਲਾਂ ਉਨ੍ਹਾਂ ਦਸਿਆ ਸੀ ਕਿ 30 ਲੋਕਾਂ ਦੀ ਮੌਤ ਹੋਈ ਹੈ। ਚਕਾਜ਼ ਨੇ ਦਸਿਆ ਕਿ ਮ੍ਰਿਤਕਾਂ ਵਿਚ ਤਿੰਨ ਨਾਬਾਲਗ਼ ਸ਼ਾਮਲ ਹਨ। ਇਸ ਤੋਂ ਬਿਨਾਂ 20 ਲੋਕ ਜ਼ਖ਼ਮੀ ਹੋਏ ਹਨ ਜਿਨ੍ਹਾਂ ਦਾ ਹਸਪਤਾਲ ਵਿਚ ਇਲਾਜ ਚਲ ਰਿਹਾ ਹੈ।

ਸਰਕਾਰ ਨੇ ਵੀਰਵਾਰ ਨੂੰ ਤਿੰੰਨ ਰੋਜ਼ਾ ਸ਼ੋਕ ਦਾ ਐਲਾਨ ਕੀਤਾ। ਦੇਸ਼ ਦੇ ਰਾਸ਼ਟਰਪਤੀ ਜਿੰਮੀ ਮੋਰਾਲਸ ਨੇ ਟਵੀਟ ਕੀਤਾ, ''ਅਸੀਂ ਪੀੜਤਾਂ ਦੇ ਪਰਵਾਰਾਂ ਨੂੰ ਹਰ ਸੰਭਵ ਮਦਦ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ।'' ਉਨ੍ਹਾਂ ਪੀੜਤ ਪਰਵਾਰਾਂ ਨਾਂਲ ਹਮਦਰਦੀ ਜਤਾਈ। ਪੁਲਿਸ ਬੁਲਾਰੇ ਪਾਬਲੋ ਕਾਸੀਟਲੋ ਨੇ ਦਸਿਆ ਕਿ ਚਾਲਕ ਨੂੰ ਫੜਣ ਲਈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। (ਪੀਟੀਆਈ)