5 ਸਾਲ ਦੇ ਬੱਚੇ ਨੇ 'ਪੁਲਿਸ ਅੰਕਲ' ਕੋਲ ਕੀਤੀ ਟਿਊਸ਼ਨ ਟੀਚਰ ਦੀ ਸ਼ਿਕਾਇਤ, ਜਾਣੋ ਕੀ ਹੈ ਮਾਮਲਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਪੁਲਿਸ ਦੇ ਅਧਿਕਾਰੀ ਨੇ ਇਕ ਵਿਅਕਤੀ ਨੂੰ ਕਰਫਿਊ ਦਾ ਉਲੰਘਣ ਕਰਦੇ ਹੋਏ ਉਸ ਸਮੇਂ ਫੜ੍ਹ ਲਿਆ ਜਦੋਂ ਉਹ ਦੋ ਬੱਚਿਆਂ ਨੂੰ ਟਿਊਸ਼ਨ ਕਲਾਸ ਤੋਂ ਵਾਪਸ ਲੈ ਕੇ ਆ ਰਿਹਾ ਸੀ।

Photo

ਚੰਡੀਗੜ੍ਹ: ਪੰਜਾਬ ਪੁਲਿਸ ਦੇ ਅਧਿਕਾਰੀ ਨੇ ਇਕ ਵਿਅਕਤੀ ਨੂੰ ਕਰਫਿਊ ਦਾ ਉਲੰਘਣ ਕਰਦੇ ਹੋਏ ਉਸ ਸਮੇਂ ਫੜ੍ਹ ਲਿਆ ਜਦੋਂ ਉਹ ਦੋ ਬੱਚਿਆਂ ਨੂੰ ਟਿਊਸ਼ਨ ਕਲਾਸ ਤੋਂ ਵਾਪਸ ਲੈ ਕੇ ਆ ਰਿਹਾ ਸੀ।

ਜਦੋਂ ਪੁਲਿਸ ਨੇ ਵਿਅਕਤੀ ਕੋਲੋਂ ਪੁੱਛਗਿੱਛ ਕੀਤੀ ਤਾਂ 5 ਸਾਲ ਦੇ ਬੱਚੇ ਨੇ ਤੁਰੰਤ ਅਪਣੀ ਟਿਊਸ਼ਨ ਟੀਚਰ ਦਾ ਪਤਾ ਦੱਸ ਦਿੱਤਾ। ਸ਼ਨੀਵਾਰ ਨੂੰ ਹੋਈ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਜਦੋਂ ਪੁਲਿਸ ਕਰਮਚਾਰੀ ਨੇ ਵਿਅਕਤੀ ਕੋਲੋਂ ਟਿਊਸ਼ਨ ਪੜ੍ਹਾਉਣ ਵਾਲੀ ਟੀਚਰ ਬਾਰੇ ਪੁੱਛਿਆ ਤਾਂ ਬੱਚੇ ਨੇ ਉਸ ਦਾ ਨਾਂਅ ਲੈ ਦਿੱਤਾ।

ਬੱਚਾ ਪੁਲਿਸ ਨੂੰ ਖੁਦ ਅਪਣੀ ਅਧਿਆਪਕ ਦੇ ਘਰ ਲੈ ਕੇ ਗਿਆ। ਬੱਚੇ ਵੱਲੋਂ ਜਾਣਕਾਰੀ ਦਿੱਤੇ ਜਾਣ ਤੋਂ ਬਾਅਦ ਬਟਾਲਾ ਇਲਾਕੇ ਦੇ  ਸਬ ਇੰਸਪੈਕਟਰ ਗੁਰਦੀਪ ਸਿੰਘ ਨੇ ਲੌਕਡਾਊਨ ਦੌਰਾਨ ਟਿਊਸ਼ਨ ਪੜ੍ਹਾਉਣ ਵਾਲੇ ਅਧਿਆਪਕ ਦੀ ਕਲਾਸ ਲਗਾਈ ਅਤੇ ਬੱਚਿਆਂ ਨੂੰ ਲਿਆਉਣ ਵਾਲੇ ਵਿਅਕਤੀ ਦੀ ਵੀ ਕਲਾਸ ਲਗਾਈ।

ਇਸ ਤੋਂ ਬਾਅਦ ਡੀਐਸਪੀ ਨੇ ਲੋਕਾਂ ਨੂੰ ਕਰਫਿਊ ਦੀ ਉਲੰਘਣਾ ਨਾ ਕਰਨ ਦੀ ਅਪੀਲ ਕੀਤੀ। ਉਹਨਾਂ ਨੇ ਦੱਸਿਆ ਕਿ ਬੱਚਿਆਂ ਨੂੰ ਟਿਊਸ਼ਨ ਲਈ ਲਿਆਉਣ ਵਾਲੇ ਵਿਅਕਤੀ ਨੇ ਮਾਫੀ ਵੀ ਮੰਗੀ ਤੇ ਫਿਰ ਤੋਂ ਅਜਿਹਾ ਨਾ ਕਰਨ ਦਾ ਭਰੋਸਾ ਦਿੱਤਾ। 

ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਚਲਦਿਆਂ ਦੁਨੀਆ ਭਰ ਦੇ ਕਈ ਦੇਸ਼ਾਂ ਵਿਚ ਲੌਕਡਾਊਨ ਹਨ, ਇਸ ਦੇ ਨਾਲ ਹੀ ਭਾਰਤ ਵਿਚ ਵੀ 3 ਮਈ ਤੱਕ ਲੌਕਡਾਊਨ ਦਾ ਐਲ਼ਾਨ ਕੀਤਾ ਗਿਆ ਹੈ। ਪਰ ਇਸ ਦੇ ਬਾਵਜੂਦ ਵੀ ਕਈ ਲੋਕ ਕਰਫਿਊ/ਲੌਕਡਾਊਨ ਦਾ ਉਲੰਘਣ ਕਰਦੇ ਹਨ।