ਕੈਪਟਨ ਨੇ ਲੁਧਿਆਣਾ ਕੇਂਦਰੀ ਜੇਲ 'ਚ ਵਾਪਰੀ ਹਿੰਸਾ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਜਾਰੀ ਕੀਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਕ ਕੈਦੀ ਦੀ ਮੌਤ ਅਤੇ ਬੈਰਕਾਂ ਤੋੜ ਕੇ ਭੱਜਣ ਦੀ ਕੋਸ਼ਿਸ਼ ਕਰਦੇ 5 ਹਵਾਲਾਤੀ ਜ਼ਖ਼ਮੀ

Captain Amarinder Singh orders magisterial inquiry into Ludhiana jail violence

ਨਵੀਂ ਦਿੱਲੀ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੁਧਿਆਣਾ ਦੀ ਕੇਂਦਰੀ ਜੇਲ 'ਚ ਅੱਜ ਵਾਪਰੀ ਹਿੰਸਾ ਦੀ ਮੈਜਿਸਟ੍ਰੇਟ ਜਾਂਚ ਕਰਨ ਦੇ ਹੁਕਮ ਦਿੱਤੇ ਹਨ। ਇਹ ਜਾਂਚ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵੱਲੋਂ ਕੀਤੀ ਜਾਵੇਗੀ। ਇਸ ਘਟਨਾ ਵਿਚ ਇਕ ਕੈਦੀ ਦੇ ਮਾਰੇ ਜਾਣ ਜਦਕਿ ਪੰਜ ਕੈਦੀਆਂ ਅਤੇ ਲਗਭਗ ਅੱਧੀ ਦਰਜਨ ਪੁਲਿਸ ਮੁਲਾਜ਼ਮਾਂ ਦੇ ਜ਼ਖ਼ਮੀ ਹੋਣ ਦਾ ਗੰਭੀਰ ਨੋਟਿਸ ਲੈਂਦਿਆਂ ਮੁੱਖ ਮੰਤਰੀ ਨੇ ਇਸ ਘਟਨਾ ਦੀ ਵਿਸਥਾਰ ਵਿਚ ਜਾਂਚ ਕਰ ਕੇ ਹਿੰਸਾ ਲਈ ਉਕਸਾਉਣ ਵਾਲਿਆਂ ਦੀ ਸ਼ਨਾਖ਼ਤ ਕਰਨ ਲਈ ਆਖਿਆ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਕ ਕੈਦੀ ਸਨੀ ਸੂਦ ਦੀ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਮੌਤ ਹੋ ਜਾਣ ਦੀ ਖ਼ਬਰ ਜੇਲ 'ਚ ਪਹੁੰਚਣ ਤੋਂ ਬਾਅਦ ਸਵੇਰੇ ਲਗਭਗ 11:30 ਵਜੇ ਹਿੰਸਾ ਵਾਪਰੀ। ਸਨੀ ਸੂਦ ਐਨ.ਡੀ.ਪੀ.ਐਸ. ਐਕਟ ਤਹਿਤ ਦਰਜ ਇਕ ਮਾਮਲੇ ਵਿਚ ਵਿਚਾਰ ਅਧੀਨ ਹੈ। ਮੁੱਢਲੀ ਜਾਣਕਾਰੀ ਮੁਤਾਬਕ ਸਨੀ ਸੂਦ ਦੀ ਮੌਤ ਦੀ ਖਬਰ ਤੋਂ ਬਾਅਦ ਜੇਲ 'ਚ ਦੰਗੇ ਹੋਏ ਅਤੇ 3100 ਦੇ ਕਰੀਬ ਹਵਾਲਾਤੀਆਂ ਨੇ ਆਪਣੀਆਂ ਬੈਰਕਾਂ ਵਿਚ ਜਾਣ ਤੋਂ ਇਨਕਾਰ ਕਰ ਦਿਤਾ ਅਤੇ ਪੱਥਰ ਚਲਾਉਣੇ ਸ਼ੁਰੂ ਕਰ ਦਿੱਤੇ। ਇਹ ਕੈਦੀ ਉਸਾਰੀ ਦੇ ਚੱਲ ਰਹੇ ਕੰਮ ਲਈ ਬੈਰਕਾਂ ਤੋਂ ਬਾਹਰ ਸਨ। ਦੰਗਾਕਾਰੀ ਕੈਦੀਆਂ ਨੇ ਰਿਕਾਰਡ ਰੂਮ ਦੇ ਨਾਲ ਜੇਲ੍ਹ ਸੁਪਰਡੰਟ ਦੀ ਕਾਰ ਨੂੰ ਅੱਗ ਲਾ ਦਿੱਤੀ ਅਤੇ ਜੇਲ ਦੀ ਹੋਰ ਜਾਇਦਾਦ ਨੂੰ ਵੀ ਨੁਕਸਾਨ ਪਹੁੰਚਾਇਆ।

