ਮਮਤਾ ਬੈਨਰਜੀ ਨੇ ਮੰਨੀਆਂ ਡਾਕਟਰਾਂ ਦੀਆਂ ਮੰਗਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਰੇਕ ਹਸਪਤਾਲ 'ਚ ਤਾਇਨਾਤ ਹੋਣਗੇ ਪੁਲਿਸ ਅਧਿਕਾਰੀ

After meeting with Mamata, doctors set to withdraw protest

ਕੋਲਕਾਤਾ : ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਸੁਰੱਖਿਆ ਦਾ ਭਰੋਸਾ ਮਿਲਣ ਤੋਂ ਬਾਅਦ ਸੋਮਵਾਰ ਨੂੰ ਬੰਗਾਲ ਦੇ ਡਾਕਟਰਾਂ ਨੇ ਹੜਤਾਲ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ। ਮਮਤਾ ਨੇ ਸਰਕਾਰੀ ਹਸਪਤਾਲਾਂ 'ਚ ਸ਼ਿਕਾਇਤ ਨਿਪਟਾਰਾ ਸੈਲ ਬਣਾਉਣ ਦੀ ਸਰਕਾਰੀ ਡਾਕਟਰਾਂ ਦੀ ਮੰਗ ਮੰਨ ਲਈ ਹੈ। ਇਸ ਤੋਂ ਇਲਾਵਾ ਹਰੇਕ ਹਸਪਤਾਲ 'ਚ ਇਕ ਨੋਡਲ ਪੁਲਿਸ ਅਧਿਕਾਰੀ ਤੈਨਾਤ ਕਰਨ ਦੇ ਆਦੇਸ਼ ਵੀ ਜਾਰੀ ਕੀਤੇ ਹਨ।  

ਜ਼ਿਕਰਯੋਗ ਹੈ ਕਿ ਬੀਤੀ 10 ਜੂਨ ਨੂੰ ਕੋਲਕਾਤਾ ਦੇ ਐਨਆਰਐਸ ਹਸਪਤਾਲ 'ਚ ਡਾਕਟਰਾਂ ਨਾਲ ਮਾਰਕੁੱਟ ਹੋਈ ਸੀ। ਇਸ ਘਟਨਾ ਦੇ ਵਿਰੋਧ 'ਚ 11 ਜੂਨ ਤੋਂ ਸੂਬੇ ਭਰ ਦੇ ਡਾਕਟਰ ਹੜਤਾਲ 'ਤੇ ਸਨ। ਮਮਤਾ ਨੂੰ ਡਾਕਟਰਾਂ ਦੇ ਵਫ਼ਦ ਨੇ ਕਿਹਾ ਕਿ ਹਸਪਤਾਲ 'ਚ ਡਾਕਟਰਾਂ ਨਾਲ ਹੋਈ ਮਾਰਕੁੱਟ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਮਿਲੇ। ਮੁੱਖ ਮੰਤਰੀ ਨੇ ਜਵਾਬ ਦਿੱਤਾ ਕਿ ਹਮਲੇ 'ਚ ਸ਼ਾਮਲ 5 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕਿਸੇ ਵੀ ਡਾਕਟਰ ਵਿਰੁੱਧ ਬੰਗਾਲ ਸਰਕਾਰ ਨੇ ਮਾਮਲਾ ਦਰਜ ਨਹੀਂ ਕਰਵਾਇਆ ਹੈ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਡਾਕਟਰਾਂ ਨੇ ਮਮਤਾ ਨਾਲ ਮੁਲਾਕਾਤ ਤੋਂ ਇਨਕਾਰ ਕਰ ਦਿੱਤਾ ਸੀ। ਡਾਕਟਰਾਂ ਦਾ ਕਹਿਣਾ ਸੀ ਕਿ ਬੰਦ ਕਮਰੇ 'ਚ ਉਹ ਕੋਈ ਗੱਲਬਾਤ ਨਹੀਂ ਕਰਨਗੇ। ਇਸ ਤੋਂ ਬਾਅਦ ਮਮਤਾ ਨੇ ਹਰੇਕ ਮੈਡੀਕਲ ਕਾਲਜ ਦੇ 2 ਡਾਕਟਰਾਂ ਨੂੰ ਮੁਲਾਕਾਤ ਲਈ ਬੁਲਾਇਆ ਅਤੇ ਕਿਹਾ ਕਿ ਇਹ ਗੱਲਬਾਤ ਮੀਡੀਆ ਦੇ ਸਾਹਮਣੇ ਹੋਵੇਗੀ।