ਸਾਰੇ ਪੁਲਿਸ ਮੁਲਾਜ਼ਮਾਂ ਦਾ ਹੋਵੇਗਾ ਡੋਪ ਟੈਸਟ, ਮਹਿਲਾ ਕਰਮਚਾਰੀਆਂ ਨੂੰ ਛੋਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਡਾਇਰੈਕਟਰ ਜਨਰਲ ਆਫ ਪੁਲਿਸ ਸੁਰੇਸ਼ ਅਰੋੜਾ ਨੇ ਸਾਰੇ ਪੁਲਿਸ ਅਧਿਕਾਰੀਆਂ ਨੂੰ ਨਿਰਦੇਸ਼ ਦਿਤੇ ਹਨ ਕਿ ਮਹਿਲਾ ਪੁਲਿਸ ਨੂੰ ਛੱਡ ਕੇ ਬਾਕੀ ਸਾਰੇ ਪੁਲਿਸ  ਮੁਲਾਜ਼ਮਾਂ ਦਾ...

Dope Test

ਫਰੀਦਕੋਟ : ਡਾਇਰੈਕਟਰ ਜਨਰਲ ਆਫ ਪੁਲਿਸ ਸੁਰੇਸ਼ ਅਰੋੜਾ ਨੇ ਸਾਰੇ ਪੁਲਿਸ ਅਧਿਕਾਰੀਆਂ ਨੂੰ ਨਿਰਦੇਸ਼ ਦਿਤੇ ਹਨ ਕਿ ਮਹਿਲਾ ਪੁਲਿਸ ਨੂੰ ਛੱਡ ਕੇ ਬਾਕੀ ਸਾਰੇ ਪੁਲਿਸ  ਮੁਲਾਜ਼ਮਾਂ ਦਾ ਡੋਪ ਟੈਸਟ ਕੀਤਾ ਜਾਵੇਗਾ। ਸ਼ੁੱਕਰਵਾਰ ਨੂੰ ਸਾਰੇ ਪੁਲਿਸ ਦਫ਼ਤਰਾਂ ਦੇ ਮੁਖ ਅਧਿਕਾਰੀਆਂ ਨੂੰ ਲਿਖੇ ਇਕ ਪੱਤਰ ਵਿਚ ਡੀਜੀਪੀ ਨੇ ਕਿਹਾ ਕਿ ਮਹਿਲਾ ਕਰਮਚਾਰੀਆਂ ਤੋਂ ਇਲਾਵਾ ਸਾਰੇ ਸਰਕਾਰੀ ਕਰਮਚਾਰੀਆਂ ਦਾ ਡੋਪ ਟੈਸਟ ਲਾਜ਼ਮੀ ਹੈ। ਪੰਜਾਬ ਪੁਲਿਸ ਦੇ ਸਾਰੇ ਜਵਾਨਾਂ ਨੂੰ ਵੀ ਡੋਪ ਟੈਸਟ ਤੋਂ ਲੰਘਨਾ ਹੋਵੇਗਾ।

ਜੇ ਕੋਈ ਕਰਮਚਾਰੀ ਡਾਕਟਰ ਦੀ ਸਲਾਹ 'ਤੇ ਕੋਈ ਦਵਾਈ ਲੈ ਰਿਹਾ ਹੈ, ਉਸ ਨੂੰ ਇਹ ਐਲਾਨ ਕਰਨ ਦੀ ਇਜਾਜ਼ਤ ਦਿੱਤੀ ਹੋਵੇਗੀ ਅਤੇ ਉਸ ਮੁਤਾਬਕ ਛੋਟ ਦਿਤੀ ਜਾਵੇਗੀ। ਪੰਜਾਬ ਸਰਕਾਰ ਦੇ ਸਾਰੇ ਸਰਕਾਰੀ ਮੁਲਾਜ਼ਮਾਂ ਦਾ ਡੋਪ ਟੈਸਟ ਕਰਵਾਨਾ ਲਾਜ਼ਮੀ ਐਲਾਨ ਕਰਨ ਤੋਂ ਬਾਅਦ ਡੀ.ਜੀ.ਪੀ. ਦਫ਼ਤਰ ਨੇ ਵੀ ਸਾਰੇ ਪੁਲਿਸ ਹੈਡ ਯਾਨੀ ਐਸ.ਐਸ.ਪੀ. ਅਤੇ ਪੁਲਿਸ ਕਮਿਸ਼ਨਰਾਂ ਨੂੰ ਪੱਤਰ ਲਿਖ ਸਾਰੇ ਪੁਲਿਸ ਮੁਲਾਜ਼ਮਾਂ ਦਾ ਡੋਪ ਟੈਸਟ ਕਰਨ ਨੂੰ ਕਿਹਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਨਸ਼ੇ ਦੇ ਵੱਧਦੇ ਕਹਿਰ ਤੋਂ ਬਾਅਦ ਸੱਭ ਤੋਂ ਜ਼ਿਆਦਾ ਇਲਜ਼ਾਮ ਪੰਜਾਬ ਪੁਲਿਸ ਦੇ ਜਵਾਨਾਂ 'ਤੇ ਹੀ ਲੱਗੇ ਸਨ।

