ਪੰਜਾਬ ਸਰਕਾਰ ਵਲੋਂ PCMS ਡਾਕਟਰਾਂ ਲਈ ਪੋਸਟ ਗ੍ਰੈਜੂਏਟ ’ਚ ਦਾਖਲੇ ਲਈ ਯੋਗਤਾ ਮਾਪਦੰਡਾਂ ’ਚ ਰਾਹਤ
ਇਸ ਦਾ ਖ਼ੁਲਾਸਾ ਸਿਹਤ ਤੇ ਪਰਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਪ੍ਰੈਸ ਬਿਆਨ ਰਾਹੀਂ ਕੀਤਾ
ਚੰਡੀਗੜ੍ਹ: ਪੀ.ਸੀ.ਐਮ.ਐਸ ਡਾਕਟਰਾਂ ਦੀ ਲੰਬੇ ਸਮੇਂ ਤੋਂ ਲੰਬਿਤ ਪਈ ਮੰਗ ਦੇ ਮੱਦੇਨਜ਼ਰ, ਪੰਜਾਬ ਸਰਕਾਰ ਵਲੋਂ ਪੀ.ਸੀ.ਐਮ.ਐਸ. ਡਾਕਟਰਾਂ ਲਈ ਪੋਸਟ ਗ੍ਰੈਜੂਏਟ ਕੋਰਸ ਵਿਚ ਦਾਖਲੇ ਲਈ ਯੋਗਤਾ ਮਾਪਦੰਡਾਂ ਵਿਚ ਰਾਹਤ ਦਿਤੀ ਗਈ ਹੈ। ਇਸ ਦਾ ਖ਼ੁਲਾਸਾ ਸਿਹਤ ਤੇ ਪਰਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਪ੍ਰੈਸ ਬਿਆਨ ਰਾਹੀਂ ਕੀਤਾ। ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ, ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ 'ਤੇ ਪੋਸਟ ਗ੍ਰੈਜੂਏਟ ਕੋਰਸ ਵਿਚ ਦਾਖਲਾ ਲੈਣ ਵਾਲੇ ਡਾਕਟਰਾਂ ਨੂੰ ਯੋਗਤਾ ਮਾਪਦੰਡਾਂ ਵਿਚ ਰਾਹਤ ਦਿਤੀ ਗਈ ਹੈ।
Balbir Singh Sidhu
ਉਹਨਾਂ ਕਿਹਾ ਕਿ ਪਹਿਲਾਂ ਪੀ.ਸੀ.ਐਮ.ਐਸ. ਡਾਕਟਰਾਂ ਨੂੰ ਦਿਹਾਤੀ ਖੇਤਰਾਂ ਵਿਚ 4 ਸਾਲ ਦਾ ਔਖਾ ਸੇਵਾਕਾਲ ਪੂਰਾ ਕਰਨਾ ਹੁੰਦਾ ਸੀ ਅਤੇ ਹੋਰ ਦਿਹਾਤੀ ਖੇਤਰਾਂ ਵਿਚ 6 ਸਾਲ ਸੇਵਾਕਾਲ ਪੂਰਾ ਕਰਨ ਵਾਲਿਆਂ ਨੂੰ 30 ਫੀਸਦੀ ਇਨਸੈਂਟਿਵ ਮਾਰਕ ਦਿਤੇ ਜਾਂਦੇ ਸਨ ਅਤੇ ਉਹਨਾਂ ਨੂੰ ਪੋਸਟ ਗ੍ਰੈਜੂਏਟ ਕੋਰਸ ਕਰਨ ਲਈ ਆਗਿਆ ਦਿਤੀ ਜਾਂਦੀ ਸੀ। ਹੁਣ ਦਿਹਾਤੀ ਸੇਵਾਕਾਲ ਦੀ ਸਮੇਂ ਸੀਮਾ ਨੂੰ 6 ਸਾਲ ਤੋਂ ਘਟਾ ਕੇ 4 ਸਾਲ ਅਤੇ 3 ਸਾਲ ਤੋਂ ਘਟਾ ਕੇ 2 ਸਾਲ ਕਰ ਦਿਤਾ ਗਿਆ ਹੈ।