ਮੁਢਲੀਆਂ ਰਿਪੋਰਟਾਂ ਮੁਤਾਬਕ ਕੈਦੀਆਂ ਨੇ ਜਦੋਂ ਗੇਟ ਭੰਨਣ ਦੀ ਕੋਸ਼ਿਸ਼ ਕੀਤੀ ਤਾਂ ਜੇਲ ਪੁਲਿਸ ਨੇ ਹਵਾਈ ਫਾਇਰ ਕਰ ਕੇ ਇਨ੍ਹਾਂ ਨੂੰ ਰੋਕਣ ਦੇ ਯਤਨ ਕੀਤੇ। ਇਸ ਦੌਰਾਨ ਲੁਧਿਆਣਾ ਦੇ ਡੀ.ਸੀ.ਪੀ. ਅਸ਼ਵਨੀ ਕੁਮਾਰ ਸਥਿਤੀ ਨੂੰ ਕਾਬੂ ਕਰਨ ਲਈ ਅਥਰੂ ਗੈਸ ਛੱਡਣ ਵਾਲੇ ਵਾਹਨ ਅਤੇ 250-300 ਪੁਲਿਸ ਮੁਲਾਜ਼ਮਾਂ ਦੀ ਵਾਧੂ ਫੋਰਸ ਲੈ ਕੇ ਮੌਕੇ 'ਤੇ ਪਹੁੰਚੇ। ਇਸੇ ਤਰ੍ਹਾਂ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਅਤੇ ਆਈ.ਜੀ. ਜੇਲ੍ਹਾਂ ਐਲ.ਐਸ. ਜਾਖੜ ਵੀ ਮੌਕੇ 'ਤੇ ਪਹੁੰਚੇ। ਸਥਿਤੀ ਨੂੰ ਅਖੀਰ  ਦੁਪਹਿਰ 1:30 ਵਜੇ ਕਾਬੂ ਕਰ ਲਿਆ ਗਿਆ ਜਦੋਂ ਸਾਰੇ ਕੈਦੀਆਂ ਨੂੰ ਬੈਰਕਾਂ 'ਚ ਵਾਪਸ ਭੇਜ ਦਿਤਾ।

ਇਸ ਹਿੰਸਾ 'ਚ ਮਾਰੇ ਗਏ ਕੈਦੀ ਦੀ ਪਛਾਣ ਅਜੀਤ ਬਾਬਾ ਪੁੱਤਰ ਹਰਜਿੰਦਰ ਸਿੰਘ ਜਦਕਿ ਜ਼ਖ਼ਮੀ ਹੋਣ ਵਾਲਿਆਂ ਵਿਚ ਵਿਸ਼ਾਲ ਕੁਮਾਰ ਪੁੱਤਰ ਰਕੇਸ਼ ਸ਼ਰਮਾ ਵਾਸੀ ਦਾਬਾ, ਪ੍ਰਿੰਸ ਪੁੱਤਰ ਰਾਜਪਾਲ ਵਾਸੀ ਸਿਵਲ ਲਾਈਨਜ਼ ਲੁਧਿਆਣਾ, ਸੁਨੀਲ ਪੁੱਤਰ ਬਾਬੂ ਰਾਮ ਵਾਸੀ ਹਾਜੀਪੁਰ (ਹੁਸ਼ਿਆਰਪੁਰ), ਰਣਬੀਰ ਪੁੱਤਰ ਸੁਖਦੇਵ ਵਾਸੀ ਗੋਬਿੰਦ ਨਗਰ ਜਲੰਧਰ ਅਤੇ ਪੰਕਜ ਪੁੱਤਰ ਵੀਰਪਾਲ ਵਾਸੀ ਤਾਜਪੁਰ ਰੋਡ ਲੁਧਿਆਣਾ ਸ਼ਾਮਲ ਹਨ।

ਵਿਰੋਧੀ ਧਿਰਾਂ ਵੱਲੋਂ ਪੰਜਾਬ ਦੇ ਜੇਲ ਮੰਤਰੀ ਸੁਖਜਿੰਦਰ ਰੰਧਾਵਾ ਦਾ ਅਸਤੀਫ਼ੇ ਦੀ ਮੰਗ ਕਰਨ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਕਿਹਾ, "ਅਸਲ ਵਿਚ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਕੋਲ ਅਜਿਹੀਆਂ ਬੇਤੁੱਕੀਆਂ ਮੰਗਾਂ ਤੋਂ ਇਲਾਵਾ ਕੋਈ ਉਸਾਰੂ ਗੱਲ ਕਰਨ ਨੂੰ ਨਹੀਂ। ਸਥਿਤੀ ਨਾਲ ਨਜਿੱਠਿਆ ਜਾਵੇਗਾ ਅਤੇ ਅਸੀਂ ਨਜਿੱਠ ਰਹੇ ਹਾਂ।"