300 ਰੁਪਏ ਪਿੱਛੇ ਛੋਟੇ ਭਰਾ ਨੇ ਵੱਡੇ ਭਰਾ ਨੂੰ ਉਤਾਰਿਆ ਮੌਤ ਦੇ ਘਾਟ
ਜਲੰਧਰ ਦੇ ਕਬੀਰ ਨਗਰ ਵਿਚ ਇਕ ਭਰਾ ਵੱਲੋਂ 300 ਰੁਪਏ ਪਿੱਛੇ ਅਪਣੇ ਵੱਡੇ ਭਰਾ ਦਾ ਕਤਲ ਕਰਨ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ।
ਜਲੰਧਰ (ਨਿਸ਼ਾ ਸ਼ਰਮਾ): ਜਲੰਧਰ ਦੇ ਕਬੀਰ ਨਗਰ ਵਿਚ ਇਕ ਭਰਾ ਵੱਲੋਂ 300 ਰੁਪਏ ਪਿੱਛੇ ਅਪਣੇ ਵੱਡੇ ਭਰਾ ਦਾ ਕਤਲ ਕਰਨ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਸ਼ਰਾਬ ਪੀ ਰਹੇ ਦੋਵੇਂ ਭਰਾਵਾਂ ਵਿਚਾਲੇ ਖਰਚਿਆਂ ਨੂੰ ਲੈ ਕੇ ਝਗੜਾ ਹੋ ਗਿਆ, ਇਸ ਦੌਰਾਨ ਛੋਟੇ ਭਰਾ ਨੇ ਵੱਡੇ ਭਰਾ ਦੇ ਪੇਟ ਵਿਚ ਚਾਕੂ ਮਾਰ ਦਿੱਤਾ।
ਇਸ ਤੋਂ ਬਾਅਦ ਵੱਡੇ ਭਰਾ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਮੌਤ ਹੋ ਗਈ। ਕਤਲ ਕਰਨ ਤੋਂ ਬਾਅਦ ਦੋਸ਼ੀ ਭਰਾ ਫਰਾਰ ਹੋ ਗਿਆ। ਮ੍ਰਿਤਕ ਦਾ ਨਾਂਅ ਪੰਕਜ ਸਹਿਗਲ ਦੱਸਿਆ ਜਾ ਰਿਹਾ ਹੈ, ਜਦਕਿ ਦੋਸ਼ੀ ਭਰਾ ਦਾ ਨਾਂਅ ਰੋਹਿਤ ਸਹਿਗਲ ਹੈ। ਥਾਣਾ ਡਵੀਜ਼ਨ 1 ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਮਾਮਲਾ ਦਰਜ ਕਰਕੇ ਰੋਹਿਤ ਸਹਿਗਲ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਦੇ ਪਿਤਾ ਗਿਰਜਾ ਰਾਮ ਸਹਿਗਲ ਨੇ ਦੱਸਿਆ ਕਿ ਸੋਮਵਾਰ ਦੀ ਰਾਤ ਸ਼ਰਾਬ ਪੀਂਦੇ ਸਮੇਂ ਦੋਵੇਂ ਭਰਾਵਾਂ ਵਿਚ 300 ਰੁਪਏ ਪਿੱਛੇ ਝਗੜਾ ਹੋ ਗਿਆ ਅਤੇ ਰੋਹਿਤ ਨੇ ਚਾਕੂ ਨਾਲ ਅਪਣੇ ਵੱਡੇ ਭਰਾ ਉੱਤੇ ਹਮਲਾ ਕਰ ਦਿੱਤਾ। ਮ੍ਰਿਤਕ ਦੀ ਮਾਂ ਰਸ਼ਮੀ ਨੇ ਦੱਸਿਆ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਉਹ ਸੌਂ ਰਹੀ ਸੀ। ਮੌਕੇ ’ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹ ਜਲਦ ਹੀ ਦੋਸ਼ੀ ਰੋਹਿਤ ਸਹਿਗਲ ਨੂੰ ਗ੍ਰਿਫ਼ਤਾਰ ਕਰ ਲੈਣਗੇ।