ਨਾ ਸਿਰਫ਼ ਨਸ਼ਾ ਤਸਕਰੀ ਵਿਚ ਪੁਲਿਸ ਮੁਲਾਜ਼ਮਾਂ ਦੀ ਸ਼ਮੂਲੀਅਤ ਸਾਹਮਣੇ ਆਈ ਸੀ, ਸਗੋਂ ਨਸ਼ਾ ਲੈਣ ਦੇ ਮਾਮਲੇ ਵਿਚ ਵੀ ਪੁਲਿਸ ਜਵਾਨਾਂ 'ਤੇ ਉਗਲ ਉਠ ਰਹੀ ਸੀ। ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਹੁਣ ਕਈ ਪੁਲਿਸ ਜਵਾਨਾਂ ਦੀ ਨੌਕਰੀ 'ਤੇ ਵੀ ਖ਼ਤਰਾ ਮੰਡਰਾਉਣ ਲਗਿਆ ਹੈ। ਜੇਕਰ ਡੋਪ ਟੈਸਟ ਵਿਚ ਕੋਈ ਮੁਲਾਜ਼ਮ ਪਾਜੀਟਿਵ ਪਾਇਆ ਗਿਆ ਤਾਂ ਉਸ ਨੂੰ ਨੌਕਰੀ ਤੋਂ ਵੀ ਕੱਢਿਆ ਜਾ ਸਕਦਾ ਹੈ, ਇਸ ਲਈ ਅੰਦਰਖਾਤੇ ਪੁਲਿਸ ਜਵਾਨਾਂ ਵਿਚ ਇਸ ਡੋਪ ਟੈਸਟ ਨੂੰ ਲੈ ਕੇ ਖਾਸਾ ਗੁਸਾ ਪਾਇਆ ਜਾ ਰਿਹਾ ਹੈ।  

ਮੁਲਾਜ਼ਮ ਨਹੀਂ ਚਾਹੁੰਦੇ ਹਨ ਕਿ ਉਨ੍ਹਾਂ ਦਾ ਡੋਪ ਟੈਸਟ ਹੋਵੇ, ਇਸ ਦੇ ਲਈ ਅੰਦਰਖਾਤੇ ਕਈ ਤਰ੍ਹਾਂ ਦੇ ਜੁਗਾੜ ਲਗਾਏ ਜਾ ਰਹੇ ਹਨ। ਉਥੇ ਹੀ ਦੂਜੇ ਪਾਸੇ ਡੀ.ਜੀ.ਪੀ. ਦਫਤਰ ਨੇ ਇਹ ਸਾਫ਼ ਕੀਤਾ ਹੈ ਕਿ ਜੇਕਰ ਡਾਕਟਰ ਦੀ ਸਲਾਹ ਨਾਲ ਕੋਈ ਮੁਲਾਜ਼ਮ ਦਵਾਈ ਲੈ ਰਿਹਾ ਹੈ ਤਾਂ ਉਹ ਇਸ ਦੀ ਜਾਣਕਾਰੀ ਪਹਿਲਾਂ ਦੇ ਦੇਣ ਤਾਂਕਿ ਬਾਅਦ ਵਿਚ ਉਹ ਕਿਸੇ ਮੁਸੀਬਤ ਤੋਂ ਬੱਚ ਸਕੇ। ਹੁਣ ਦੇਖਣਾ ਹੋਵੇਗਾ ਕਿ ਸਰਕਾਰ ਅਤੇ ਡੀ.ਜੀ.ਪੀ. ਦਫ਼ਤਰ ਦੇ ਇਸ ਫੈਸਲੇ ਤੋਂ ਬਾਅਦ ਕਿੰਨੇ ਮੁਲਾਜ਼ਮ ਡੋਪ ਟੈਸਟ ਲਈ ਅੱਗੇ ਆਉਂਦੇ ਹਨ।