ਸਿਹਤ ਮੰਤਰੀ ਨੇ ਕਿਹਾ ਕਿ 3 'ਚੋਂ 2 ਸਾਲ ਅਤੇ 4.5 'ਚੋਂ 3 ਸਾਲ ਦੀ ਸਮੇਂ ਸੀਮਾ ਪੂਰਾ ਕਰਨ ਵਾਲੇ ਡਾਕਟਰਾਂ ਨੂੰ ਕ੍ਰਮਵਾਰ 20 ਫ਼ੀਸਦੀ ਅਤੇ 30 ਫ਼ੀਸਦੀ ਇਨਸੈਂਟਿਵ ਅੰਕ ਦਿਤੇ ਜਾਣਗੇ। ਇਨਸੈਂਟਿਵ ਸ਼੍ਰੇਣੀ ਤਹਿਤ ਦਾਖਲਾ ਲੈਣ ਵਾਲੇ ਡਾਕਟਰਾਂ ਨੂੰ ਪੀ.ਜੀ. ਕੋਰਸ ਦੌਰਾਨ ਪੂਰੀ ਤਨਖ਼ਾਹ ਦਿਤੀ ਜਾਵੇਗੀ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਹਨਾਂ ਕਿਹਾ ਕਿ ਪਹਿਲਾਂ ਪੀ.ਜੀ. ਕੋਰਸ ਵਿਚ ਨਿਰੋਲ ਅਪਣੀ ਮੈਰਿਟ ਦੇ ਆਧਾਰ 'ਤੇ ਦਾਖਲਾ ਲੈਣ ਵਾਲੇ ਉਮੀਦਵਾਰਾਂ ਨੂੰ ਪੇਂਡੂ ਖੇਤਰਾਂ ਵਿਚ 3 ਸਾਲ ਦੇ ਸੇਵਾਕਾਲ ਮਗਰੋਂ ਪੀ. ਜੀ. ਕੋਰਸ ਕਰਨ ਦੀ ਆਗਿਆ ਦਿਤੀ ਜਾਂਦੀ ਸੀ।
Captain Amarinder Singh
ਹੁਣ ਇਸ ਸਮੇਂ ਨੂੰ 3 ਸਾਲ ਤੋਂ ਘਟਾ ਕੇ 1 ਸਾਲ ਕਰ ਦਿਤਾ ਗਿਆ ਹੈ ਅਤੇ ਡਾਕਟਰਾਂ ਨੂੰ ਅਪਣੇ ਪੀ.ਜੀ. ਕੋਰਸ ਦੇ ਸਮੇਂ ਦੌਰਾਨ ਬਣਦੀ ਛੁੱਟੀ ਦਿਤੀ ਜਾਵੇਗੀ। ਇਸ ਤੋਂ ਪਹਿਲਾਂ ਜਿਹੜੇ ਪੀ ਸੀ ਐਮ ਐਸ ਡਾਕਟਰ ਅਪਣਾ ਪਰਖਕਾਲ ਦਾ ਸਮਾਂ ਪੂਰਾ ਕਰਨ ਵਿਚ ਨਾਕਾਮ ਰਹਿੰਦੇ ਸਨ, ਉਹਨਾਂ ਨੂੰ ਬਣਦੀ ਛੁੱਟੀ ਨਹੀਂ ਦਿਤੀ ਜਾਂਦੀ ਸੀ ਅਤੇ ਪੀ.ਜੀ. ਕੋਰਸ ਸਮੇਂ ਦੌਰਾਨ ਉਹਨਾਂ ਦੇ ਸੇਵਾਕਾਲ ਨੂੰ 'ਡਾਇਸ-ਨਾਨ' (ਸਮਾਂ ਨਹੀਂ ਗਿਣਿਆ ਜਾਵੇਗਾ) ਸਮਝਿਆ ਜਾਂਦਾ ਸੀ। ਇਸ ਦੇ ਸਿੱਟੇ ਵਜੋਂ ਉਹਨਾਂ ਦੀ ਸੀਨੀਅਰਤਾ ਦਾ ਨੁਕਸਾਨ ਹੁੰਦਾ ਸੀ ਜਿਸ ਕਾਰਨ ਕਈ ਡਾਕਟਰਾਂ ਦਾ ਮਨੋਬਲ ਡਿੱਗਦਾ ਸੀ।
ਹੁਣ ਉਹਨਾਂ ਨੂੰ ਬਣਦੀ ਛੁੱਟੀ ਮਿਲੇਗੀ ਅਤੇ ਉਹਨਾਂ ਦੀ ਅਸਲ ਸੀਨੀਅਰਤਾ ਬਰਕਰਾਰ ਰਹੇਗੀ। ਪੀ.ਜੀ.ਆਈ. ਵਲੋਂ ਸਪਾਂਸਰ ਕੀਤੇ ਜਾਣ ਵਾਲੇ ਉਮੀਦਵਾਰਾਂ ਲਈ ਬਾਂਡ 15 ਸਾਲ ਜਾਂ 75 ਲੱਖ ਤੋਂ ਘਟਾ ਕੇ 10 ਸਾਲ ਜਾਂ 50 ਲੱਖ ਰੁਪਏ ਕਰ ਦਿਤਾ ਗਿਆ ਹੈ। ਸਿਹਤ ਮੰਤਰੀ ਨੇ ਕਿਹਾ ਕਿ ਉਹਨਾਂ ਦੀ ਇੱਛਾ ਹੈ ਕਿ ਪੀ.ਸੀ.ਐਮ.ਐਸ. ਡਾਕਟਰ ਜਿੰਨੀ ਜਲਦੀ ਹੋ ਸਕੇ, ਅਪਣੀ ਡਿਗਰੀ ਖ਼ਤਮ ਕਰਨ ਤਾਂ ਜੋ ਅਪਣਾ ਪੀ.ਜੀ. ਕੋਰਸ ਖ਼ਤਮ ਕਰਨ ਤੋਂ ਬਾਅਦ ਉਹ ਲੰਬੇ ਸਮੇਂ ਤੱਕ ਵਿਭਾਗ ਵਿਚ ਅਪਣੀ ਸੇਵਾ ਨਿਭਾ ਸਕਣ।